
ਮਾਂ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਦੀ ਮੌਤ ਨਹਿਰ 'ਚ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਨੂੰ ਮਾਰ ਕੇ ਨਹਿਰ 'ਚ ਸੁੱਟ ਦਿਤਾ ਗਿਆ ਹੈ।
ਜਲੰਧਰ : ਪਿਛਲੇ 3 ਦਿਨਾਂ ਤੋਂ ਲਾਪਤਾ ਪੰਜਾਬੀ ਬਾਗ (ਪਠਾਨਕੋਟ ਬਾਈਪਾਸ) ਦੇ ਰਹਿਣ ਵਾਲੇ 12 ਸਾਲਾ ਮਾਸੂਮ ਅਜੇ ਦੀ ਲਾਸ਼ ਨਹਿਰ 'ਚ ਤੈਰਦੀ ਮਿਲੀ ਹੈ। ਮ੍ਰਿਤਕ ਅਜੇ ਦੀ ਮਾਂ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਦੀ ਮੌਤ ਨਹਿਰ 'ਚ ਡੁੱਬਣ ਕਾਰਨ ਨਹੀਂ ਹੋਈ, ਸਗੋਂ ਉਸ ਨੂੰ ਮਾਰ ਕੇ ਨਹਿਰ 'ਚ ਸੁੱਟ ਦਿਤਾ ਗਿਆ ਹੈ। ਉਸ ਦੇ ਪੁੱਤਰ ਦਾ ਕਤਲ ਕਰ ਦਿਤਾ ਗਿਆ ਹੈ। ਉਸ ਦੇ ਲੜਕੇ ਅਜੇ ਦੀ ਬੰਟੇ ਖੇਡਦੇ ਸਮੇਂ ਕੁਝ ਲੜਕਿਆਂ ਨਾਲ ਲੜਾਈ ਹੋ ਗਈ। ਉਹ ਉਸ ਨੂੰ ਗੱਲਾਂ ’ਚ ਲਗਾ ਕੇ ਬੱਲਾਂ ਨਹਿਰ ਕੋਲ ਲੈ ਗਏ।
ਪਹਿਲਾਂ ਲੜਕਿਆਂ ਨੇ ਨਹਿਰ 'ਤੇ ਉਸ ਦੇ ਸਿਰ 'ਤੇ ਪੱਥਰ ਮਾਰੇ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਚੁੱਕ ਕੇ ਨਹਿਰ ਵਿਚ ਸੁੱਟ ਦਿਤਾ। ਨਹਿਰ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਅਜੇ ਦੀ ਲਾਸ਼ ਗਦਾਈਪੁਰ ਪਹੁੰਚ ਗਈ ਸੀ ਅਤੇ ਫੁੱਲਣ ਕਾਰਨ ਉੱਪਰ ਤੈਰਨ ਲੱਗ ਗਈ ਸੀ। ਫਿਲਹਾਲ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਅਜੇ ਦੀ ਲਾਸ਼ ਪ੍ਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਹੈ।
ਜਾਣਕਾਰੀ ਮੁਤਾਬਕ ਅਜੇ ਅਪਣੇ 3 ਦੋਸਤਾਂ ਨਾਲ ਖੇਡਣ ਗਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਨਾ ਪਰਤਿਆ ਤਾਂ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਲੋਂ ਥਾਂ-ਥਾਂ ਭਾਲ ਕੀਤੀ ਗਈ। ਅਖੀਰ ਰਿਸ਼ਤੇਦਾਰਾਂ ਨੇ ਥਾਣਾ ਡਿਵੀਜ਼ਨ ਨੰਬਰ 8 ਵਿਚ ਅਜੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਮਾਂ ਦਾ ਦੋਸ਼ ਹੈ ਕਿ ਥਾਣਾ ਡਿਵੀਜ਼ਨ ਨੰਬਰ 8 ਨੇ ਉਸ ਨੂੰ ਪੁਲਿਸ ਚੌਕੀ ਗਦਾਈਪੁਰ ਭੇਜ ਦਿਤਾ। ਪੁਲਿਸ ਬੱਚੇ ਨੂੰ ਲੱਭਣ ਦੀ ਥਾਂ ਥਾਣਿਆਂ ਦੇ ਚੱਕਰ ਲਗਵਾਉਂਦੀ ਰਹੀ।