
ਬ੍ਰੇਵਹਾਰਟ ਰਾਈਡਰਜ਼ ਦੀ ਦਿਲ ਖਿੱਚਵੀਂ ਪੇਸ਼ਕਾਰੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ-2019 ਦਾ ਪਿੜ ਬੰਨ੍ਹਿਆ
ਚੰਡੀਗੜ੍ਹ (ਸਰਦੂਲ ਸਿੰਘ ਅਬਰਾਵਾਂ) : ਕੌਮੀ ਝੰਡਾ ਦਿਵਸ ਮੌਕੇ ਅਤੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ)-2019 ਦਾ ਪਿੜ ਬੰਨਦਿਆਂ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁਖੀਆਂ ਨੇ ਸਨਿੱਚਰਵਾਰ ਨੂੰ ਚੰਡੀਗੜ੍ਹ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੇਸ਼ ਦੀ ਸੁੱਰਖਿਆ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਸਾਬਕਾ ਸੇਵਾ ਮੁਖੀ ਜਨਰਲ ਵੀ.ਪੀ ਮਲਿਕ (ਸੇਵਾਮੁਕਤ) ਅਤੇ ਏਅਰ ਚੀਫ ਮਾਰਸ਼ਲ ਬੀ.ਐਸ ਧਨੋਆ (ਸੇਵਾਮੁਕਤ) ਅਤੇ ਐਡਮਿਰਲ ਸੁਨੀਲ ਲਾਂਬਾ (ਸੇਵਾਮੁਕਤ) ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਪੰਜਾਬ ਪੁਲਿਸ ਵਲੋਂ ਗਾਰਡ ਆਫ ਆਨਰ ਦਿਤਾ ਗਿਆ ਜਦ ਕਿ ਪੁਲਿਸ ਜਵਾਨਾਂ ਨੇ ਪਾਈਪਰ ਬੈਂਡ ਦੀ ਪੇਸ਼ਕਾਰੀ ਵੀ ਦਿਤੀ ਗਈ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਡਾਇਰੈਕਟੋਰੇਟ ਦੇ ਐਨ.ਸੀ.ਸੀ ਕੈਡਿਟਸ ਅਤੇ ਸਥਾਨਕ ਸ਼ਹਿਰ ਦੇ ਸਕੂਲੀ ਬੱਚਿਆਂ ਦੇ ਨਾਲ ਹਰ ਵਰਗ ਦੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਰਸਮ ਵਿਚ ਸ਼ਾਮਲ ਹੋਏ।
ਸ਼ਰਧਾਂਜਲੀ ਦੀ ਰਸਮ ਤੋਂ ਬਾਅਦ, ਸਾਬਕਾ ਸੈਨਾ ਮੁਖੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿਲ (ਸੇਵਾਮੁਕਤ) ਨਾਲ, ਬਰੇਵਹਾਰਟਸ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਵਾਲੀ ਇਸ ਰੈਲੀ ਵਿਚ ਭਾਗ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ।
ਚੰਡੀਗੜ੍ਹ ਕਲੱਬ ਤੋਂ ਰਾਈਡ ਦੀ ਸ਼ੁਰੂਆਤ ਕਰਦਿਆਂ 425 ਮੋਟਰਸਾਇਕਲ ਸਵਾਰਾਂ ਜਿਨ੍ਹਾਂ ਵਿਚ ਸੈਨਾ ਦੀਆਂ ਪ੍ਰਮੁੱਖ ਹਸਤੀਆਂ ਅਤੇ ਫ਼ੌਜ ਵਿਚ ਸੇਵਾ ਨਿਭਾਉਣ ਵਾਲੇ ਅਧਿਕਾਰੀ ਸ਼ਾਮਲ ਸਨ, ਨੇ ਸੂਬਾ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਨੂੰ ਹੋਰ ਅੱਗੇ ਤੋਰਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਛੱਡ ਕੇ ਦਿਲੇਰੀ ਤੇ ਸ਼ਾਨਮੱਤੇ ਸਭਿਆਚਾਰ ਵਾਲੇ ਫ਼ੌਜੀਆਂ ਵਾਂਗ ਸਿਰੜ, ਜੋਸ਼ ਅਤੇ ਇੱਜ਼ਤ ਨਾਲ ਅਪਣੀ ਜ਼ਿੰਦਗੀ ਬਤੀਤ ਕਰਨੀ ਦੀ ਅਪੀਲ ਕੀਤੀ।
ਸਮੁੱਚੇ ਉੱਤਰੀ ਖੇਤਰ ਦੇ ਰਾਈਡਰਾਂ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਤਿਆਰ ਕੀਤੀ ਇਸ ਰਾਈਡ ਵਿਚ 12 ਸਮੂਹਾਂ ਦੀਆਂ ਰਾਇਲ ਐਨਫੀਲਡ ਮੋਟਰਸਾਇਕਲ ਦੀ ਹਾਜ਼ਰੀ ਦੇਖੀ ਗਈ, ਜੋ ਕਿ ਦੇਸ਼ ਦੀ ਆਨ ਲਈ ਅਪਣੀ ਜਾਨ ਵਾਰ ਦੇਣ ਵਾਲੇ ਜਵਾਨਾਂ ਦੀ ਕੁਰਬਾਨੀ ਨੂੰ ਕੌਮੀ ਝੰਡਾ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਾਬਕਾ ਫ਼ੌਜ ਅਧਿਕਾਰੀਆਂ ਨਾਲ ਸ਼ਾਮਲ ਹੋਏ ਸਨ।
ਸ਼ਾਨਦਾਰ ਐਮ.ਐਲ.ਐਫ ਦੌਰਾਨ ਅਪਣੇ ਮੋਢਿਆਂ 'ਤੇ ਨੀਲੀਆਂ ਝੰਡੀਆਂ ਨਾਲ ਸਜੇ ਵਾਲੇ, ਟ੍ਰਿਅੰਫ, ਬੀਐਮਡਬਲਯੂ, ਹਾਰਲੇ ਮੋਟਰਸਾਇਕਲ ਸਵਾਰਾਂ ਦਾ ਅਪਣੀ ਮੰਜ਼ਿਲ, ਚੰਡੀਮੰਦਰ ਛਾਉਣੀ ਵੱਲ ਵਧਦਿਆਂ ਬੜਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਕੈਨੇਡੀਅਨ ਕੌਂਸਲਰ ਜਨਰਲ ਚੰਡੀਗੜ੍ਹ ਮੀਆ ਯੇਨ, ਵਾਈ.ਪੀ.ਐਸ ਦੇ ਡਾਇਰੈਕਟਰ ਮੇਜਰ ਜਨਰਲ ਟੀ.ਪੀ.ਐਸ ਵੜੈਚ, ਅਤੇ ਓ.ਐਸ.ਡੀ / ਸੀਨੀਅਰ ਸਲਾਹਕਾਰ ਕਰਨਵੀਰ ਸਿੰਘ ਹਾਜ਼ਰ ਸਨ।
ਰਾਈਡ ਵਿਚ ਹਿੱਸਾ ਲੈਣ ਵਾਲੇ ਬਾਰ੍ਹਾਂ ਸਮੂਹਾਂ ਵਿਚ ਦਿ ਥੰਪਰਜ਼, ਦਿ ਐਫ.ਬੀ.ਆਈ. ਬੁਲਜ਼, ਦਿ ਬਜਾਜ ਐਵੈਂਜਰਜ਼, ਦਿ ਬ੍ਰਦਰਹੁੱਡ ਸਰਕਲ ਤੋਂ ਇਲਾਵਾ ਦਿ ਐਚ 100 ਟੀ, ਦਿ ਡਿਅਰਿੰਗ ਈਗਲਜ਼, ਦਿ ਰੋਡ ਸਰਵਾਈਵਰਜ਼, ਦਿ ਹਾਈਵੇ ਰਾਈਡਰਜ਼ ਅਤੇ ਦਿ ਨੋਮੈਡਜ਼, ਦਿ ਰੋਡ ਰਨਰਸ, ਦਿ ਟ੍ਰੈਗ ਐਂਡ ਦਿ ਰਾਇਲ ਐਨਫੀਲਡ ਜ਼ੀਰਕਪੁਰ ਨੇ ਬਾਰਾਂ ਰਾਈਡਰ ਗਰੁੱਪ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਐਮ.ਐਲ.ਐਫ, ਸੂਬੇ ਦੇ ਮੁੱਖ ਮੰਤਰੀ ਤੇ ਉੱਘੇ ਸੈਨਿਕ ਇਤਿਹਾਸਕਾਰ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀ. ਪੀ. ਬਦਨੌਰ ਅਤੇ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਕੀਤੀ ਸਾਂਝੀ ਪਹਿਲਕਦਮੀ ਸਦਕਾ ਅਪਣੇ ਤੀਜੇ ਸ਼ਾਨਦਾਰ ਸਾਲ ਵਿਚ ਪਹੁੰਚ ਚੁੱਕਾ ਹੈ। 13 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਤਿੰਨ ਦਿਨਾਂ ਮੈਗਾ ਈਵੈਂਟ, ਰਖਿਆ ਕਰਮੀਆਂ ਦੀ ਜ਼ਿੰਦਗੀ ਵਿਚ ਇਕ ਨਿੱਕੀ ਝਾਤ ਪੇਸ਼ ਕਰਨ ਤੋਂ ਇਲਾਵਾ, ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਮਹੱਤਤਾ ਦੇ ਮੁੱਦਿਆਂ 'ਤੇ ਉਦਾਰਵਾਦੀ, ਸੰਮਲਿਤ ਅਤੇ ਵਿਚਾਰਾਂ ਦੇ ਉਤਸ਼ਾਹਜਨਕ ਆਦਾਨ ਪ੍ਰਦਾਨ ਲਈ ਇਕ ਮੰਚ ਪ੍ਰਦਾਨ ਕਰੇਗਾ।