
ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਚੰਡੀਗੜ੍ਹ : ਸ਼ਹਿਰ 'ਚ ਇਕ ਘਰ ਦੇ ਬਾਹਰ ਖੜ੍ਹੀ ਕਾਰ 'ਤੇ ਦਰੱਖਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਅਮਿਤ ਕੁਮਾਰ ਨੇ ਦਸਿਆ ਕਿ ਉਹ ਮਕਾਨ ਨੰਬਰ 3227, ਸੈਕਟਰ 19 ਡੀ, ਚੰਡੀਗੜ੍ਹ ਦਾ ਵਸਨੀਕ ਹੈ, ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਕਾਰ ਆਪਣੇ ਘਰ ਦੇ ਬਾਹਰ ਖੜ੍ਹੀ ਕਰਦਾ ਹੈ। ਸ਼ੁੱਕਰਵਾਰ ਰਾਤ ਨੂੰ ਵੀ ਉਸ ਨੇ ਆਪਣੀ ਕਾਰ ਘਰ ਦੇ ਬਾਹਰ ਖੜ੍ਹੀ ਕਰ ਦਿਤੀ।
ਉਨ੍ਹਾਂ ਦਸਿਆ ਕਿ ਸਾਡੇ ਘਰ ਦੇ ਸਾਹਮਣੇ ਇੱਕ ਦਰੱਖਤ ਵੀ ਹੈ ਜੋ ਬਹੁਤ ਪੁਰਾਣਾ ਹੋ ਚੁੱਕਾ ਹੈ। ਅੱਜ ਸਵੇਰੇ ਉਸ ਨੇ ਘਰ ਦੇ ਬਾਹਰ ਜ਼ੋਰਦਾਰ ਆਵਾਜ਼ ਸੁਣੀ ਜਿਵੇਂ ਹੀ ਉਹ ਬਾਹਰ ਆਇਆ ਤਾਂ ਦੇਖਿਆ ਕਿ ਦਰੱਖਤ ਦਾ ਵੱਡਾ ਹਿੱਸਾ ਉਸ ਦੀ ਕਾਰ 'ਤੇ ਡਿੱਗਿਆ ਹੋਇਆ ਸੀ। ਘਟਨਾ 'ਚ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਅਮਿਤ ਕੁਮਾਰ ਨੇ ਦਸਿਆ ਕਿ ਜੇਕਰ ਕੁਝ ਸਮੇਂ ਬਾਅਦ ਇਹ ਡਿੱਗ ਜਾਂਦਾ ਤਾਂ ਕੁਝ ਜਾਨੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਬਰਸਾਤ ਕਾਰਨ ਗਲੀ ਵਿੱਚ ਆਵਾਜਾਈ ਬਹੁਤ ਘੱਟ ਸੀ। ਪ੍ਰਸ਼ਾਸਨ ਨੂੰ ਬਰਸਾਤਾਂ ਦੌਰਾਨ ਪੁਰਾਣੇ ਦਰੱਖਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।