
ਲੁਧਿਆਣਾ ਦੀ ਅਦਾਲਤ 'ਚ ਪੇਸ਼ ਹੋਏ ਸੰਜੇ ਸਿੰਘ
ਆਪ ਆਗੂ ਨੂੰ ਮਿਲੀ ਜ਼ਮਾਨਤ, 17 ਨੂੰ ਮੁੜ ਕੋਰਟ 'ਚ ਪੇਸ਼ ਹੋਣ ਦੇ ਹੁਕਮ
ਲੁਧਿਆਣਾ, 7 ਸਤੰਬਰ (ਪ੍ਰਮੋਦ ਕੌਸ਼ਲ, ਰਾਣਾ ਮੱਲ ਤੇਜੀ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮੁਕੱਦਮੇ 'ਚ ਆਮ ਆਦਮੀ ਪਾਰਟੀ ਦੇ ਰਾਜਸਭਾ ਸਾਂਸਦ ਸੰਜੇ ਸਿੰਘ ਵਿਰੁਧ ਲੁਧਿਆਣਾ ਦੀ ਅਦਾਲਤ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਗਿ੍ਫ਼ਤਾਰੀ ਵਾਰੰਟ ਤੋਂ ਬਾਅਦ ਮੰਗਲਵਾਰ ਨੂੰ ਸੰਜੇ ਸਿੰਘ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ | ਉਨ੍ਹਾਂ ਅਦਾਲਤ 'ਚ ਅਗਾਉਂ ਜ਼ਮਾਨਤ ਲਈ ਅਰਜ਼ੀ ਦਿਤੀ ਜਿਸ 'ਤੇ ਸੁਣਵਾਈ ਤੋਂ ਬਾਅਦ ਇਕ ਲੱਖ ਰੁਪਏ ਦੇ ਮੁਚਲਕੇ 'ਤੇ ਸੰਜੇ ਸਿੰਘ ਨੂੰ ਅਗਾਉਂ ਜ਼ਮਾਨਤ ਦੇ ਦਿਤੀ ਗਈ ਅਤੇ 17 ਸਤੰਬਰ ਨੂੰ ਮੁੜ ਤੋਂ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਦਿਤੇ | ਇਸ ਮੌਕੇ ਮਾਣਯੋਗ ਜੱਜ ਨੇ ਕੋਰਟ ਦੇ ਹੁਕਮਾਂ ਦੀ ਲਗਾਤਾਰ ਉਲੰਘਣਾਂ ਕਰਨ ਲਈ 'ਆਪ' ਸਾਂਸਦ ਦੀ ਝਾੜਝੰਭ ਵੀ ਕੀਤੀ | ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੇ ਦਾਦਾ ਦੀ ਤੇਹਰਵੀਂ ਸੀ ਅਤੇ ਇਸੇ ਕਰ ਕੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ |
ਇਸ ਤੋਂ ਪਹਿਲਾਂ ਸੰਜੇ ਸਿੰਘ ਮੰਗਲਵਾਰ ਦੁਪਹਿਰ ਕਰੀਬ 1 ਵਜੇ ਪੂਰੇ ਲਾਉ ਲਸ਼ਕਰ ਨਾਲ ਜ਼ਿਲ੍ਹਾ ਅਦਾਲਤ ਪਹੁੰਚੇ | ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਗੱਡੀਆਂ 'ਚ ਸਵਾਰ ਹੋ ਕੇ ਅਦਾਲਤ ਪਹੁੰਚੇ | ਜ਼ਿਕਰਯੋਗ ਹੈ ਕਿ ਸੰਜੇ ਸਿੰਘ ਵਿਰੁਧ ਮਾਣਹਾਨੀ ਦਾ ਇਹ ਕੇਸ 2016 'ਚ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਸੀ | ਇਸ ਮਾਮਲੇ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਗਵਾਹ ਹਨ | 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ 2016 'ਚ ਮੋਗਾ ਦੀ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸ਼ਾ ਤਸਕਰ ਦਸਿਆ ਗਿਆ ਸੀ | ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ | 2016 'ਚ ਹੀ ਸੰਜੇ ਸਿੰਘ ਤੇ ਦੋਸ਼ ਤੈਅ ਕਰ ਦਿਤੇ ਗਏ ਸੀ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਅਪਣੇ ਗਵਾਹ ਭੁਗਤਾਉਣ ਲਈ ਕਿਹਾ ਗਿਆ ਸੀ |
Ldh_Parmod_7_1:
ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਣ ਲਈ ਪਹੁੰਚੇ 'ਆਪ' ਦੇ ਰਾਜਸਭਾ ਸਾਂਸਦ ਸੰਜੇ ਸਿੰਘ |