ਸ਼੍ਰੋਮਣੀ ਕਮੇਟੀ 'ਚ ਤਾਂ ਸੁਖਬੀਰ ਬਾਦਲ ਦੀ ਇਜਾਜ਼ਤ ਬਗੈਰ ਪੱਤਾ ਵੀ ਨਹੀਂ ਹਿਲਦਾ : ਸੇਵਾ ਸਿੰਘ ਸੇਖਵਾਂ
Published : Sep 8, 2020, 9:33 pm IST
Updated : Sep 8, 2020, 9:33 pm IST
SHARE ARTICLE
Sewa Singh Sekhwan
Sewa Singh Sekhwan

ਵਿਸ਼ੇਸ਼ ਇੰਟਰਵਿਊ ਦੌਰਾਨ ਬਾਦਲ ਪਰਵਾਰ ਸਮੇਤ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ 'ਤੇ ਰੱਖੀ ਉਂਗਲ

ਚੰਡੀਗੜ੍ਹ : ਰੋਜ਼ਾਨਾ ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਵਲੋਂ ਸ਼੍ਰੋਮਣੀ ਅਕਾਲੀ ਦਲ (ਡ੍ਰੈਮੋਕ੍ਰੈਟਿਕ) ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਦੇ ਮਾਮਲੇ ਤੋਂ ਇਲਾਵਾ ਹੋਰ ਅਨੇਕਾਂ ਮੁੱਦਿਆਂ ਨੂੰ ਛੋਹਿਆ ਗਿਆ ਜਿਨ੍ਹਾਂ ਦੇ ਜਵਾਬ 'ਚ ਸ. ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵੱਡੇ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਾਰੇ ਬੇਬਾਕ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ 'ਚ ਆ ਚੁੱਕੇ ਪ੍ਰਬੰਧਕੀ ਵਿਗਾੜ ਅਤੇ ਇਸ ਪਿਛਲੇ ਕਾਰਨਾਂ ਅਤੇ ਸ਼੍ਰੋਮਣੀ ਕਮੇਟੀ 'ਤੇ ਸੁਖਬੀਰ ਬਾਦਲ ਦੇ ਗਲਬੇ ਬਾਰੇ ਵੀ ਖੁਲ੍ਹ ਕੇ ਵਿਚਾਰ ਸਾਂਝੇ ਕੀਤੇ। ਪੇਸ਼ ਹਨ ਇੰਟਰਵਿਊ ਦੌਰਾਨ ਸੇਵਾ ਸਿੰਘ ਸੇਖਵਾਂ ਵਲੋਂ ਕੀਤੀਆਂ ਗਈਆਂ ਵਿਸ਼ੇਸ ਟਿੱਪਣੀਆਂ ਦੇ ਕੁੱਝ ਅੰਸ਼ :
ਸਵਾਲ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਬਾਅਦ 'ਚ ਯੂ-ਟਰਨ ਲੈਂਦਿਆਂ ਇਸ ਦੇ ਹੱਥ ਪਿੱਛੇ ਖਿੱਚ ਲਏ ਗਏ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਡੈਮੌਕ੍ਰੈਟਿਕ) ਵਲੋਂ ਬੀਤੇ ਦਿਨੀਂ ਪਾਰਟੀ ਮੀਟਿੰਗ ਦੌਰਾਨ ਅਹਿਮ ਫ਼ੈਸਲੇ ਲਏ ਗਏ ਹਨ। ਇਹ ਕਿਹੜੇ ਫ਼ੈਸਲੇ ਹਨ, ਇਨ੍ਹਾਂ ਬਾਰੇ ਚਾਨਣਾ ਪਾਓ?
ਜਵਾਬ :
ਬੀਤੇ ਦਿਨ ਹੋਈ ਮੀਟਿੰਗ 'ਚ ਅਸੀਂ ਪੰਜ ਫ਼ੈਸਲੇ ਲਏ ਹਨ। ਪਹਿਲਾ ਫ਼ੈਸਲਾ ਗੁਰੂ ਮਹਾਰਾਜ ਦੇ ਸਰੂਪ ਸਬੰਧੀ ਹੈ। ਸਰੂਪ ਚੋਰੀ ਸਬੰਧੀ ਜਿਹੜੀ ਰਿਪੋਰਟ ਪਹਿਲੇ ਦਿਨ ਆਈ ਸੀ, ਉਹ ਜਨਤਕ ਨਹੀਂ ਸੀ ਕੀਤੀ ਗਈ। ਹੁਣ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਉਹ 10 ਪੰਨੇ ਦੀ ਹੈ ਜਦਕਿ ਰਿਪੋਰਟ ਦੇ ਕੁੱਲ ਪੇਜ਼ 1000 ਦੱਸੇ ਜਾ ਰਹੇ ਹਨ। ਸਾਡੀ ਪਹਿਲੀ ਮੰਗ 1000 ਪੇਜ਼ ਦੀ ਰਿਪੋਰਟ ਵੈਬਾਸਾਈਟ 'ਤੇ ਪਾਉਣ ਸਬੰਧੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਪਰ ਜਿਹੜੀ 10 ਪੇਜ ਦੀ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ਵਿਚ ਵੀ ਸ਼੍ਰੋਮਣੀ ਕਮੇਟੀ ਨੇ ਪਹਿਲਾਂ 27 ਤਰੀਕ ਨੂੰ  ਹੋਈ ਮੀਟਿੰਗ ਦੌਰਾਨ ਮਾਮਲੇ 'ਚ ਜਿਹੜੇ ਵਿਅਕਤੀਆਂ 'ਤੇ ਉਂਗਲ ਉਠੀ ਸੀ, ਉਨ੍ਹਾਂ ਖਿਲਾਫ਼ ਕਾਰਵਾਈ ਦੀ ਗੱਲ ਕੀਤੀ ਗਈ ਸੀ। ਪਰ ਬਾਅਦ 'ਚ ਹੋਈ ਮੀਟਿੰਗ ਦੌਰਾਨ ਪਹਿਲੇ ਫ਼ੈਸਲੇ 'ਤੇ ਯੂ-ਟਰਨ ਲੈਂਦਿਆਂ ਐਲਾਨ ਕਰ ਦਿਤਾ ਕਿ ਅਸੀਂ ਇਸ ਮਾਮਲੇ 'ਚ ਪੁਲਿਸ ਕਾਰਵਾਈ ਨਹੀਂ ਚਾਹੁੰਦੇ।
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਹੈ ਕਿ ਉਹ ਇਸ ਗੱਲ ਦਾ ਸਪੱਸ਼ਟੀਕਰਨ ਦੇਣ ਕਿ ਇਹ ਯੂ-ਟਰਨ ਕਿਉਂ ਲਿਆ ਗਿਆ ਹੈ? ਮੀਟਿੰਗ 'ਚ ਲਏ ਗਏ ਫ਼ੈਸਲੇ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾਇਆ ਜਾਵੇਗਾ। ਅਸੀਂ ਸਿਆਸੀ ਆਗੂਆਂ ਵਜੋਂ ਨਹੀਂ ਬਲਕਿ ਨਿਮਾਣੇ ਸਿੱਖ ਵਜੋਂ ਸਵਾਲ ਪੁਛਾਂਗੇ ਕਿ ਜਿਹੜੀ ਰਿਪੋਰਟ ਆਈ ਹੈ, ਇਸ ਵਿਚ ਇਸ ਗੱਲ ਦੀ ਜ਼ਿਕਰ ਨਹੀਂ ਹੈ ਕਿ ਜਿਹੜੇ ਸਰੂਪ ਚੋਰੀ ਹੋ ਚੁੱਕੇ ਹਨ, ਉਹ ਇਸ ਵੇਲੇ ਕਿੱਥੇ ਹਨ ਤੇ ਕਿਸ ਹਾਲਤ ਵਿਚ ਹਨ। ਦੂਜੀ ਗੱਲ ਇਸ ਲਈ ਜ਼ਿੰਮੇਵਾਰ ਕੌਣ ਹਨ। ਗੁਰੂ ਮਹਾਰਾਜ ਦੇ ਸਰੂਪ ਨੂੰ ਜੀਵਤ ਗੁਰੂ ਮੰਨਿਆ ਜਾਂਦਾ ਹੈ, ਜਿਸ ਨੂੰ ਸੁਪਰੀਮ ਕੋਰਟ ਵੀ ਮਾਨਤਾ ਦੇ ਚੁੱਕੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਸਾਂਭ-ਸੰਭਾਲ ਦੀ ਵੀ ਇਕ ਮਰਿਆਦਾ ਹੈ। ਕੀ ਗਾਇਬ ਹੋ ਚੁੱਕੇ ਗੁਰੂ ਮਹਾਰਾਜ ਦੇ ਸਰੂਪਾਂ ਦੇ ਮਾਮਲੇ 'ਚ ਇਹ ਸਭ ਕੁੱਝ ਹੋ ਰਿਹਾ ਹੈ ਜਾਂ ਨਹੀਂ।

Sewa Singh SekhwanSewa Singh Sekhwan

ਸਵਾਲ : ਸੇਖਵਾ ਸਾਹਿਬ , ਮੀਟਿੰਗ ਦੌਰਾਨ ਜਿਹੜੇ ਮਸਲੇ ਵਿਚਾਲੇ ਗਏ ਹਨ, ਉਨ੍ਹਾਂ 'ਤੇ ਵੀ ਗੱਲ ਕਰਾਂਗੇ, ਪਰ ਵੱਡਾ ਸਵਾਲ ਇਹ ਹੈ ਕਿ ਪਹਿਲਾਂ ਕਿਹਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਇਬ ਹੋਏ ਹਨ। ਬਾਅਦ 'ਚ ਆਈ ਰਿਪੋਰਟ 'ਚ 328 ਦਾ ਜ਼ਿਕਰ ਹੋਇਆ, ਬਾਅਦ 'ਚ 500 ਤੇ ਹੁਣ 500 ਤੋਂ ਵੀ ਵੱਧ ਅੰਕੜਾ ਦਸਿਆ ਜਾ ਰਿਹਾ ਹੈ। ਤੁਹਾਡੇ ਹਿਸਾਬ ਨਾਲ ਇਹ ਅੰਕੜਾ ਹੋਰ ਕਿੰਨਾ ਵੱਧ ਸਕਦਾ ਹੈ? ਕਿਉਂਕਿ ਇਹ ਅੰਕੜਾ ਕੇਵਲ ਇਕ ਸਾਲ ਦਾ ਹੀ ਸਾਹਮਣੇ ਆਇਆ ਹੈ ਜਦਕਿ ਬਾਕੀ ਸਮੇਂ ਦਾ ਆਡਿਟ ਹੋਣਾ ਅਜੇ ਬਾਕੀ ਹੈ।
ਜਵਾਬ :
ਵੇਖੋ ਜੀ, ਜਾਂਚ ਕਰ ਰਹੀ ਟੀਮ ਨੇ ਸਰੂਪਾਂ ਦੀ ਗਿਣਤੀ 328 ਦੱਸੀ ਹੈ, ਪਰ ਇਹ 2012 ਤੋਂ ਲੈ ਕੇ 2016 ਤਕ ਦੀ ਰਿਪੋਰਟ ਹੈ। ਉਸ ਤੋਂ ਬਾਅਦ ਕਿੰਨੇ ਸਰੂਪ ਗਏ, ਉਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਹ 267 ਵਾਲੀ ਗਿਣਤੀ ਨੂੰ ਸਾਜ਼ਿਸ਼ ਤਹਿਤ ਪੂਰਾ ਕਰਨਾ ਚਾਹੁੰਦੇ ਸਨ। ਇਸ ਲਈ ਇਨ੍ਹਾਂ ਨੇ ਪਹਿਲਾਂ ਕਿਹਾ ਕਿ 61 ਸਰੂਪ ਹੋਰ ਹਨ ਅਤੇ 125 ਹੋਰ ਹਨ। ਇਸ ਤਰ੍ਹਾਂ ਵੀ ਗਿਣਤੀ ਪੂਰੀ ਨਹੀਂ ਸੀ ਹੁੰਦੀ। ਫਿਰ ਇਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ 80 ਸਰੂਪ ਅਗਨ ਭੇਂਟ ਹੋ ਗਏ ਸਨ। ਇਸ ਸਬੰਧੀ ਇਨ੍ਹਾਂ ਨੇ ਇਕ ਚਿੱਠੀ ਵੀ ਜਾਰੀ ਕੀਤੀ ਸੀ ਜਿਸ 'ਤੇ ਬਾਅਦ 'ਚ ਕੋਈ ਕਾਰਵਾਈ ਨਹੀਂ ਹੋਈ। ਇਹ ਸਭ 267 ਸਰੂਪ ਪੂਰੇ ਕਰਨ ਦੀ ਸਾਜ਼ਿਸ਼ ਤਹਿਤ ਕੀਤਾ ਗਿਆ। ਇਸ ਦਾ ਅੰਦਾਜ਼ਾ 61+125+80=266 ਦੇ ਕੁੱਲ ਜੋੜ ਤੋਂ ਲਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਗਿਣਤੀ 266 ਬਣਦੀ ਹੈ। ਇਨ੍ਹਾਂ ਦਾ ਮਕਸਦ 267 ਘਟਦੇ ਸਰੂਪਾਂ ਦੀ ਗਿਣਤੀ ਇਸ ਤਰ੍ਹਾਂ ਪੂਰੀ ਕਰਨ ਦਾ ਸੀ। ਹੁਣ ਜਾਂਚ ਟੀਮ ਨੇ ਖੁਲਾਸਾ ਕੀਤਾ ਹੈ ਕਿ ਇਹ ਗਿਣਤੀ 267 ਨਹੀਂ, 328 ਹੈ। ਇਸ ਹਿਸਾਬ ਨਾਲ ਜੇਕਰ 2016 ਤੋਂ ਬਾਅਦ ਵਾਲੇ ਸਮੇਂ ਦੀ ਗਿਣਤੀ ਕੀਤੀ ਜਾਵੇ ਤਾਂ ਸਰੂਪਾਂ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ਸਕਦੀ ਹੈ।

Sewa Singh SekhwanSewa Singh Sekhwan

ਸਵਾਲ : ਸੇਖੋਂ ਸਾਹਿਬ, ਲੇਜ਼ਰਾਂ 'ਚ ਬਹੁਤ ਜ਼ਿਆਦਾ ਹੇਰ-ਫੇਰ ਸਾਹਮਣੇ ਆ ਰਿਹੈ। ਲੇਜ਼ਰਾਂ 'ਚ ਕਾਫ਼ੀ ਕੱਟ-ਵੱਟ ਵੀ ਕੀਤੀ ਗਈ  ਹੈ ਜੋ ਆਮ ਤੌਰ 'ਤੇ ਮਨਜ਼ੂਰ ਨਹੀਂ ਕੀਤੀ ਜਾਂਦੀ। ਤੁਹਾਡੇ ਹਿਸਾਬ ਨਾਲ ਇਸ ਲਈ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਕਿਹਾ ਜਾਂਦੈ ਕਿ ਇਕ ਫ਼ੋਨ ਆਉਂਦਾ ਹੈ, ਜਿਸ ਤੋਂ ਬਾਅਦ ਬਗੈਰ ਕਿਸੇ ਜਾਂਚ ਦੇ ਸਰੂਪ ਦੇ ਦਿਤਾ ਜਾਂਦਾ ਸੀ?
ਜਵਾਬ :
ਵੇਖੋ, ਮੈਂ ਸਮਝਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੈ। ਕਿਉਂਕਿ ਇਹ ਜੱਗ ਜਾਹਰ ਹੈ ਕਿ ਉਨ੍ਹਾਂ ਦੇ ਹੁਕਮ ਤੋਂ ਬਗੈਰ ਸ਼੍ਰੋਮਣੀ ਕਮੇਟੀ ਅੰਦਰ ਪੱਤਾ ਵੀ ਨਹੀਂ ਹਿਲਦਾ। ਇੱਥੋਂ ਤਕ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਉਹਦੀ ਸਿਫਾਰਸ਼ ਨਾਲ ਲੱਗਦਾ ਹੈ। ਕਿਸੇ ਗੁਰਦੁਆਰਾ ਦੇ ਮੈਨੇਜਰ ਦੀ ਨਿਯਕਤੀ ਵੀ ਉਹਦੇ ਕਹਿਣ 'ਤੇ ਹੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦਾ ਕੋਈ ਵੀ ਕੰਮ ਸੁਖਬੀਰ ਤੋਂ ਬਿਨਾਂ ਨਹੀਂ ਹੁੰਦਾ। ਜਾਂਚ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਥੇ ਐਡੀਟਰ ਲਾਇਆ ਸੀ, ਜੋ ਸੀਏ ਹੈ। ਉਹਦੀ ਆਪਣੀ ਕੰਪਨੀ ਹੈ ਅਤੇ ਉਸ ਨੂੰ ਸਾਲ ਦੀ 1 ਕਰੋੜ ਤਨਖ਼ਾਹ ਦਿਤੀ ਜਾਂਦੀ ਸੀ। ਇਸ 'ਤੇ ਪੈਣ ਵਾਲਾ ਇਨਕਮ ਟੈਕਸ ਵੀ ਸ਼੍ਰੋਮਣੀ ਕਮੇਟੀ ਦਿੰਦੀ ਸੀ। ਉਹ ਵਿਅਕਤੀ 10 ਸਾਲਾਂ ਦੀ ਤਨਖ਼ਾਹ ਲੈ ਚੁੱਕਾ ਹੈ ਪਰ ਉਸ ਨੂੰ ਜਿਹੜੇ ਚਾਰ ਕੰਮ ਦਿਤੇ ਸਨ, ਉਨ੍ਹਾਂ 'ਚੋਂ ਤਿੰਨ ਉਸ ਨੇ ਅਜੇ ਤਕ ਸ਼ੁਰੂ ਹੀ ਨਹੀਂ ਕੀਤੇ। ਇਕ ਜਿਹੜਾ ਕੰਮ ਕੀਤਾ ਹੈ, ਉਹ ਵੀ ਅਜੇ ਅਧੂਰਾ ਹੈ। ਜੇਕਰ ਉਸ ਦਾ ਇਹ ਕੰਮ ਪੂਰਾ ਹੁੰਦਾ ਤਾਂ ਸਰੂਪ ਗਾਇਬ ਨਹੀਂ ਸੀ ਹੋਣੇ।

Sewa Singh SekhwanSewa Singh Sekhwan

ਸਵਾਲ : ਹੁਣ ਤਾਂ ਉਨ੍ਹਾਂ ਤੋਂ ਪੈਸੇ ਵਾਪਸ ਲੈਣ ਦੇ ਬਿਆਨ ਦਿਤੇ ਜਾ ਰਹੇ ਹਨ...?
ਜਵਾਬ :
ਵੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਤਾ ਕੀਤਾ ਜਾਵੇ ਕਿ ਉਹ ਬੰਦਾ ਹੈ ਕੌਣ? ਹਕੀਕਤ 'ਚ ਉਹ ਇਕ ਸੀਏ ਹੈ ਜੋ ਸੁਖਬੀਰ ਬਾਦਲ ਦੀਆਂ ਜਿੰਨੀਆਂ ਵੀ ਕੰਪਨੀਆਂ ਹਨ, ਉਨ੍ਹਾਂ ਦਾ ਕੰਮਕਾਰ ਉਹ ਹੀ ਵੇਖਦਾ ਹੈ। ਕੰਮ ਉਹ ਸੁਖਬੀਰ ਬਾਦਲ ਦਾ ਕਰਦਾ ਹੈ ਜਦਕਿ ਤਨਖ਼ਾਹ ਸ਼੍ਰੋਮਣੀ ਕਮੇਟੀ ਦੇ ਖ਼ਾਤੇ 'ਚੋਂ ਲੈਂਦਾ ਹੈ। ਇਸ ਗੱਲ ਨੂੰ ਮਹਿਸੂਸ ਕਰਦਿਆਂ ਜਾਂਚ ਟੀਮ ਨੇ ਮਹਿਸੂਸ ਕੀਤਾ ਕਿ ਜਿਹੜੇ ਚਾਰ ਕੰਮ ਇਸ ਨੂੰ ਦਿਤੇ ਸਨ, ਉਹ ਤਾਂ ਇਸ ਨੇ ਪੂਰੇ ਨਹੀਂ ਕੀਤੇ, ਇਕ ਕੰਮ ਇਸ ਨੇ ਕੀਤਾ ਹੈ, ਭਾਵੇਂ ਉਹ ਅਧੂਰਾ ਹੀ ਹੈ। ਇਹ ਅਪਣਾ 25 ਫ਼ੀ ਸਦੀ ਹਿੱਸਾ ਰੱਖ ਲਵੇ ਅਤੇ ਬਾਕੀ 75 ਫ਼ੀ ਸਦੀ ਹਿੱਸਾ ਵਾਪਸ ਕਰੇ। ਹੁਣ ਜਾਂਚ ਟੀਮ ਨੇ ਉਸ ਵਿਅਕਤੀ ਨੂੰ 7.5 ਕਰੋੜ (ਸਾਢੇ ਸੱਤ ਕਰੋੜ) ਰੁਪਏ ਵਾਪਸ ਕਰਨ ਲਈ ਕਿਹਾ ਹੈ।

Sewa Singh SekhwanSewa Singh Sekhwan

ਸਵਾਲ: ਤੁਹਾਨੂੰ ਲੱਗਦੈ ਕਿ ਉਹ ਪੈਸੇ ਵਾਪਸ ਕਰੇਗਾ? ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਉਹ ਸੁਖਬੀਰ ਬਾਦਲ ਲਈ ਕੰਮ ਕਰਦੈ ਤੇ ਸੁਖਬੀਰ ਬਾਦਲ ਬਗੈਰ ਸ਼੍ਰੋਮਣੀ ਕਮੇਟੀ ਅੰਦਰ ਪੱਤਾ ਵੀ ਨਹੀਂ ਹਿਲਦਾ?
ਜਵਾਬ :
ਅਸੀਂ ਕਿਹੜੀ ਮਰਜ਼ ਦੀ ਦਵਾ ਹਾਂ? ਅਸੀਂ ਸਾਧ ਸੰਗਤ ਦਾ ਪ੍ਰੈਸ਼ਰ ਇੰਨਾ ਕਰ ਦਿਆਂਗਾ ਕਿ ਗੁਰੂ ਘਰ ਦਾ ਖਾਧੇ ਪੈਸੇ ਇਨ੍ਹਾਂ ਨੂੰ ਵਾਪਸ ਦੇਣੇ ਪੈਣਗੇ। ਇਹ ਜਿਹੜਾ ਕੋਹਲੀ ਹੈ, ਇਹ ਕੇਵਲ ਇਨ੍ਹਾਂ ਚਾਰ ਕੰਮਾਂ ਤਕ ਸੀਮਤ ਨਹੀਂ ਰਿਹਾ। ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਠੇਕੇ ਇਹਦੇ ਆਉਣ ਤੋਂ ਬਾਅਦ ਹੋਏ ਹਨ, ਉਹ ਭਾਵੇਂ ਬਿਲਡਿੰਗਾਂ ਦੇ ਠੇਕੇ ਨੇ, ਭਾਵੇਂ ਉਹ ਲਾਈਟਾਂ ਦੇ ਠੇਕੇ ਨੇ, ਭਾਵੇਂ ਉਹ ਕਿਸੇ ਵੀ ਖ਼ਰੀਦ ਦੇ ਠੇਕੇ ਨੇ, ਸਾਰਿਆਂ 'ਚ ਇਸ ਦੀ ਤੂਤੀ ਬੋਲਦੀ ਸੀ। ਇੱਥੋਂ ਤਕ ਕਿ ਪ੍ਰਧਾਨ ਤਕ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਕਿਹੜਾ ਠੇਕਾ ਕਿੰਨੇ ਦਾ ਹੋਇਐ। ਸਾਰੇ ਠੇਕੇ ਇਨ੍ਹਾਂ ਦੀਆਂ ਅਪਣੀਆਂ ਫ਼ਰਮਾਂ ਹੀ ਲੈਂਦੀਆਂ ਰਹੀਆਂ ਹਨ। ਮਿਸਾਲ ਦੇ ਤੌਰ 'ਤੇ ਜਿਹੜੀਆਂ ਐਲਈਡੀ ਲਾਈਟਾਂ ਲੱਗੀਆਂ ਹਨ, ਉਹ ਢਾਈ ਕਰੋੜ 'ਚ ਲੱਗ ਸਕਦੀਆਂ ਸਨ, ਲੇਕਿਨ ਸਾਢੇ 12 ਕਰੋੜ 'ਚ ਲਾਈਆਂ ਗਈਆਂ ਹਨ। ਮੀਟਿੰਗ ਦੌਰਾਨ ਇਕ ਐਡੀਸ਼ਨਲ ਸੈਕਟਰੀ ਨੇ ਕਿਹਾ ਕਿ ਇਹ ਲਾਈਟਾਂ ਅਮਰੀਕਾ ਤੋਂ ਆਉਣਗੀਆਂ, ਕਿਉਂ ਨਾ ਆਪਾਂ ਅਮਰੀਕਾ ਤੋਂ ਸਿੱਧੀਆਂ ਮੰਗਵਾ ਲਈਏ। ਜਿਹੜੀਆਂ ਕੰਪਨੀਆਂ ਨੂੰ ਆਪਾਂ ਠੇਕਾ ਦੇ ਰਹੇ ਹਾਂ, ਇਨ੍ਹਾਂ ਨੂੰ ਵਿਚ ਲਏ ਬਿਨਾਂ ਇਹੀ ਲਾਈਟਾਂ ਢਾਈ ਕਰੋੜ ਦੀਆਂ ਆ ਜਾਣਗੀਆਂ। ਪਰ ਉਸ ਦੀ ਗੱਲ ਨਹੀਂ ਮੰਨੀ ਅਤੇ ਠੇਕਾ ਇਨ੍ਹਾਂ ਦੀਆਂ ਕੰਪਨੀਆਂ ਦਿਤਾ ਗਿਆ ਜਿਨ੍ਹਾਂ ਨੇ ਪਹਿਲਾਂ 16 ਕਰੋੜ ਦਾ ਬਜਟ ਦਸਿਆ ਅਤੇ ਬਾਅਦ 'ਚ ਮੀਟਿੰਗ 'ਚ ਜ਼ਿਆਦਾ ਮਹਿੰਗੀਆਂ ਹੋਣ ਦਾ ਰੌਲਾ ਪੈਣ 'ਤੇ ਇਹ ਸੌਦਾ 12 ਕਰੋੜ ਦਾ ਹੋਇਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਰੌਲਾ ਪਿਆ ਸੀ, ਜਦੋਂ ਇਨ੍ਹਾਂ ਨੇ ਸਾਢੇ 12 ਕਰੋੜ ਦਾ ਪੰਡਾਲ ਹੀ ਲਗਾ ਦਿਤਾ ਸੀ। ਪੰਡਾਲ ਲਾਉਣ ਵਾਲੀ ਕੰਪਨੀ ਪੀਟੀਸੀ ਚੈਨਲ ਵਾਲਿਆਂ ਦੀ ਸੀ ਜੋ ਸਭ ਨੂੰ ਪਤੈ ਕਿ ਸੁਖਬੀਰ ਬਾਦਲ ਦੀ ਕੰਪਨੀ ਹੈ। ਸੋ ਇਸ ਢੰਗ ਨਾਲ ਕੋਹਲੀ ਰਾਹੀਂ ਸਾਰਾ ਪੈਸਾ ਹੜੱਪਿਆ ਗਿਆ ਹੈ।

Sewa Singh SekhwanSewa Singh Sekhwan

ਸਵਾਲ : ਪ੍ਰਧਾਨ ਸਾਹਿਬ, ਇਸ ਪਿੱਛੇ ਦੀ ਕਹਾਣੀ ਕੀ ਹੈ, ਇਹ ਸਰੂਪ ਜਾਂਦੇ ਕਿੱਥੇ ਰਹੇ ਹਨ, ਇਸ ਬਾਰੇ ਕਿਵੇਂ ਪਤਾ ਲੱਗੇਗਾ?
ਜਵਾਬ :
ਵੇਖੋ, ਇਹ ਤਾਂ ਜਾਂਚ ਹੋਣੀ ਚਾਹੀਦੀ ਹੈ। ਫਿਰ ਪਤਾ ਲੱਗ ਸਕਦੈ। ਐਦਾ ਕੋਈ ਵੀ ਪਤਾ ਨਹੀਂ ਲੱਗ ਸਕਦਾ। ਮੈਂ ਲੌਂਗੋਵਾਲ ਸਾਹਿਬ ਨੂੰ ਕਹੂੰਗਾ, ਐਗਜ਼ੈਕਟਿਵ ਮੈਂਬਰ ਸਾਹਿਬਾਨ ਨੂੰ ਵੀ ਕਹਾਂਗਾ ਕਿ ਤੁਹਾਡੇ ਕੋਲ ਕਿਹੜਾ ਪੈਮਾਨਾ ਹੈ, ਤੁਹਾਡੇ ਕੋਲ ਕਿਹੜੀ ਮਸ਼ੀਨ ਹੈ, ਜਿਹੜੀ ਲਾ ਕੇ ਇਨ੍ਹਾਂ ਮੁਲਾਜ਼ਮਾਂ ਪੁਛ ਲਵੋਗੇ ਕਿ ਇਹ ਸਰੂਪ ਕਿੱਥੇ ਗਏ ਹਨ। ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਇਹ ਕਿਸ ਨੇ ਦੁਆਏ ਹਨ ਅਤੇ ਕਿੱਥੇ ਗਏ ਹਨ ਅਤੇ ਇਸ ਵੇਲੇ ਕਿੱਥੇ ਹਨ ਤੇ ਕਿਸ ਹਾਲਤ 'ਚ ਹਨ।

Sewa Singh SekhwanSewa Singh Sekhwan

ਸਵਾਲ : ਜੇਕਰ ਇਸ ਵੇਲੇ ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਖ਼ਬਰ ਆਈ ਕਿ ਜੰਮੂ ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਅਲੱਗ ਕਰ ਦਿਤਾ ਗਿਆ ਹੈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੀ ਇਸ ਬਾਬਤ ਵੀ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਹੈ?
ਜਵਾਬ :
ਇਹ ਬੜੀ ਮੰਦਭਾਗੀ ਗੱਲ ਹੈ। ਜੰਮੂ ਕਸ਼ਮੀਰ ਮਹਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਰਿਹਾ ਹੈ। ਉਸ ਵੇਲੇ ਇੱਥੋਂ ਦੀ ਪੰਜਾਬੀ ਮੁੱਖ ਭਾਸ਼ਾ ਸੀ। ਅੱਜ ਦੀ ਤਰੀਕ 'ਚ ਵੀ ਜੰਮੂ ਕਸ਼ਮੀਰ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਦੁੱਖ ਦੀ ਗੱਲ ਹੈ ਕਿ ਡੋਗਰੀ ਭਾਸ਼ਾ ਪੰਜਾਬੀ ਦੀ ਉਪ ਭਾਸ਼ਾ ਹੈ, ਉਸ ਨੂੰ ਤਾਂ ਲੈ ਲਿਆ ਗਿਆ ਹੈ ਜਦਕਿ ਜਿਹੜੀ ਮੁੱਖ ਭਾਸ਼ਾ ਪੰਜਾਬੀ ਨੂੰ ਛੱਡ ਦਿਤਾ ਗਿਆ ਹੈ। ਇਹ ਸਮੂੰਹ ਪੰਜਾਬੀਆਂ ਨਾਲ ਵੱਡਾ ਧੱਕਾ ਹੈ। ਅਸੀਂ ਪ੍ਰੋਗਰਾਮ ਬਣਾਇਐ ਕਿ ਜੰਮੂ ਕਸ਼ਮੀਰ 'ਚ ਜਿਹੜਾ ਬਾਦਲ ਦਲ ਦਾ ਯੂਨਿਟ ਸੀ, ਉਹ ਪੂਰੇ ਦਾ ਪੂਰਾ ਢੀਂਡਸਾ ਸਾਹਿਬ ਵਾਲੇ ਅਕਾਲੀ ਦਲ ਨਾਲ ਆ ਗਿਆ ਹੈ। ਅਸੀਂ ਉਨ੍ਹਾਂ ਨੂੰ ਵੀ ਨਾਲ ਲੈ ਕੇ ਸਬੰਧਤ ਕੇਂਦਰੀ ਮੰਤਰੀ ਨੂੰ ਮਿਲਣ ਜਾ ਰਹੇ ਹਾਂ। ਇਸ ਸਬੰਧੀ ਚਿੱਠੀ ਲਿਖ ਦਿਤੀ ਗਈ ਹੈ, ਜਦੋਂ ਵੀ ਸਮਾਂ ਮਿਲਦੈ, ਅਸੀਂ ਵਫ਼ਦ ਲੈ ਕੇ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਾਂਗੇ, ਮੈਨੂੰ ਪੂਰੀ ਉਮੀਦ ਹੈ, ਅਸੀਂ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਭਾਸ਼ਾ ਬਿੱਲ 'ਚ ਸ਼ਾਮਲ ਕਰਵਾਉਣ 'ਚ ਜ਼ਰੂਰ ਕਾਮਯਾਬ ਹੋਵਾਂਗੇ।

Sewa Singh SekhwanSewa Singh Sekhwan

ਸਵਾਲ : ਪੰਜਾਬ ਅੰਦਰ ਤਿੰਨ ਖੇਤੀ ਆਰਡੀਨੈਂਸਾਂ ਨੂ ੰਲੈ ਕੇ ਵਿਰੋਧ ਹੋ ਰਿਹੈ। ਪਰ ਅਕਾਲੀ ਦਲ ਦੇ ਪੱਖ 'ਚ ਖੜ੍ਹਾ ਵਿਖਾਈ ਦੇ ਰਿਹੈ। ਸਾਡੀ ਮਲੂਕਾ ਸਾਹਿਬ ਨਾਲ ਵੀ ਗੱਲ ਹੋਈ, ਉਨ੍ਹਾਂ ਦਾ ਕਹਿਣਾ ਕਿ ਸਿਰਫ਼ ਪੰਜਾਬ 'ਚ ਹੀ ਵਿਰੋਧ ਹੋ ਰਿਹੈ, ਹੋਰ ਕਿਤੇ ਨਹੀਂ ਹੋ ਰਿਹਾ। ਉਹ ਘੱਟੋ ਘੱਟ ਸਮਰਥਨ ਮੁੱਲ ਟੁੱਟਣ 'ਚ ਅਕਾਲੀ ਦਲ ਵਲੋਂ ਸਭ ਤੋਂ ਪਹਿਲਾਂ ਵਿਰੋਧ ਕਰਨ ਦੀ ਗੱਲ ਵੀ ਕਹਿ ਰਹੇ ਨੇ, ਤੁਸੀਂ ਇਸ ਬਾਰੇ ਕਿਵੇਂ ਦੇਖਦੇ ਹੋ?
ਜਵਾਬ :
ਵੇਖੋ, ਜਿੱਥੋਂ ਤਕ ਇਹ ਗੱਲ ਹੈ ਕਿ ਪੰਜਾਬ ਹੀ ਵਿਰੋਧ ਕਰ ਰਿਹੈ, ਹੋਰ ਕਿਉਂ ਨਹੀਂ ਕਰ ਰਿਹਾ, ਇਸਦਾ ਸਭ ਤੋਂ ਜ਼ਿਆਦਾ ਅਸਰ ਹੀ ਪੰਜਾਬ ਅਤੇ ਹਰਿਆਣਾ 'ਤੇ ਹੋਣਾ ਹੈ। ਕੇਵਲ ਪੰਜਾਬ ਅਤੇ ਹਰਿਆਣਾ ਹੀ ਅਜਿਹੇ ਸੂਬੇ ਹਨ ਜਿੱਥੇ ਘੱਟੋ ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ ਐਫ.ਸੀ.ਆਈ. ਵਲੋਂ ਕਣਕ ਅਤੇ ਝੋਨੇ ਦੀ ਖ਼ਰੀਦ ਕੀਤੀ ਜਾਂਦੀ ਹੈ। ਬਾਕੀ ਕਿਸੇ ਵੀ ਸੂਬੇ ਵਿਚੋਂ ਐਫ.ਸੀ.ਆਈ. ਘੱਟੋ ਘੱਟ ਸਮਰਥਨ ਮੁੱਲ 'ਤੇ ਕਣਕ ਤੇ ਝੋਨੇ ਦੀ ਖ਼ਰੀਦ ਨਹੀਂ ਕਰਦੀ। ਇਸ ਕਰ ਕੇ ਬਾਕੀ ਸੂਬਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਰਹੀ ਗੱਲ ਹਰਿਆਣੇ ਦੀ, ਉਹ ਇਸ ਕਰ ਕੇ ਜ਼ਿਆਦਾ ਵਿਰੋਧ ਨਹੀਂ ਕਰ ਰਿਹਾ, ਕਿਉਂਕਿ ਭਾਜਪਾ ਦਾ ਰਾਜ ਹੈ।  ਪਰ ਪੰਜਾਬ ਅੰਦਰ ਕਾਂਗਰਸ ਦਾ ਰਾਜ ਹੈ ਜੋ ਇਸ ਖਿਲਾਫ਼ ਹੈ। ਇਸ ਤੋਂ ਇਲਾਵਾ ਸਾਰੀਆਂ ਹੀ ਸਿਆਸੀ ਪਾਰਟੀਆਂ, ਸਾਰੀਆਂ ਹੀ ਕਿਸਾਨ ਯੂਨੀਅਨਾਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਹ ਸੱਚਮੁਚ ਹੀ ਕਿਸਾਨ ਮਾਰੂ ਬਿੱਲ ਹੈ। ਮੈਂ ਇਕ ਮਿਸਾਲ ਦਿੰਦਾ ਹਾਂ ਕਿ ਸੈਮਰਿਸੀ ਇਕ ਐਕਟ ਹੈ ਜੋ ਪਹਿਲਾਂ ਕਾਰਪੋਰੇਟ ਘਰਾਟੇ, ਸਰਮਾਏਦਾਰਾਂ, ਵਪਾਰੀਆਂ ਅਤੇ ਟਰੇਡਰਜ਼ 'ਤੇ ਲਾਗੂ ਹੁੰਦਾ ਸੀ ਕਿ ਤੁਸੀਂ ਜਮ੍ਹਾਖੋਰੀ ਨਹੀਂ ਕਰ ਸਕਦੇ। ਪਰ ਇਸ ਆਰਡੀਨੈਂਸ 'ਚ ਉਨ੍ਹਾਂ ਸਾਰਿਆਂ ਨੂੰ ਤਾਂ ਛੋਟ ਦੇ ਦਿਤੀ ਗਈ ਹੈ ਉਹ ਜਿੰਨਾ ਮਰਜ਼ੀ ਅਨਾਜ ਸਟੋਰ ਕਰ ਕੇ ਰੱਖ ਸਕਦੇ ਹਨ। ਪਰ ਜੋ ਪੈਦਾ ਕਰਨ ਵਾਲਾ ਕਿਸਾਨ ਹੈ, ਉਸ ਨੇ ਜੇਕਰ ਅਪਣੇ ਘਰ ਵੀ 10-12 ਬੋਰੀਆਂ ਰੱਖਣੀਆਂ ਹਨ ਤਾਂ ਉਸ ਲਈ ਵੀ ਹਲਫ਼ੀਆ ਬਿਆਨ ਦੇਣਾ ਪਵੇਗਾ। ਜੇਕਰ ਕੋਈ ਜ਼ਿਆਦਾ ਰੱਖੇਗਾ ਤਾਂ ਉਸ 'ਤੇ ਪਰਚਾ ਦਰਜ ਹੋਵੇਗਾ। ਮੈਂ ਬਾਦਲ ਸਾਹਿਬ ਪੁਛਣਾ ਚਾਹੁੰਦਾ ਹਾਂ ਕਿ ਕੀ ਇਹ ਗੱਲ ਵਾਜਬ ਹੈ। ਤੁਹਾਨੂੰ ਕਿਸਾਨਾਂ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਤੇ ਤੁਸੀਂ ਇਕ ਮੰਤਰੀ ਦੇ ਅਹੁਦੇ ਕਾਰਨ ਕਿਸਾਨਾਂ ਦਾ ਘਾਣ ਕਰ ਰਹੇ ਹੋ। ਘੱਟੋ ਘੱਟ ਸਮਰਥਨ ਮੁੱਲ ਖ਼ਤਮ ਨਾ ਕਰਨ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ, ਜੇਕਰ ਕੋਈ ਖ਼ਰੀਦਦਾਰ ਹੀ ਨਹੀਂ ਹੋਵੇਗਾ ਤਾਂ ਇਸ ਦਾ ਕੀ ਫ਼ਾਇਦਾ ਹੋਵੇਗਾ। ਇਸ ਵੇਲੇ ਵੀ ਪੰਜਾਬ 'ਚ 27 ਫ਼ਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਲਾਗੂ ਹੈ ਜਿਨ੍ਹਾਂ 'ਚ ਮੱਕੀ ਵੀ ਇਕ ਹੈ। ਪਰ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 1800 ਰੁਪਏ ਵਧੇਰੇ ਹੈ ਜਦਕਿ ਵਿੱਕ 800 ਰੁਪਏ ਪ੍ਰਤੀ ਕੁਇੰਟਲ ਰਹੀ ਹੈ। ਇਸ ਨੂੰ ਐਫ.ਸੀ.ਆਈ. ਘੱਟੋ ਘੱਟ ਸਮਰਥਨ ਮੁੱਲ 'ਤੇ ਕਿਉਂ ਨਹੀਂ ਖ਼ਰੀਦ ਰਹੀ। ਜੇਕਰ ਐਫ.ਸੀ.ਆਈ. ਨੇ ਕਹਿ ਦਿੰਦਾ ਕਿ ਸਾਨੂੰ ਜਿੰਨੀ ਲੋੜ ਹੈ, ਅਸੀਂ ਉਨੀ ਹੀ ਫ਼ਸਲ ਖ਼ਰੀਦਾਂਗੇ ਤੇ ਬਾਕੀ ਕੌਣ ਖਰੀਦੇਗਾ? ਬਾਕੀ ਮਾਲ ਮਨਮਰਜ਼ੀ ਦੇ ਰੇਟ 'ਤੇ ਕਾਰਪੋਰੇਟ ਘਰਾਣੇ ਖ਼ਰੀਦਣਗੇ। ਪੰਜਾਬ 'ਚ ਕਾਰਪੋਰੇਟ ਸੁਖਬੀਰ ਸਿੰਘ ਬਾਦਲ ਹੈ। ਇਸ ਤੋਂ ਵੱਡਾ ਕਾਰਪੋਰੇਟ ਪੰਜਾਬ ਅੰਦਰ ਹੋਰ ਕੋਈ ਨਹੀਂ ਹੈ। ਇਹ ਤਿੰਨੇ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਦਾ ਸਮਰਥਨ ਕਰਦੇ ਹਨ ਜੋ ਸਿੱਧੇ ਸਿੱਧੇ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਹੈ। ਇਸ ਸਭ ਪਿੱਛੇ ਬਾਦਲ ਪਰਵਾਰ ਦੀ ਕਾਰੋਬਾਰੀ ਹਿੱਤ ਜੁੜੇ ਹੋਏ ਹਨ ਜਿਸ ਕਾਰਨ ਇਹ ਇਨ੍ਹਾਂ ਆਰਡੀਨੈਂਸਾਂ ਦੇ ਹੱਕ 'ਚ ਖੜ੍ਹੇ ਹੋਏ ਹਨ। ਫ਼ੂਡ ਪ੍ਰੋਸੈਸਿੰਗ ਦਾ ਮਹਿਕਮਾ ਵੀ ਬੀਬੀ ਹਰਸਿਮਰਤ ਕੌਰ ਬਾਦਲ ਕੋਲ ਹੈ, ਸੋ ਇਸ ਕਰ ਕੇ ਇਨ੍ਹਾਂ ਨੂੰ ਨਿੱਜੀ ਤੌਰ 'ਤੇ ਇਨ੍ਹਾਂ ਆਰਡੀਨੈਂਸਾਂ ਨਾਲ ਫ਼ਾਇਦਾ ਹੀ ਫ਼ਾਇਦਾ ਹੈ। ਸਾਨੂੰ ਸੁਖਬੀਰ ਦੇ ਕਹੇ ਦਾ ਕੋਈ ਦੁੱਖ ਨਹੀਂ, ਪਰ ਵੱਡੇ ਬਾਦਲ ਸਾਹਿਬ ਦੇ ਕਹੇ ਦਾ ਬੜਾ ਦੁੱਖ ਹੈ। ਕਿਉਂਕਿ ਬਾਦਲ ਸਾਹਿਬ ਸਾਰੀ ਉਮਰ ਕਿਸਾਨੀ ਲਈ ਲੜੇ ਹਨ ਪਰ ਅਖੀਰ 'ਚ ਪੁੱਤਰ ਮੋਹ 'ਚ ਆ ਕੇ ਸਾਰੇ ਕੀਤੇ ਕਰਾਏ 'ਤੇ ਖੇਹ ਪਾ ਦਿਤੀ ਹੈ।

Sewa Singh SekhwanSewa Singh Sekhwan

ਸਵਾਲ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਮਾਮਲੇ 'ਚ ਬੜੀ ਸਿਆਸਤ ਹੋ ਰਹੀ ਹੈ। ਬਾਦਲਾਂ ਅਤੇ ਕੈਪਟਨ ਨੂੰ ਸੁਮੇਧ ਸੈਣੀ ਦਾ ਹਮਾਇਤੀ ਕਿਹਾ ਜਾ ਰਿਹਾ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਜਵਾਬ :
ਸੁਮੇਧ ਸਿੰਘ ਸੈਣੀ ਬੜਾ ਰਸੂਖਦਾਰ ਵਿਅਕਤੀ ਹੈ। ਉਸ ਦੀ ਦਿੱਲੀ ਤਕ ਪਹੁੰਚ ਹੈ। ਬਾਦਲ ਪਰਵਾਰ ਨਾਲ ਵੀ ਉਸ ਦੀ ਬੜੀ ਨੇੜਤਾ ਹੈ। 1997 ਦੀਆਂ ਚੋਣਾਂ ਤੋਂ ਪਹਿਲਾਂ ਬਾਦਲ ਸਾਹਿਬ ਨੇ ਐਲਾਨ ਕੀਤਾ ਸੀ ਕਿ ਪੰਜਾਬ 'ਚ ਜਿੰਨੇ ਵੀ ਝੂਠੇ ਪੁਲਿਸ ਮੁਕਾਬਲੇ ਹੋਏ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਇਸ ਲਈ ਇਕ ਟਰੂਥ ਕਮਿਸ਼ਨ ਬਣਾਇਆ ਜਾਵੇਗਾ ਜੋ ਝੂਠੇ ਮੁਕਾਬਲਿਆਂ 'ਚ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨ ਦੇ ਮਾਮਲਿਆਂ ਦੀ ਜਾਂਚ ਕਰੇਗਾ। ਪਰ ਦੁੱਖ ਇਸ ਗੱਲ ਦਾ ਹੈ ਕਿ ਬਾਅਦ 'ਚ ਕੋਈ ਟਰੂਥ ਕਮਿਸ਼ਨ ਨਹੀ ਬਣਿਆ ਸਗੋਂ ਜਿਹੜੇ ਅਫ਼ਸਰਾਂ ਨੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਿਆ, ਉਨ੍ਹਾਂ ਨੂੰ ਅਹੁਦੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਕੰਮ 'ਚ ਸਭ ਤੋਂ ਬਦਨਾਮ ਸੁਮੇਧ ਸਿੰਘ ਸੈਣੀ ਸੀ, ਜਿਸ ਨੂੰ ਡੀਜੀਪੀ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ। ਇਹ ਬਹੁਤ ਰਸੂਖ ਵਾਲਾ ਵਿਅਕਤੀ ਹੈ ਪਰ ਮੈਂ ਲੋਅਰ ਕੋਰਟ ਅਤੇ ਹਾਈ ਕੋਰਟ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਉਨ੍ਹਾਂ ਨਿਰਦੋਸ਼ੇ ਵਿਅਕਤੀਆਂ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਦਾਲਤਾਂ ਨੇ ਇਸ ਦੀ ਜ਼ਮਾਨਤ ਮਨਜ਼ੂਰ ਨਹੀਂ ਕੀਤੀ। ਸੈਣੀ ਦੀ ਗ੍ਰਿਫ਼ਤਾਰੀ ਅਤੇ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕਦਾ ਹੈ। ਜੇਕਰ ਬਾਦਲ ਇਸਨੂੰ ਅਹੁਦੇ ਦਿੰਦਾ ਰਿਹਾ ਹੈ ਤੇ ਕੈਪਟਨ ਵੀ ਇਸ 'ਚ ਪਿੱਛੇ ਨਹੀਂ ਹੈ। ਉਨ੍ਹਾਂ ਦਾ ਇੰਨਾ ਧੰਨਵਾਦ ਕਿ ਉਨ੍ਹਾਂ ਨੇ ਪਰਚਾ ਤਾਂ ਦਰਜਾ ਕਰਵਾ ਦਿਤੈ, ਪਰ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਕਿਉਂ ਹੈ? ਜੈਡ ਪਲੱਸ ਸੁਰੱਖਿਆ ਹੇਠ ਰਹਿਣ ਵਾਲਾ ਵਿਅਕਤੀ ਪੁਲਿਸ ਦੀ ਪਹੁੰਚ ਤੋਂ ਦੂਰ ਕਿਵੇਂ ਹੋ ਸਕਦੈ? ਇਹ ਢਿਲਮੱਠ ਤਾਂ ਹੈ ਕਿਉਂਕਿ ਬਾਦਲ ਪਰਵਾਰ ਅਤੇ ਕੈਪਟਨ ਪਰਵਾਰ ਅੰਦਰੋਂ ਮਿਲੇ ਹੋਏ ਹਨ। ਇਹ ਸਾਰੇ ਫ਼ੈਸਲੇ ਇਕੱਠੇ ਬਹਿ ਕੇ ਕਰਦੇ ਹਨ ਅਤੇ ਬਾਦਲ ਸਾਹਿਬ ਨੇ ਕਹਿ ਦਿਤਾ ਹੋਣੈ ਕਿ ਕੈਪਟਨ ਸਾਹਿਬ ਰਹਿਣ ਦਿਓ, ਸੈਣੀ ਅਪਣਾ ਹੀ ਬੰਦੈ। ਪਰ ਕੈਪਟਨ ਸਾਹਿਬ ਦਾ ਇਹ ਇਮਤਿਹਾਨ ਹੈ ਕਿ ਜਿਸ ਕੁਰਸੀ 'ਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਬਿਠਾਇਆ ਹੈ, ਉਹਦੇ ਨਾਲ ਇਨਸਾਫ਼ ਕਰਨ।

Sewa Singh SekhwanSewa Singh Sekhwan

ਸਵਾਲ : ਵਜ਼ੀਫ਼ਾ ਘਪਲਾ ਵਿਵਾਦ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ :
 ਗ਼ਰੀਬ ਵਿਦਿਆਰਥੀਆਂ ਦੇ ਵਜੀਫ਼ਿਆਂ 'ਚ ਘਪਲੇ ਦੇ ਮਾਮਲੇ 'ਚ ਜਿੰਨੀ ਦੇਰ ਮੰਤਰੀ ਧਰਮਸੋਤ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਚੀਫ਼ ਸੈਕਟਰੀ ਉਨ੍ਹਾਂ ਨੂੰ ਸੰਮਨ ਨਹੀਂ ਕਰ ਸਕਦਾ, ਕਿਉਂਕਿ ਇਹ ਪ੍ਰੋਟੋਕੋਲ ਹੀ ਨਹੀਂ ਹੈ ਕਿ ਕੋਈ ਯੂਨੀਅਨ ਅਪਣੇ ਸੀਨੀਅਰ ਨੂੰ ਸੰਮਨ ਭੇਜ ਸਕੇ। ਇਸ ਕਰ ਕੇ ਜਾਂਚ ਲਈ ਸਿਟ ਦਾ ਗਠਨ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਸ ਦਾ ਇਕੋ ਇਕ ਤਰੀਕਾ ਪਹਿਲਾ ਮੰਤਰੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ, ਜੇਕਰ ਅਸਤੀਫ਼ਾ ਨਹੀਂ ਦੇਣਾ ਤਾਂ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਜਾਵੇ। ਅਸੀਂ ਕੱਲ੍ਹ ਦੀ ਮੀਟਿੰਗ 'ਚ ਫ਼ੈਸਲਾ ਕੀਤਾ ਹੈ ਕਿ ਰਿਟਾਇਰਡ ਜਸਟਿਸ ਨਿਰਮਲ ਸਿੰਘ ਹੋਰਾਂ ਦੀ ਅਗਵਾਈ 'ਚ ਕਮੇਟੀ ਬਣਾਈ ਜਾਵੇਗੀ ਜੋ ਹਾਈ ਕੋਰਟ 'ਚ ਕੇਸ ਦਾਇਰ ਕਰ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰੇਗੀ।

Sewa Singh SekhwanSewa Singh Sekhwan

ਸਵਾਲ : ਆਮ ਆਦਮੀ ਪਾਰਟੀ ਵਲੋਂ ਪੰਜਾਬ ਅੰਦਰ ਆਕਸੀਮੀਟਰ ਵੰਡਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦਾ ਸਿਆਸੀ ਮਾਹੌਲ ਪਹਿਲਾਂ ਹੀ ਗਰਮਾਇਆ ਹੋਇਐ। ਤੁਸੀਂ ਆਮ ਆਦਮੀ ਪਾਰਟੀ ਦੇ ਇਸ ਕਦਮ ਬਾਰੇ ਕੀ ਸੋਚਦੇ ਹੋ?
ਜਵਾਬ :
ਇਸ 'ਚ ਆਮ ਆਦਮੀ ਪਾਰਟੀ ਦੀ ਭਾਵਨਾ ਠੀਕ ਲਗਦੀ ਹੈ। ਪੰਜਾਬ ਦੇ ਲੋਕਾਂ ਦੀ ਅੱਜ ਜੋ ਵੀ ਮਦਦ ਕਰਨਾ ਚਾਹੁੰਦਾ ਹੈ, ਉਨ੍ਹਾਂ ਦਾ ਧੰਨਵਾਦ। ਪਰ ਇਕ ਖਦਸ਼ਾ ਹੈ ਕਿ ਇਕ ਮੀਟਰ ਨਾਲ ਕਈ ਕਈ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ, ਇਸ ਨਾਲ ਕਰੋਨਾ ਫ਼ੈਲਣਾ ਦਾ ਡਰ ਵੀ ਹੈ। ਇਕ ਬੂਥ 'ਤੇ ਇਕ ਆਕਸੀਮੀਟਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਕ ਬੂਥ 'ਤੇ ਦੋ-ਤਿੰਨ ਹਜ਼ਾਰ ਵਿਅਕਤੀ ਹੋ ਸਕਦਾ ਹੈ। ਸੋ ਇੰਨੀ ਵੱਡੀ ਗਿਣਤੀ ਲੋਕਾਂ ਦੀ ਇਕ ਹੀ ਆਕਸੀਮੀਟਰ ਨਾਲ ਜਾਂਚ ਕਰਨਾ ਸਹੀ ਨਹੀਂ ਲੱਗਦਾ। ਬਾਕੀ ਉਨ੍ਹਾਂ ਦੀ ਭਾਵਨਾ ਸਹੀ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਵੀ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਯਤਨ ਕੀਤੇ ਹਨ, ਉਸ ਨੂੰ ਵੀ ਚੰਗਾ ਕਹਿੰਦੇ ਹਾਂ।
 

Seva Singh SekhwanSeva Singh Sekhwan

ਸਵਾਲ : ਪੰਜਾਬ ਸਰਕਾਰ ਵਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਜਵਾਬ :
ਸਭ ਤੋਂ ਵੱਡੀ ਗੱਲ ਜਿਹੜੇ ਕੈਪਟਨ ਸਾਹਿਬ ਨੇ ਸ਼ੁਰੂਆਤ 'ਚ ਕਦਮ ਚੁੱਕੇ ਹਨ, ਮੈਂ ਸਿਆਸੀ ਵਿਰੋਧੀ ਹੋਣ ਦੇ ਨਾਤੇ ਵਿਰੋਧ ਤਾਂ ਨਹੀਂ ਕਰਾਂਗਾ, ਉਨ੍ਹਾਂ ਨੇ ਬੜਾ ਵਧੀਆ ਕੰਮ ਕੀਤੈ, ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੈਪਟਨ ਸਾਹਿਬ ਕੋਵਿਡ-19 ਤੋਂ ਡਰ ਬਹੁਤ ਗਏ ਹਨ, ਉਹ ਮਾਨਸਿਕ ਤੌਰ 'ਤੇ ਇੰਨੇ ਡਰ ਗਏ ਹਨ ਕਿ ਉਹ ਘਰੋਂ ਹੀ ਨਹੀਂ ਨਿਕਲਦੇ। ਇਹ ਗੱਲ ਕੋਈ ਬਹੁਤੀ ਵਧੀਆ ਨਹੀਂ ਲਗਦੀ। ਉਨ੍ਹਾਂ ਨੂੰ ਦੁੱਖ ਦੀ ਘੜੀ ਲੋਕਾਂ ਦੀ ਕਚਹਿਰੀ 'ਚ ਆਉਣਾ ਚਾਹੀਦੈ ਭਾਵੇਂ ਸਾਹਮਣੇ ਨਾ ਹੋਣ ਪਰ ਬਾਹਰ ਨਿਕਲ ਕੇ ਲੋਕਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement