
ਰਿਹਾਇਸ਼ੀ ਇਲਾਕੇ ’ਚ ਖੁੱਲ੍ਹਣ ਜਾ ਰਿਹਾ ਸੀ ਪੰਜਵਾਂ ਠੇਕਾ
ਜਲੰਧਰ– ਪਿਛਲੇ ਕਈ ਦਿਨਾਂ ਤੋਂ ਮਾਡਲ ਹਾਊਸ ਇਲਾਕੇ ਵਿਚ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਠੇਕੇ ਨੂੰ ਸ਼ਿਫਟ ਨਹੀਂ ਕੀਤਾ ਗਿਆ। ਬੁੱਧਵਾਰ ਠੇਕਾ ਖੁੱਲ੍ਹਣ ਦੇ ਬਾਅਦ ਲੋਕਾਂ ਭੜਕ ਗਏ। ਠੇਕੇ ਸਬੰਧੀ ਨਿਯਮ ਸਮਝਾਉਣ ਆਏ ਐਕਸਾਈਜ਼ ਇੰਸਪੈਕਟਰ ਸਮੇਤ ਵਿਭਾਗੀ ਸਟਾਫ਼ ਲੋਕਾਂ ਦੇ ਅੜਿੱਕੇ ਚੜ੍ਹ ਗਿਆ। ਦੋਵਾਂ ਧਿਰਾਂ ਦੇ ਵਿਚਕਾਰ ਜੰਮ ਕੇ ਲੜਾਈ ਹੋਈ ਤੇ ਜ਼ਖ਼ਮੀ ਹੋਏ ਵਿਅਕਤੀਆਂ ਵਲੋਂ ਸਿਵਲ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾਉਣ ਦੇ ਬਾਅਦ ਭਾਰਗੋ ਕੈਂਪ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਰਾਤ ਤੱਕ ਮਾਮਲਾ ਗੰਭੀਰ ਹੋ ਚੁੱਕਾ ਸੀ। ਏ. ਸੀ. ਪੀ. ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।
ਲਕਸ਼ਮੀ ਨਾਰਾਇਣ ਮੰਦਿਰ ਦੇ ਨੇੜੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੇ ਵਿਰੋਧ ਵਿਚ ਇਲਾਕਾ ਵਾਸੀਆਂ ਨੇ ਕੌਂਸਲਰ ਦੀ ਅਗਵਾਈ ਵਿਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਧਰਨਾ ਦੇ ਰਹੇ ਲੋਕਾਂ ਨੇ ਕਿਹਾ ਕਿ ਐਕਸਾਈਜ਼ ਮਹਿਕਮਾ ਠੇਕੇਦਾਰ ਦੇ ਦਬਾਅ ਵਿਚ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਸੂਚਨਾ ਮਿਲਣ ’ਤੇ ਐਕਸਾਈਜ਼ ਇੰਸਪੈਕਟਰ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿਚ ਲੋਕਾਂ ਨੇ ਐਕਸਾਈਜ਼ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਠੇਕੇਦਾਰ ਨੇ ਠੇਕਾ ਖੋਲ੍ਹਣ ਦੀ ਪਰਮਿਸ਼ਨ ਦੇ ਕਾਗਜ਼ਾਤ ਵੀ ਦਿਖਾਏ ਪਰ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਅਤੇ ਉਹ ਠੇਕੇ ਨੂੰ ਸਥਾਈ ਰੂਪ ਨਾਲ ਬੰਦ ਕਰਨ ਦੀ ਗੱਲ ’ਤੇ ਅੜੇ ਰਹੇ। ਇਸ ਦੌਰਾਨ ਭਾਰਗੋ ਕੈਂਪ ਥਾਣੇ ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਆ ਕੇ ਆਪਣਾ ਪੱਖ ਰੱਖਣ ਲਈ ਕਿਹਾ ਪਰ ਮੌਕੇ ’ਤੇ ਕੋਈ ਵੀ ਪੁਲਿਸ ਦੇ ਨਾਲ ਨਹੀਂ ਗਿਆ।
ਲੋਕਾਂ ਨੇ ਠੇਕੇ ਦੇ ਕਰਿੰਦਿਆਂ ਅਤੇ ਐਕਸਾਈਜ਼ ਦੇ ਅਧਿਕਾਰੀਆਂ ’ਤੇ ਅਪਸ਼ਬਦ ਬੋਲਣ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਗਹਿਮਾ-ਗਹਿਮੀ ਸ਼ੁਰੂ ਹੋ ਗਈ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਖ਼ੁਦ ਦਾ ਬਚਾਅ ਕਰਨ ਲਈ ਮੌਕੇ ਤੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਕੁਝ ਲੋਕਾਂ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਅਧਿਕਾਰੀ ਖੁਦ ਨੂੰ ਬਚਾਉਣ ਲਈ ਦੌੜਦੇ ਰਹੇ ਅਤੇ ਲੋਕ ਉਨ੍ਹਾਂ ਨੂੰ ਫੜ-ਫੜ ਕੇ ਕੁੱਟਦੇ ਰਹੇ। ਇਸ ਦੌਰਾਨ ਵਿਭਾਗੀ ਇੰਸਪੈਕਟਰ ਸਮੇਤ ਕਈ ਵਿਅਕਤੀਆਂ ਨੂੰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਪਹੁੰਚੇ ਅਤੇ ਐੱਮ. ਐੱਲ. ਆਰ. ਕਟਵਾਈ। ਦੇਰ ਰਾਤ ਤੱਕ ਮਾਮਲਾ ਗੰਭੀਰ ਰੂਪ ਧਾਰਨ ਕਰ ਚੁੱਕਾ ਸੀ ਅਤੇ ਸਿਆਸੀ ਦਖ਼ਲਅੰਦਾਜ਼ੀ ਵੀ ਦੇਖਣ ਨੂੰ ਮਿਲੀ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਤੇ ਠੇਕੇਦਾਰ ਧਿਰ ਵੱਲੋਂ ਐੱਮ. ਐੱਲ. ਆਰ. ਕਟਵਾਈ ਗਈ ਹੈ।
ਏ. ਸੀ. ਪੀ. ਸਰਫ਼ਰਾਜ਼ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਵੱਲੋਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਹੋਰਨਾਂ ਨਾਲ ਕੁੱਟਮਾਰ ਕੀਤੀ ਗਈ, ਉਨ੍ਹਾਂ ਬਾਰੇ ਪਤਾ ਨਹੀਂ ਚੱਲ ਸਕਿਆ। ਮਾਮਲੇ ਬਾਰੇ ਵੀਰਵਾਰ ਨੂੰ ਸਥਿਤੀ ਕਲੀਅਰ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀਡੀਓ ਪਹੁੰਚੀ ਹੈ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ।
ਕੌਂਸਲਰ ਨੇ ਕਿਹਾ ਕਿ ਠੇਕੇਦਾਰ ਵੱਲੋਂ ਰਿਹਾਇਸ਼ੀ ਇਲਾਕੇ ਵਿਚ ਲਗਾਤਾਰ ਠੇਕੇ ਖੋਲ੍ਹੇ ਜਾ ਰਹੇ ਹਨ। ਇਹ ਪੰਜਵਾਂ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਠੇਕਾ ਇਥੋਂ ਪੱਕੇ ਤੌਰ ’ਤੇ ਹਟਾਇਆ ਜਾਵੇ, ਨਹੀਂ ਤਾਂ ਵਿਰੋਧ ਜਾਰੀ ਰਹੇਗਾ।