
ਰਣਸੀਂਹ ਕਲਾਂ ਦੀ ਪੰਚਾਇਤ ਵਲੋਂ
ਅਪਣੇ ਕੌਮੀ ਐਵਾਰਡ ਤੇ 18 ਲੱਖ ਇਨਾਮੀ ਰਾਸ਼ੀ ਕੇਂਦਰ ਸਰਕਾਰ ਨੂੰ ਮੋੜਨ ਦਾ ਫ਼ੈਸਲਾ
ਨਿਹਾਲ ਸਿੰਘ ਵਾਲਾ, 7 ਦਸੰਬਰ (ਪਪ): ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਵਲੋਂ ਦੋ ਪੁਰਸਕਾਰ ਤੇ ਇਨਾਮੀ ਰਾਸ਼ੀ 18 ਲੱਖ ਰੁਪਏ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕਰ ਦਿਤਾ ਹੈ।
ਪਿੰਡ ਦੇ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਨੇ ਕਿਹਾ ਕਿ ਸਾਡੀ ਪੰਚਾਇਤ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੈ। ਸਾਡੀ ਪੰਚਾਇਤ ਨੂੰ ਕੇਦਰ ਵਲੋਂ ਦੋ ਰਾਸ਼ਟਰੀ ਪੁਰਸਕਾਰ ਮਿਲੇ ਅਤੇ ਨਾਲ ਹੀ 18 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ ਸੀ।
ਉਨ੍ਹਾਂ ਕਿਹਾ ਕਿ ਪੰਚਾਇਤ ਨੇ ਫੈਂਸਲਾ ਕੀਤਾ ਹੈ ਕਿ ਅਸੀਂ ਪੁਰਸਕਾਰਾਂ ਸਮੇਤ ਅਪਣੀ 18 ਲੱਖ ਦੀ ਰਾਸੀ ਕੇਂਦਰ ਨੂੰ ਵਾਪਸ ਕਰਦੇ ਹਾਂ। ਸਰਪੰਚ ਮਿੰਟੂ ਨੇ ਕਿਹਾ ਕਿ ਜਿਹੜੀ ਕੇਂਦਰ ਦੀ ਸਰਕਾਰ ਸਾਡੇ ਕਿਸਾਨਾਂ ਨੂੰ ਸੜਕਾਂ 'ਤੇ ਰੋਲ ਰਹੀ ਹੈ। ਅਸੀਂ ਉਸ ਵਲੋਂ ਦਿਤੇ ਪੁਰਸਕਾਰ ਤੇ ਪੈਸਿਆਂ ਦਾ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਪੁਸਰਕਾਰ ਤੇ 18 ਲੱਖ ਰੁਪਏ ਖ਼ੁਦ ਦਿੱਲੀ ਜਾ ਕੇ ਵਾਪਸ ਕਰਾਂਗੇ।