
ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਅੱਜ ਫਤਿਹਗੜ੍ਹ ਸਾਹਿਬ ਦੀ ਇਕ ਅਦਾਲਤ ਵਿਚ ਚਲ ਰਹੇ ਦੇਸ਼ ਧ੍ਰੋਹੀ ਦੇ ਮਾਮਲੇ ਵਿਚੋਂ ਬਰੀ ਹੋ ਗਏ ਹਨ.........
ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਅੱਜ ਫਤਿਹਗੜ੍ਹ ਸਾਹਿਬ ਦੀ ਇਕ ਅਦਾਲਤ ਵਿਚ ਚਲ ਰਹੇ ਦੇਸ਼ ਧ੍ਰੋਹੀ ਦੇ ਮਾਮਲੇ ਵਿਚੋਂ ਬਰੀ ਹੋ ਗਏ ਹਨ। ਸ. ਮਾਨ ਦੇ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਹਰਦੇਵ ਸਿੰਘ ਰਾਏ ਅਤੇ ਗੁਰਪ੍ਰੀਤ ਸਿੰਘ ਸੈਣੀ ਨੇ ਦਸਿਆ ਕਿ ਸਿਮਰਨਜੀਤ ਸਿੰਘ ਮਾਨ ਵਿਰੁਧ ਮੁੱਕਦਮਾ ਨਬੰਰ 23 ਮਿਤੀ 08-03-2006, ਜੇਰ ਧਾਰਾ 124-ਏ, 153-ਏ, 153-ਬੀ ਅਤੇ 505 ਆਈ.ਪੀ.ਸੀ. ਥਾਣਾ ਬਸੀ ਪਠਾਣਾ ਵਿਖੇ ਇਕ ਸੀ.ਡੀ. ਦੇ ਆਧਾਰ 'ਤੇ ਮੁੱਕਦਮਾ ਦਰਜ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਸਿਮਰਨਜੀਤ ਸਿੰਘ ਮਾਨ ਵਲੋਂ ਖਾਲਿਸਤਾਨ ਦੀ ਗੱਲ ਕੀਤੀ ਹੈ ਜੋ ਦੇਸ਼-ਧ੍ਰੋਹ ਹੈ,
ਪ੍ਰੰਤੂ ਅੱਜ ਮਾਨਯੋਗ ਜ਼ਿਲ੍ਹਾ ਸੈਸ਼ਨ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਆਰ.ਕੇ. ਵਸ਼ਿਸ਼ਟ ਵਲੋਂ ਸ. ਮਾਨ ਨੂੰ ਬਾਇੱਜ਼ਤ ਬਰੀ ਕਰਨ ਦੇ ਹੁਕਮ ਹੋਏ ਹਨ।
ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਅਤੇ ਲਖਵੀਰ ਸਿੰਘ ਮਹੇਸ਼ਪੁਰੀਆ ਨੇ ਕਿਹਾ ਕਿ ਸ. ਮਾਨ ਪਿਛਲੇ 30 ਸਾਲਾ ਤੋਂ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਲਈ ਬਾਦਲੀਲ ਢੰਗ ਰਾਹੀ ਕੌਮਾਂਤਰੀ ਪੱਧਰ ਤੇ ਲੜਾਈ ਲੜਦੇ ਆ ਰਹੇ ਹਨ, ਹਿੰਦੂਤਵ ਹੁਕਮਰਾਨਾਂ ਨੇ ਉਨ੍ਹਾਂ ਨੂੰ ਅਪਣੇ ਮਿਸ਼ਨ ਤੋਂ ਥਿੜਕਾਉਣ ਲਈ ਅਤੇ ਆਜ਼ਾਦੀ ਦੀ ਗੱਲ ਨੂੰ ਭੰਬਲਭੂਸੇ ਵਿਚ ਪਾਉਣ ਲਈ ਮੰਦਭਾਵਨਾ ਅਧੀਨ ਪੰਜਾਬ ਅਤੇ ਹੋਰ ਸਥਾਨਾਂ ਉਤੇ ਇਕ ਡੂੰਘੀ ਸਾਜ਼ਿਸ ਤਹਿਤ ਕੋਈ 75 ਦੇ ਕਰੀਬ
ਬਗ਼ਾਵਤ ਅਤੇ ਦੇਸ਼ ਧ੍ਰੋਹੀ ਦੇ ਕੇਸ ਦਰਜ ਕਰਵਾਏ ਸਨ, ਜਿਨ੍ਹਾਂ ਵਿਚੋਂ ਸ. ਮਾਨ 74 ਕੇਸਾਂ 'ਚੋਂ ਪਹਿਲੋ ਹੀ ਬਾਇੱਜ਼ਤ ਬਰੀ ਹੋ ਚੁੱਕੇ ਹਨ। ਇਸ ਮੌਕੇ ਸ. ਮਾਨ ਨੇ ਮਾਨਯੋਗ ਅਦਾਲਤ ਵਲੋਂ ਸੁਣਾਏ ਗਏ ਫੈਸਲੇ ਦਾ ਸਵਾਗਤ ਕੀਤਾ। ਸ. ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਸਮੇਂ ਉਨ੍ਹਾਂ ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਸਰਕਾਰ ਵਲੋਂ ਮੁੱਕਦਮਾ ਮਨਜ਼ੂਰੀ ਲੈਣ ਲਈ ਭੇਜਿਆ ਪਰ ਉਸ ਵਕਤ ਗ੍ਰਹਿ ਵਿਭਾਗ ਵਲੋਂ ਮਨਜੂਰੀ ਨਹੀਂ ਦਿਤੀ ਗਈ ਸੀ।
ਜਦਕਿ ਛੇ ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਹਿੰਦੂ ਵੋਟ ਖ਼ੁਸ਼ ਕਰਨ ਤੇ ਸਿਆਸੀ ਲਾਭ ਲੈਣ ਲਈ 2012 ਵਿਚ ਚਲਾਨ ਪੇਸ਼ ਕਰਵਾ ਦਿਤਾ ਗਿਆ। ਸ. ਮਾਨ ਨੇ ਸਪਸ਼ਟ ਕੀਤਾ ਕਿ ਸ਼ਾਂਤੀ ਪੂਰਵਕ ਅਪਣੀ ਗੱਲ ਰੱਖਣਾ ਕੋਈ ਦੇਸ਼-ਧ੍ਰੋਹ ਨਹੀਂ ਹੈ।
ਸ. ਮਾਨ ਨੇ ਕਿਹਾ ਕਿ ਉਨ੍ਹਾਂ ਨੂੰ 12 ਸਾਲ ਬੇਲੋੜੇ ਤੇ ਸਿਆਸੀ ਕਾਰਨਾਂ ਕਰ ਕੇ ਹੈਰਾਨ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦਿਮਾਗੀ ਪ੍ਰੇਸ਼ਾਨੀ ਦਾ ਸਾਮਹਣਾ ਕਰਨ ਦੇ ਨਾਲਕੀਮਤੀ ਸਮਾਂ ਵੀ ਖ਼ਰਾਬ ਹੋਇਆ ਹੈ।