
ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਦੇ ਨੇਤਾਵਾਂ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰ ਕੇ ਭੁੱਲਾਂ ਬਖ਼ਸ਼ਾਉਣ ਦੇ ਕਾਰੇ ਨੂੰ ਆਮ ਆਦਮੀ ਪਾਰਟੀ...
ਚੰਡੀਗੜ੍ਹ (ਸ.ਸ.ਸ) : ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਦੇ ਨੇਤਾਵਾਂ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਸੇਵਾ ਕਰ ਕੇ ਭੁੱਲਾਂ ਬਖ਼ਸ਼ਾਉਣ ਦੇ ਕਾਰੇ ਨੂੰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਚੰਡੀਗੜ੍ਹ ਤੋਂ ਜਾਰੀ ਬਿਆਨ ਵਿਚ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਸਭ ਦੀਆਂ ਭੁੱਲਾਂ ਬਖ਼ਸ਼ਣਹਾਰ ਹਨ ਪਰੰਤੂ ਬਾਦਲਾਂ ਵੱਲੋਂ ਜਾਣਬੁੱਝ ਕੇ ਕੀਤੇ ਗਏ ਪਾਪਾਂ ਦੀ ਮੁਆਫ਼ੀ ਹਰਗਿਜ਼ ਨਹੀਂ ਹੋ ਸਕਦੀ।
ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਸਿਆਸੀ ਜੀਵਨ ਅਤੇ ਖ਼ਾਸ ਕਰ ਕੇ ਪਿਛਲੇ 10 ਸਾਲ ਦੇ ਰਾਜ ਦੌਰਾਨ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ ਅਤੇ ਹੁਣ ਆਪਸੀ ਸਿਆਸੀ ਜ਼ਮੀਨ ਖਿਸਕਦੀ ਵੇਖ ਡਰਾਮੇ ਕਰ ਰਹੇ ਹਨ। ਬਾਦਲਾਂ ਤੋਂ ਪੁੱਛਦਿਆਂ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਕਿਹੜੀਆਂ-ਕਿਹੜੀਆਂ ਭੁੱਲਾਂ ਦੀ ਮਾਫ਼ੀ ਮੰਗ ਰਹੇ ਹਨ। ਉਨ੍ਹਾਂ ਪੁੱਛਿਆ ਕਿ ਕੀ ਬਾਦਲ ਹੁਣ ਮੰਨਦੇ ਹਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ ਦੀ ਆਤਮ ਹੱਤਿਆ, ਸੂਬੇ ਦੇ ਸਰੋਤਾਂ ਦੇ ਕਬਜ਼ਾ ਕਰਨ ਆਦਿ ਕੰਮਾਂ ਲਈ ਜ਼ਿੰਮੇਵਾਰ ਹਨ।
ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਬਹੁਤ ਸ਼ਾਤਿਰ ਰਾਜਨੀਤਕ ਹਨ ਅਤੇ ਹਮੇਸ਼ਾ ਲੋਕਾਂ ਦਾ ਧਿਆਨ ਭਟਕਾਉਣ ਲਈ ਧਰਮ ਦਾ ਸਹਾਰਾ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਕਾਲੀਆਂ ਕਰਤੂਤਾਂ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂ ਹੈ ਅਤੇ ਹੁਣ ਉਹ ਲੋਕਾਂ ਨੂੰ ਹੋਰ ਬੁੱਧੂ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਬਾਦਲਾਂ ਲਈ ਝੂਠੀ ਮੁਆਫ਼ੀ ਨਾਲ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਸਿੰਘ, ਨਸ਼ੇ ਨਾਲ ਮਰੇ ਨੌਜਵਾਨ ਅਤੇ ਕਰਜ਼ੇ ਕਾਰਨ ਆਤਮ ਹੱਤਿਆ ਕਰ ਚੁੱਕੇ ਕਿਸਾਨ ਵਾਪਸ ਨਹੀਂ ਆਉਣ ਵਾਲੇ ਅਤੇ ਚੰਗਾ ਇਹ ਹੀ ਹੋਵੇਗਾ ਕਿ ਉਹ ਹੁਣ ਰਾਜਨੀਤੀ ਛੱਡ ਕੇ ਆਪਣੇ ਘਰ ਬੈਠ ਜਾਣ।
ਸਿੱਖ ਧਰਮ ਅਤੇ ਪੰਜਾਬ ਦਾ ਨੁਕਸਾਨ ਕਰਨ ਲਈ ਬਾਦਲਾਂ ਨੂੰ ਜ਼ਿੰਮੇਵਾਰ ਗਰਦਾਨਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨਹੀਂ ਕਰ ਸਕਿਆਂ ਜਿੰਨਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਸਰੋਤਾਂ, ਬੱਸਾਂ, ਢਾਬਿਆਂ ਆਦਿ 'ਤੇ ਕਬਜ਼ਾ ਕਰ ਕੇ ਲੋਕਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਰੇਲ ਹਾਦਸੇ ਦੌਰਾਨ ਮਾਰੇ ਲੋਕਾਂ ਨੂੰ ਮੁਆਵਜ਼ੇ ਦੇਣ ਦੀ ਮੰਗ 'ਤੇ ਮਾਨ ਨੇ ਕਿਹਾ ਕਿ ਸੁਖਬੀਰ ਖ਼ੁਦ ਦੱਸਣ ਕਿ ਉਨ੍ਹਾਂ ਨੇ ਆਪਣੇ ਰਾਜ ਦੌਰਾਨ ਕਿੰਨੇ ਕੁ ਲੋਕਾਂ ਨੂੰ ਮੁਆਵਜ਼ੇ ਦਿੱਤੇ ਸਨ।
ਇਸ ਲਈ ਉਹ ਇਸ ਘਟਨਾ ਤੇ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਆਉਣ। ਪੰਜਾਬ ਦੇ ਲੋਕਾਂ ਨੂੰ ਬਾਦਲ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਮਾਨ ਨੇ ਕਿਹਾ ਕਿ ਬਾਦਲ ਹੁਣ ਸੱਤਾ ਖੁੱਸਣ ਤੋਂ ਬਾਦਲ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਰਾਜਨੀਤੀ ਛੱਡ ਕੇ ਘਰ ਬੈਠ ਜਾਣ ਤਾਂ ਇਹ ਪੰਜਾਬ ਦੇ ਲੋਕਾਂ ਲਈ ਉੱਤਮ ਹੋਵੇਗਾ।