
ਭਾਜਪਾ ਆਗੂ ਜਿਆਣੀ ਦਾ ਦਾਅਵਾ : 9 ਦਸੰਬਰ ਨੂੰ ਮਿਲੇਗੀ ਚੰਗੀ ਖ਼ਬਰ
ਕਿਸਾਨ ਅੰਦੋਲਨ ਅੰਦਰ 'ਬਾਬੇ ਨਾਨਕ' ਦੀ ਸ਼ਕਤੀ
ਚੰਡੀਗੜ੍ਹ, 7 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਤਿੰਨ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਸਮੇਤ ਦੇਸ਼ ਦੇ ਕਿਸਾਨ ਦਿੱਲੀ ਵਿਖੇ ਡਟੇ ਹੇਏ ਹਨ। ਕਿਸਾਨ ਸੰਗਠਨਾਂ ਅਤੇ ਕੇਂਦਰ ਸਰਕਾਰ ਨਾਲ ਜੁੜੇ ਲੋਕਾਂ ਦਰਮਿਆਨ ਪੰਜ-ਪੜਾਅ ਗੱਲਬਾਤ ਕੀਤੀ ਗਈ ਹੈ। ਛੇਵੇਂ ਪੜਾਅ ਦੀ ਗੱਲਬਾਤ ਬੁੱਧਵਾਰ, 9 ਦਸੰਬਰ ਨੂੰ ਹੋਣੀ ਹੈ। ਹੁਣ ਤਕ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਹੀ ਰਹੀ ਹੈ। ਇਸ ਦੌਰਾਨ ਪੰਜਾਬ ਦੇ ਭਾਜਪਾ ਆਗੂ ਦਾ ਨਵੇਂ ਦਾਅਵਾ ਵਾਲਾ ਬਿਆਨ ਸਾਹਮਣੇ ਆਇਆ ਹੈ।
ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਿਸਾਨ ਅੰਦੋਲਨ 'ਤੇ ਕਿਹਾ ਕਿ 9 ਦਸੰਬਰ ਨੂੰ ਚੰਗੀ ਖ਼ਬਰ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦਾ ਹੱਲ ਨਿਕਲੇਗਾ ਤੇ ਕਿਸਾਨ ਅਪਣੇ ਘਰਾਂ ਨੂੰ ਮੁੜਨਗੇ। ਜਿਆਣੀ ਨੇ ਕਿਸਾਨ ਅੰਦੋਲਨ ਨੂੰ ਚਮਤਕਾਰੀ ਦਸਿਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ 'ਚ ਬਾਬੇ ਨਾਨਕ ਦੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਵੱਡੇ-ਵੱਡੇ ਪੱਥਰ ਰੱਖ ਕੇ ਰੋਕਿਆ ਜਾ ਰਿਹਾ ਸੀ ਤਾਂ ਉਸ ਵੇਲੇ ਉਹ ਪੱਥਰ ਕਿਣਕਿਆਂ ਵਾਂਗ ਉਡਦੇ ਦੇਖੇ ਗਏ ਕਿਉਂਕਿ ਉਸ ਵੇਲੇ ਉਨ੍ਹਾਂ ਅੰਦਰ ਬਾਬੇ ਨਾਨਕ ਦੀ ਸ਼ਕਤੀ ਦਾ ਸੰਚਾਰ ਹੋ ਰਿਹਾ ਸੀ।
ਕਾਂਗਰਸ ਸਣੇ ਤਮਾਮ ਸਿਆਸੀ ਪਾਰਟੀਆਂ 'ਤੇ ਹਮਲਾ ਵੀ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਦਲ ਕਿਸਾਨਾਂ ਦੇ ਨਾਂਅ 'ਤੇ ਨੌਟੰਕੀ ਕਰ ਰਹੇ ਹਨ। ਜਿਆਣੀ ਨੇ ਇਸ ਵੇਲੇ ਇਹ ਵੀ ਕਿਹਾ ਕਿ ਦੋਹਾਂ ਧਿਰਾਂ ਨੂੰ ਇਸ ਮਸਲੇ ਨੂੰ ਵਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਤੇ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲੈਣਾ ਚਾਹੀਦਾ ਹੈ।