
ਵੋਟਰਾਂ ਦਾ ਸਪੋਕਸਮੈਨ’ ਪ੍ਰੋਗਰਾਮ ਜ਼ਰੀਏ ਰੋਜ਼ਾਨਾ ਸਪੋਕਸਮੈਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ।
ਸ੍ਰੀ ਚਮਕੌਰ ਸਾਹਿਬ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਚ ਨਵਾਂ ਮੁੱਖ ਮੰਤਰੀ ਆਉਣ ਤੋਂ ਬਾਅਦ ਸੂਬੇ ਦੇ ਲੋਕਾਂ ਵਿਚ ਇਕ ਆਸ ਦੀ ਕਿਰਨ ਜਗੀ ਹੈ। ਇਕ ਪਾਸੇ ਜਿੱਥੇ ਨਵੀਂ ਸਰਕਾਰ ਨੂੰ ਲੈ ਕੇ ਨੌਜਵਾਨਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤਾਂ ਉੱਥੇ ਦੀ ਦੂਜੇ ਪਾਸੇ ਕੁਝ ਲੋਕਾਂ ਵਿਚ ਸਰਕਾਰਾਂ ਨੂੰ ਲੈ ਕੇ ਨਿਰਾਸ਼ਾ ਵੀ ਦੇਖਣ ਨੂੰ ਮਿਲ ਰਹੀ ਹੈ। ‘ਵੋਟਰਾਂ ਦਾ ਸਪੋਕਸਮੈਨ’ ਪ੍ਰੋਗਰਾਮ ਜ਼ਰੀਏ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ।
People of Sri Chamkaur Sahib
ਚਮਕੌਰ ਸਾਹਿਬ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਇਲਾਕੇ ਦੀ ਕਿਸੇ ਨੇ ਵੀ ਸਾਰ ਨਹੀਂ ਸੀ ਲਈ, ਹੁਣ ਚੰਨੀ ਮੁੱਖ ਮੰਤਰੀ ਬਣੇ ਹਨ। ਇਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ ਦੇ ਬਾਵਜੂਦ ਸਿਰਫ ਸਿਫਾਰਸ਼ੀ ਲੋਕਾਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਬੇਰੁਜ਼ਗਾਰੀ ਤੋਂ ਨਿਰਾਸ਼ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਤੋਂ ਬਿਲਕੁਲ ਉਮੀਦ ਨਹੀਂ ਹੈ।
People of Sri Chamkaur Sahib
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੂੰ ਨੌਕਰੀ ਨਹੀਂ ਮਿਲੀ। ਸਿਆਸਤਦਾਨ ਸਿਰਫ ਵੋਟਾਂ ਲੈਣ ਲਈ ਲਾਲਚ ਦਿੰਦੇ ਹਨ ਪਰ ਕੰਮ ਨਹੀਂ ਕਰਦੇ। ਜਿਨ੍ਹਾਂ ਨੂੰ ਨੌਕਰੀਆਂ ਮਿਲਿਆਂ ਹਨ ਉਹਨਾਂ ਨੂੰ ਠੇਕੇ ਉੱਤੇ ਹੀ ਭਰਤੀ ਕੀਤਾ ਹੈ ਤੇ ਉਹ ਵੀ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਹਾਲਾਤ ਇਹ ਹਨ ਕਿ ਗ੍ਰੈਜੂਏਸ਼ਨ ਤੱਕ ਪੜ੍ਹਾਈ ਕਰ ਚੁੱਕੇ ਨੌਜਵਾਨ ਵੀ ਦਿਹਾੜੀ ਜਾਂ ਫੈਕਟਰੀਆਂ ਵਿਚ ਕੰਮ ਕਰਨ ਲਈ ਮਜਬੂਰ ਹਨ। ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਉਹ ਜ਼ਮੀਨ ਵੇਚ ਕੇ ਬਾਹਰ ਜਾਣ ਦਾ ਰਾਹ ਚੁਣਦੇ ਹਨ।
People of Sri Chamkaur Sahib
ਚਮਕੌਰ ਸਾਹਿਬ ਦੇ ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਚੰਨੀ ਵਲੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਇਲਾਕੇ ਵਿਚ ਕਈ ਵਿਕਾਸ ਕਾਰਜ ਕਰਵਾਏ ਗਏ ਅਤੇ ਹੁਣ ਉਹ ਮੁੱਖ ਮੰਤਰੀ ਬਣੇ ਹਨ ਤਾਂ ਸਾਰਿਆਂ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਉਹਨਾਂ ਨੂੰ ਯਕੀਨ ਹੈ ਕਿ ਉਹ ਹੋਰ ਵੀ ਵਧੀਆ ਕੰਮ ਕਰਨਗੇ। ਲੋਕਾਂ ਦਾ ਕਹਿਣਾ ਹੈ ਕਿ ਹੁਣ ਚਮਕੌਰ ਸਾਹਿਬ ਦੀ ਸੁੱਤੀ ਹੋਈ ਜ਼ਮੀਰ ਜਾਗ ਰਹੀ ਹੈ ਅਤੇ ਸ਼ਹੀਦਾਂ ਦੀ ਧਰਤੀ ਦਾ ਵਿਕਾਸ ਹੋ ਰਿਹਾ ਹੈ।
People of Sri Chamkaur Sahib
ਬੀਬੀਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਤੋਂ ਬਹੁਤ ਪਰੇਸ਼ਾਨ ਹਨ। ਗਰੀਬ ਲੋਕਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਇਕ ਬਜ਼ੁਰਗ ਬੀਬੀ ਨੇ ਦੱਸਿਆ ਕਿ ਉਹਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਪਰ ਇਹ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਬਿਮਾਰ ਵਿਅਕਤੀ ਦੀਆਂ ਦਵਾਈਆਂ ਦਾ ਖਰਚਾ ਹੀ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ 1500 ਰੁਪਏ ਕਾਫੀ ਨਹੀਂ। ਉਹਨਾਂ ਕਿਹਾ ਕਿ ਹਰਿਆਣਾ ਵਿਖੇ 2500 ਰੁਪਏ ਪੈਨਸ਼ਨ ਮਿਲਦੀ ਹੈ, ਇਸ ਲਈ ਪੰਜਾਬ ਵਿਚ ਵੀ ਪੈਨਸ਼ਨ ਵਧਾਈ ਜਾਣੀ ਚਾਹੀਦੀ ਹੈ।
People of Sri Chamkaur Sahib
ਚਮਕੌਰ ਸਾਹਿਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀਆਂ ਤੋਂ ਨਾਰਾਜ਼ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਹੈ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਬਣਨਾ ਹਲਕੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਅਤੇ ਇਲਾਕੇ ਵਿਚ ਹੋਰ ਕਈ ਕੰਮ ਹੋ ਰਹੇ ਹਨ। ਉਹਨਾਂ ਦੇ ਦਫਤਰ ਵਿਚ ਕੋਈ ਵੀ ਸਮੱਸਿਆ ਲੈ ਕੇ ਜਾਂਦਾ ਹੈ ਤਾਂ ਉਸ ਦੀ ਗੱਲ ਸੁਣੀ ਜਾਂਦੀ ਹੈ। ਮੁੱਖ ਮੰਤਰੀ ਸ਼ਹਿਰ ਨੂੰ ਤਰੱਕੀ ਦੇ ਰਾਹ ’ਤੇ ਲਿਜਾ ਰਹੇ ਹਨ। ਕੁਝ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।
People of Sri Chamkaur Sahib
ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ, ਜੋ ਵੀ ਕੰਮ ਕੀਤੇ ਚੰਨੀ ਸਾਬ੍ਹ ਨੇ ਕੀਤੇ ਹਨ। ਲੋਕਾਂ ਨੂੰ ਸਸਤੀ ਬਿਜਲੀ ਅਤੇ ਸਸਤਾ ਪਾਣੀ ਮਿਲ ਰਿਹਾ ਹੈ। ਉਹਨਾਂ ਕਿਹਾ ਜੇਕਰ ਕੈਪਟਨ ਖੇਤੀ ਕਾਨੂੰਨ ਰੱਦ ਵੀ ਕਰਵਾ ਦੇਣ ਤਾਂ ਵੀ ਲੋਕ ਉਹਨਾਂ ਨੂੰ ਵੋਟ ਨਹੀਂ ਦੇਣਗੇ ਕਿਉਂਕਿ ਉਹਨਾਂ ਤੋਂ ਕੋਈ ਉਮੀਦ ਨਹੀਂ ਹੈ। ਚਮਕੌਰ ਸਾਹਿਬ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਹੋਵੇ, ਜੋ ਵੀ ਯੋਗ ਹੋਵੇ ਜਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੇ, ਉਹੀ ਵਿਅਕਤੀ ਮੁੱਖ ਮੰਤਰੀ ਬਣਨ ਦਾ ਹੱਕਦਾਰ ਹੈ। ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧਤ ਹੋਵੇ। ਗੁਰੂ ਸਾਹਿਬ ਨੇ ਵੀ ਇਹੀ ਸਿੱਖਿਆ ਦਿੱਤੀ ਹੈ ਕਿ ਸਾਰੇ ਧਰਮ ਬਰਾਬਰ ਹਨ।
People of Sri Chamkaur Sahib
ਦੱਸ ਦਈਏ ਕਿ ਚਮਕੌਰ ਸਾਹਿਬ ਵਿਖੇ 'ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ' ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਅਤਿ ਆਧੁਨਿਕ ‘ਦਾਸਤਾਨ-ਏ-ਸ਼ਹਾਦਤ’ ਥੀਮ ਪਾਰਕ ਅਤੇ ਹੈਰੀਟੇਜ ਸਟਰੀਟ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹਲਕੇ ਦੇ ਲੋਕਾਂ ਵਿਚ ਖੁਸ਼ੀ ਦੇਖਣ ਨੂੰ ਮਿਲੀ। ਹਲਕੇ ਦੇ ਲੋਕਾਂ ਨਾਲ ਗੱਲਬਾਤ ਜ਼ਰੀਏ ਦੇਖਣ ਨੂੰ ਮਿਲਿਆ ਕਿ ਲੋਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਤੋਂ ਖੁਸ਼ ਨਹੀਂ, ਇਸ ਲਈ ਉਹ ਉਹਨਾਂ ਨੂੰ ਹੋਰ ਮੌਕਾ ਨਹੀਂ ਦੇਣਾ ਚਾਹੁੰਦੇ।