
ਕਿਸੇ ਵੀ ਸਿਆਸੀ ਪਾਰਟੀ ਅੰਦਰ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਸਗੋਂ ਪਾਰਟੀ ਵੱਡੀ ਹੁੰਦੀ ਹੈ ਜਿਸ ਦੇ ਝੰਡੇ ਹੇਠ ਹਜ਼ਾਰਾਂ-ਲੱਖਾਂ ਵਰਕਰ ਜੁੜੇ ਹੁੰਦੇ ਹਨ.........
ਮਾਲੇਰਕੋਟਲਾ : ਕਿਸੇ ਵੀ ਸਿਆਸੀ ਪਾਰਟੀ ਅੰਦਰ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਸਗੋਂ ਪਾਰਟੀ ਵੱਡੀ ਹੁੰਦੀ ਹੈ ਜਿਸ ਦੇ ਝੰਡੇ ਹੇਠ ਹਜ਼ਾਰਾਂ-ਲੱਖਾਂ ਵਰਕਰ ਜੁੜੇ ਹੁੰਦੇ ਹਨ। ਪਾਰਟੀ ਵਿਰੋਧੀ ਕਾਰਵਾਈਆਂ ਦੇ ਦੋਸ਼ 'ਚ ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਕਤ ਪ੍ਰਤੀਕਰਮ ਦਿੰਦਿਆਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਵਲੋਂ ਲਗਾਤਾਰ ਪਾਰਟੀ ਨੂੰ ਢਾਹ ਲਾਉਣ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬੰਦ ਨਾ ਕੀਤੇ ਜਾਣ ਕਾਰਨ ਪਾਰਟੀ ਨੇ ਮਜਬੂਰ ਹੋ ਕੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ।
ਮਾਨ ਇਥੇ ਮਾਲੇਰਕੋਟਲਾ ਕਲੱਬ ਵਿਖੇ ਸਮਾਗਮ 'ਚ ਆਏ ਹੋਏ ਸਨ। ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਨਾਲ ਸਬੰਧਤ ਪਾਰਟੀ ਯੂਨਿਟ ਦੇ ਖਹਿਰਾ ਧੜੇ ਨਾਲ ਜਾ ਖਲੋਣ ਦੇ ਕਾਰਨਾਂ ਸਬੰਧੀ ਪੁੱਛਣ 'ਤੇ ਮਾਨ ਨੇ ਕਿਹਾ ਕਿ ਲੋਕਤੰਤਰ ਅੰਦਰ ਸਹਿਮਤੀ ਅਤੇ ਅਸਹਿਮਤੀ ਬਣਦੀ ਰਹਿੰਦੀ ਹੈ। ਅਕਾਲੀ ਦਲ ਬਾਰੇ ਉਨ੍ਹਾਂ ਮਜ਼ਾਕੀਆ ਟਿਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ 1920 'ਚ ਬਣਿਆ ਸੀ ਅਤੇ ਹੁਣ 2020 'ਚ ਖ਼ਤਮ ਹੋ ਜਾਵੇਗਾ।
ਮੀ-ਟੂ ਮੁਹਿੰਮ ਦੇ ਮਾਮਲੇ 'ਚ ਘਿਰੇ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਮੁਤਾਬਕ ਚੰਨੀ ਵਿਰੁਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਸਰਕਾਰ ਕਰਨ ਲਈ ਤਿਆਰ ਨਹੀਂ ਕਿਉਂਕਿ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਕੈਪਟਨ ਤਾਂ ਖ਼ੁਦ ਅਰੂਸਾ ਨੂੰ ਸ਼ਰੇਆਮ ਨਾਲ ਲੈ ਕੇ ਫਿਰਦਾ ਹੈ, ਉਸ ਨੇ ਕੀ ਕਾਰਵਾਈ ਕਰਨੀ ਹੈ। ਇਸ ਮੌਕੇ ਡਾ.ਜਮੀਲ-ਉਰ-ਰਹਿਮਾਨ, ਐਡਵੋਕੇਟ ਗੋਬਿੰਦਰ ਮਿੱਤਲ ਸਮੇਤ ਕਈ ਹੋਰ ਪਾਰਟੀ ਆਗੂ ਵੀ ਹਾਜ਼ਰ ਸਨ।