
ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਹੋਣ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ: ਸ਼ਹਿਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਰਾਤ ਨੂੰ ਹੀ ਪੁਲਿਸ ਦੇ ਸਾਈਬਰ ਸੈੱਲ ਨੇ ਵਾਇਰਲ ਹੋਏ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਘੰਟਿਆਂ ਵਿਚ ਹੀ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ। ਇਹ ਅਫਵਾਹ ਸਕੂਲ ਦੇ ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਹੋਣ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹ ਧਮਕੀ ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਡੀਏਵੀ ਪਬਲਿਕ ਸਕੂਲ ਨੂੰ ਦਿੱਤੀ ਗਈ। ਜਾਣਕਾਰੀ ਮੁਤਾਬਕ ਇੰਸਟਾਗ੍ਰਾਮ 'ਤੇ ਇਕ ਮੈਸੇਜ ਵਾਇਰਲ ਹੋਇਆ ਸੀ, ਜਿਸ 'ਚ 8 ਸਤੰਬਰ ਨੂੰ ਸਕੂਲ 'ਚ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਵਟਸਐਪ 'ਤੇ ਇਕ ਹੋਰ ਸੰਦੇਸ਼ ਸਾਂਝਾ ਕੀਤਾ ਗਿਆ, ਜਿਸ 'ਚ 8 ਸਤੰਬਰ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ।
ਇੰਨਾ ਹੀ ਨਹੀਂ ਸੰਦੇਸ਼ ਦੇ ਹੇਠਾਂ ਪਾਕਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਸੀ। ਇਹ ਮੈਸੇਜ ਜਿੱਥੇ ਅੰਗਰੇਜ਼ੀ ਵਿਚ ਵਾਇਰਲ ਹੋਇਆ ਸੀ, ਉੱਥੇ ਹੀ ਉਰਦੂ ਵਿਚ ਵੀ ਵਾਇਰਲ ਹੋਇਆ ਸੀ। ਸਕੂਲੀ ਗਰੁੱਪਾਂ ਵਿਚ ਮੈਸੇਜ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਕੀ ਮਿਲਣ ਤੋਂ ਬਾਅਦ ਹੀ ਅੰਮ੍ਰਿਤਸਰ ਪੁਲਿਸ ਦਾ ਸਾਈਬਰ ਸੈੱਲ ਸਰਗਰਮ ਹੋ ਗਿਆ। ਸਾਈਬਰ ਸੈੱਲ ਨੇ ਇਸ ਸੰਦੇਸ਼ ਦੇ ਮੂਲ ਅਤੇ ਇਸ ਨੂੰ ਵਾਇਰਲ ਕਰਨ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਛੇਹਰਟਾ ਦਾ ਆਈਪੀ ਐਡਰੈੱਸ ਦੋ ਘੰਟਿਆਂ ਵਿਚ ਟਰੇਸ ਕਰ ਲਿਆ ਗਿਆ। ਇਹ ਸਕੂਲ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਦਾ ਸੀ, ਜੋ ਛੇਹਰਟਾ ਵਿਚ ਰਹਿੰਦਾ ਹੈ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਤਿੰਨ ਵਿਦਿਆਰਥੀਆਂ ਨੂੰ ਰਾਤ ਨੂੰ ਹਿਰਾਸਤ ਵਿਚ ਲਿਆ ਗਿਆ। ਸਾਰੇ ਨੌਵੀਂ ਦੇ ਵਿਦਿਆਰਥੀ ਸਨ। ਸ਼ਰਾਰਤ ਵਿਚ ਤਿੰਨਾਂ ਨੇ ਇਕ ਯੋਜਨਾ ਬਣਾਈ ਅਤੇ ਦਹਿਸ਼ਤ ਪੈਦਾ ਕਰਨ ਲਈ ਮੈਸੇਜ ਪਾ ਦਿੱਤੇ। ਉਰਦੂ ਲਈ ਅਨੁਵਾਦਕ ਦੀ ਵਰਤੋਂ ਕੀਤੀ ਗਈ ਸੀ। ਨਾਬਾਲਗ ਹੋਣ ਕਾਰਨ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਨਿਯਮਾਂ ਅਨੁਸਾਰ ਕਾਰਵਾਈ ਕਰੇਗੀ।