
ਕੇਂਦਰ ਵਲੋਂ ਗੱਲਬਾਤ ਦਾ ਸੱਦਾ ਵੀ ਤੇ ਜੰਗ ਵਰਗੇ ਮੁਕਾਬਲੇ ਦੀ ਤਿਆਰੀ ਵੀ
ਦਿੱਲੀ ਦੀਆਂ ਸਰਹੱਦਾਂ ਉਤੇ ਜੈਮਰ ਤਕ ਲਾਏ g ਹੰਝੂ ਗੈਸ ਤੇ ਪਾਣੀ ਸੁੱਟਣ ਵਾਲੀਆਂ ਜਲ ਤੋਪ ਗੱਡੀਆਂ ਦੀ ਧਰਨੇ ਦੁਆਲੇ ਵੱਡੀ ਗਿਣਤੀ ਵਿਚ ਤੈਨਾਤੀ
ਚੰਡੀਗੜ੍ਹ, 7 ਦਸੰਬਰ (ਗੁਰਉਪਦੇਸ਼ ਭੁੱਲਰ): ਇਕ ਪਾਸੇ ਜਿੱਥੇ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ 9 ਦਸੰਬਰ ਨੂੰ ਚੰਗੀ ਖ਼ਬਰ ਮਿਲਣ ਦੇ ਭਾਜਪਾ ਆਗੂ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ ਉਤੇ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਸਰਹੱਦਾਂ ਉਤੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਵਾਪਸ ਭੇਜ ਦੇਣ ਦੀ ਅਪੀਲ ਬਾਅਦ ਵੀ ਕੇਂਦਰ ਦੀ ਨੀਅਤ ਉਤੇ ਸ਼ੰਕੇ ਖੜੇ ਹੋ ਰਹੇ ਹਨ। ਕਿਸਾਨ ਆਗੂ ਹੁਣ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ ਹਨ ਤੇ ਇਸ ਤੋਂ ਇਕ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ। 9 ਦਸੰਬਰ ਦੀ ਮੀਟਿੰਗ ਵਿਚ ਵੀ ਸਿਰਫ਼ ਹਾਂ ਜਾਂ ਨਾਂਹ ਵਿਚ ਹੀ ਜਵਾਬ ਪੁਛਿਆ ਜਾਵੇਗਾ।
ਕਿਸਾਨ ਆਗੂਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਕੇਂਦਰ ਸਰਕਾਰ ਸਰਹੱਦਾਂ ਉਤੇ ਸੁਰੱਖਿਆ ਲਗਾਤਾਰ ਵਧਾ ਰਹੀ ਹੈ।
ਦਿਨੋ ਦਿਨ ਫ਼ੋਰਸ ਵਧ ਰਹੀ ਹੈ। ਜੈਮਰ ਤਕ ਲਾ ਦਿਤੇ ਗਏ ਹਨ। ਹੰਝੂ ਗੈਸ ਦੇ ਗੋਲੇ ਦਾਗਣ ਵਾਲੀਆਂ ਗੱਡੀਆਂ ਚਾਰੇ ਪਾਸੇ ਤੈਨਾਤ ਹਨ ਤੇ ਦੋ ਦਰਜਨ ਤੋਂ ਵੱਧ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਜਲ ਤੋਪਾਂ ਵਾਲੀਆਂ ਗੱਡੀਆਂ ਧਰਨੇ ਦੁਆਲੇ ਮੌਜੂਦ ਹਨ।
ਦਸਿਆ ਗਿਆ ਕਿ ਹੁਣ ਤਾਂ ਦਿੱਲੀ ਦੀਆਂ ਸਰਹੱਦਾਂ ਨੇੜੇ ਰਿਹਾਇਸ਼ੀ ਇਲਾਕਿਆਂ ਵਲ ਜਾਂਦੀਆਂ ਤੰਗ ਗਲੀਆਂ ਵਿਚ ਵੀ ਨਾਕੇ ਲਾ ਕੇ ਫ਼ੋਰਸ ਤੈਨਾਤ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਵੇਂ ਕਿਸੇ ਦੁਸ਼ਮਣ ਦੇਸ਼ ਦੀ ਫ਼ੌਜ ਨਾਲ ਸਰਹੱਦ ਉਤੇ ਮੁਕਾਬਲਾ ਕਰਨਾ ਹੋਵੇ। ਰੇਤ ਦੇ ਭਰੇ ਟਿੱਪਰ ਤੇ ਟਰੱਕ ਵੀ ਖੜੇ ਕੀਤੇ ਹਨ। ਭਾਰਤ ਬੰਦ ਤੋਂ ਬਾਅਦ ਦੀਆਂ ਪੈਦਾ ਹੋਣ ਵਾਲੀਆਂ ਸਥਿਤੀਆਂ ਅਤੇ 9 ਦਸੰਬਰ ਨੂੰ ਗੱਲਬਾਤ ਟੁੱਟ ਜਾਣ ਦੀ ਸੂਰਤ ਵਿਚ ਕੇਂਦਰ ਸਰਕਾਰ ਸਖ਼ਤੀ ਦਾ ਰਸਤਾ ਅਖ਼ਤਿਆਰ ਕਰ ਸਕਦੀ ਹੈ ਕਿਉਂਕਿ ਇਸ ਸਮੇਂ ਦਿੱਲੀ ਦੀਆਂ ਮੁੱਖ ਸਰਹੱਦਾਂ ਸੀਲ ਹੋਣ ਕਾਰਨ ਦਿੱਲੀ ਆਉਣ-ਜਾਣ ਵਾਲੇ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ।image