
'ਕੈਪਟਨ ਸਰਕਾਰ 'ਚ ਸਿੱਧੂ ਮੂਸੇਵਾਲਾ ਖ਼ਿਲਾਫ਼ ਪਰਚੇ ਕਰਕੇ ਤੰਗ-ਪ੍ਰੇਸ਼ਾਨ ਕੀਤਾ ਗਿਆ'
ਚੰਡੀਗੜ੍ਹ : ਪੰਜਾਬ ਦੇ ਭਲੇ ਅਤੇ ਵਿਕਾਸ ਲਈ ਕੀਤੇ ਗਏ ਐਲਾਨਾਂ ਨੂੰ ਹਕੀਕੀ ਰੂਪ ਦੇਣ ਲਈ ਕੀਤੀ ਮਿਹਨਤ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 70 ਦਿਨਾਂ ਦਾ ਸਫ਼ਰ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਨੂੰ ਇਸ ਸਫ਼ਰ ਵਿਚ ਆਈਆਂ ਦਿੱਕਤਾਂ ਅਤੇ ਮਿਲੀ ਸਫ਼ਲਤਾ ਬਾਰੇ ਵਿਸਥਾਰ ਨਾਲ ਜਾਣਨ ਲਈ ਰੋਜ਼ਾਨਾ ਸਪੋਕੇਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਗਲਬਾਤ ਕੀਤੀ ਗਈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼:
Charanjit Singh Channi
ਸਵਾਲ : ਤੁਹਾਡੇ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲੇ ਜਾਣ 'ਤੇ ਲੋਕਾਂ ਵਿਚ ਇਕ ਨਵੀਂ ਉਮੀਦ ਜਾਗੀ ਸੀ?
ਜਵਾਬ: ਅਸੀਂ ਹਰ ਸਮੇਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਨਵੀਂ ਸੋਚ ਲੈ ਕੇ ਆਈਏ ਅਤੇ ਲੋਕਾਂ ਵਿਚ ਨਵੀਆਂ ਉਮੀਦਾਂ ਜਾਗੀਆਂ ਹਨ। ਅਸੀਂ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਹਾਂ, ਪੰਜਾਬ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਅਸੀਂ ਨਿਰੰਤਰ ਅਤੇ ਅਣਥੱਕ ਮਿਹਨਤ ਕਰ ਰਹੇ ਹਾਂ।
Charanjit Singh Channi and Nimrat Kaur
ਸਵਾਲ : 70 ਦਿਨ-70 ਫ਼ੈਸਲੇ, ਜਿਨ੍ਹਾਂ ਵਿਚੋਂ ਇੱਕ ਫੈਸਲਾ 'ਮੇਰਾ ਘਰ ਮੇਰੇ ਨਾਮ' ਹੈ, ਇਸ ਦਾ ਖ਼ਿਆਲ ਕਿਸ ਤਰ੍ਹਾਂ ਆਇਆ?
ਜਵਾਬ : ਮੈਂ ਜਾਂ ਸਾਡੀ ਸਰਕਾਰ ਉਹ ਫ਼ੈਸਲੇ ਲੈਂਦੀ ਹੈ ਜੋ ਅਸੀਂ ਪਿੰਡੇ 'ਤੇ ਮੁਸੀਬਤਾਂ ਹੰਡਾਈਆਂ ਹਨ। ਉਨ੍ਹਾਂ ਮਸਲਿਆਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲੇ ਲਏ ਜਾਂਦੇ ਹਨ ਜਿਹੜੇ ਇੱਕ ਆਮ ਅਤੇ ਗ਼ਰੀਬ ਵਰਗ ਭੁਗਤ ਰਿਹਾ ਹੈ। ਲਾਲ ਲਕੀਰ ਦੇ ਅੰਦਰ ਆਉਂਦੇ ਕਰੀਬ 13 ਹਜ਼ਾਰ ਪਿੰਡਾਂ ਦੀ ਇਹ ਵੱਡੀ ਸਮੱਸਿਆ ਹਾਂ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੇ ਆਪਣੇ ਨਾਮ ਨਹੀਂ ਹਨ, ਸਿਰਫ ਉਨ੍ਹਾਂ ਕੋਲ ਕਬਜ਼ਾ ਹੈ। ਮੱਧ ਵਰਗ ਦੇ ਉਹ ਲੋਕ ਜਿਨ੍ਹਾਂ ਕੋਲ ਕੋਈ ਹੋਰ ਜਾਇਦਾਦ ਨਹੀਂ ਹੈ ਉਨ੍ਹਾਂ ਲਈ ਇਹ ਸਮੱਸਿਆ ਗੰਭੀਰ ਹੈ ਕਿਉਂਕਿ ਜੇ ਉਨ੍ਹਾਂ ਨੂੰ ਕੋਈ ਕਰਜ਼ਾ ਲੈਣਾ ਪਵੇ ਤਾਂ ਉਹ ਆਪਣੇ ਘਰ ਦੀ ਰਜਿਸਟਰੀ ਵੀ ਬੈਂਕ ਵਿਚ ਨਹੀਂ ਰੱਖ ਸਕਦੇ। ਇਹ ਸਮੱਸਿਆ ਮੈਂ ਸ਼ੁਰੂ ਤੋਂ ਦੇਖਦਾ ਆਇਆ ਹਾਂ ਇਸ ਕਰ ਕੇ ਅਸੀਂ ਇਹ ਫ਼ੈਸਲਾ ਲਿਆ ਹੈ ਕਿ ਡਰੋਨ ਰਾਹੀਂ ਸਰਵੇ ਕਰਵਾ ਕੇ ਜਿਹੜਾ ਘਰ ਜਿਸ ਦਾ ਹਾਂ ਉਸ ਦੇ ਨਾਮ ਕਰਵਾਇਆ ਜਾਵੇਗਾ ਤਾਂ ਜੋ ਘੱਟ ਤੋਂ ਘੱਟ ਉਹ ਆਪਣੇ ਘਰ ਦਾ ਮਾਲਕ ਬਣ ਸਕੇ।
Charanjit Singh Channi
ਸਵਾਲ : ਤੁਸੀਂ ਸਸਤੀ ਬਿਜਲੀ ਮੁਹੱਈਆ ਕਰਵਾਉਣ ਵਰਗੇ ਕਈ ਅਹਿਮ ਫ਼ੈਸਲੇ ਲਏ ਹਨ, ਬਿਜਲੀ ਪੈਦਾ ਕਰਨ ਲਈ ਸੂਰਜ ਦੀਆਂ ਕਿਰਨਾਂ ਦੀ ਵਰਤੋਂ ਵਾਲਾ ਵਿਚਾਰ ਕਿਸ ਤਰ੍ਹਾਂ ਆਇਆ?
ਜਵਾਬ : ਯੁੱਗ ਬਦਲ ਰਿਹਾ ਹਾਂ ਤਾਂ ਉਸ ਦੇ ਨਾਲ ਨਾਲ ਤਰੀਕੇ ਵੀ ਬਦਲ ਰਹੇ ਹਨ। ਕੋਲੇ ਤੋਂ ਬਿਜਲੀ ਦੀ ਪੈਦਾਵਾਰ ਮਹਿੰਗੀ ਪੈਂਦੀ ਹੈ, ਇਸ ਲਈ ਸੂਰਜੀ ਪ੍ਰਕਾਸ਼ ਇਕ ਵਧੀਆ ਬਦਲ ਹੈ। ਇਸ ਮਸਲੇ ਦਾ ਹਲ੍ਹ ਕਰਨ ਲਈ ਭਾਵੇਂ ਕਿ ਪਿਛਲੀ ਸਰਕਾਰ ਨੇ ਅਤੇ ਬਾਦਲਾਂ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਬਾਦਲ ਸਰਕਾਰ ਵੇਲੇ ਉਹ ਰੇਟ ਇਸ ਤਰੀਕੇ ਨਾਲ ਕਰਦੇ ਸਨ ਕਿ ਉਨ੍ਹਾਂ ਦਾ ਆਪਣਾ ਹਿੱਸਾ ਇਸ ਵਿਚ ਹੁੰਦਾ ਸੀ। ਉਨ੍ਹਾਂ ਨੇ 17 ਰੁਪਏ 91 ਪੈਸੇ ਪ੍ਰਤੀ ਯੂਨਿਟ ਬਿਜਲੀ ਖ਼ਰੀਦੀ ਜਿਸ ਨੂੰ ਅਸੀਂ ਹੁਣ 2 ਰੁਪਏ 38 ਪੈਸੇ 'ਤੇ ਖ਼ਰੀਦਿਆ ਹੈ। ਬਿਜਲੀ ਦੇ ਰੇਟ ਵੱਧ ਹੋਣ ਦਾ ਕਾਰਨ ਇਹ ਸੀ ਕਿ ਉਸ ਵਿਚ ਆਪਣੇ ਹਿੱਸੇਦਾਰੀ ਰੱਖੀ ਜਾਂਦੀ ਸੀ, ਅਫਸਰਾਂ ਅਤੇ ਠੇਕੇਦਾਰਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਸੀ ਪਰ ਹੁਣ ਇਹ ਸਭ ਖ਼ਤਮ ਹੋ ਗਿਆ ਹੈ।
Nimrat Kaur
ਸਵਾਲ : ਇਹ ਸਰਕਾਰੀ ਮਾਫ਼ੀਆ ਹੈ ਜਿਹੜਾ ਤੁਸੀਂ ਕਾਬੂ ਕਰ ਰਹੇ ਹੋ?
ਜਵਾਬ : ਅਸੀਂ ਬਿਜਲੀ ਦੀਆਂ ਕੀਮਤਾਂ ਘੱਟ ਕੀਤੀਆਂ ਹਨ ਜਿਹੜੀਆਂ ਆਉਣ ਵਾਲੇ ਸਮੇਂ ਵਿਚ ਹੋਰ ਘੱਟ ਕੀਤੀਆਂ ਜਾਣਗੀਆਂ। ਬਿਜਲੀ ਦੇ ਪੁਰਾਣੇ ਸਮਝੌਤੇ ਰੱਦ ਕਰ ਦਿੱਤੇ ਹਨ ਇਸ ਕਰ ਕੇ ਹੀ ਅਸੀਂ ਬਿਜਲੀ ਸਸਤੀ ਕੀਤੀ ਹੈ।
ਸਵਾਲ : ਇੱਕ ਯੂਨਿਟ ਵਿਚ 15 ਰੁਪਏ ਦੀ ਚੋਰੀ ਸੀ?
ਜਵਾਬ : ਇਸ ਨੂੰ ਚੋਰੀ ਕਿਹਾ ਜਾਵੇ ਜਾਂ ਹੇਰਾਰਫੇਰੀ ਪਰ ਹਰ ਸਾਲ 1700 ਕਰੋੜ ਰੁਪਏ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਜਾ ਰਹੇ ਸਨ ਜਿਹੜਾ ਕਿ ਅਸੀਂ ਬੰਦ ਕੀਤਾ ਹੈ। ਸਵਾਲ : ਦਿੱਲੀ ਦੇ ਮੁੱਖ ਮੰਤਰੀ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਕਰੀਬ 50 ਹਜ਼ਾਰ ਕਰੋੜ ਦਾ ਰੇਤਾ ਮਾਫ਼ੀਆ ਚਲ ਰਿਹਾ ਹੈ ਕੀ ਇਹ ਠੀਕ ਹੈ?
ਜਵਾਬ : ਉਹ ਸਟੰਟਮੈਨ ਹੈ, ਬਿਨ੍ਹਾਂ ਮਤਲਬ ਦੇ ਸਟੰਟ ਕਰਦਾ ਹਾਂ ਅਤੇ ਗ਼ਲਤ ਬੋਲਦਾ ਹੈ ਮੈਂ ਗੱਲ ਕੀਤੀ ਸੀ ਕਿ ਪਹਿਲਾਂ ਚਿੱਟੇ ਅੰਗਰੇਜ਼ ਸਨ ਤੇ ਹੁਣ ਕਾਲੇ ਯਾਨੀ ਇੰਡੀਅਨ ਅੰਗਰੇਜ਼ ਆ ਗਏ ਹਨ ਪਰ ਉਨ੍ਹਾਂ ਨੇ ਇਸ ਗੱਲ 'ਤੇ ਜੋ ਬਿਆਨ ਦਿੱਤਾ ਹਾਂ ਉਹ ਨਿੰਦਣਯੋਗ ਹੈ ਜਿਸ ਦਾ ਉਨ੍ਹਾਂ ਨੂੰ ਇੱਕ ਦਿਨ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਨੇ ਮੈਨੂੰ ਗਾਲ੍ਹ ਕੱਢੀ ਹੈ ਉਨ੍ਹਾਂ ਕਿਹਾ ਕਿ 'ਚੰਨੀ ਨੇ ਮੈਨੂੰ ਰਿਸ਼ਤਾ ਕਰਵਾਉਣਾ ਹੈ?' ਇਹ ਗੱਲ ਧੀਆਂ ਭੈਣਾਂ 'ਤੇ ਚਲ ਗਈ ਹੈ ਜੋ ਬਰਦਾਸ਼ਣਯੋਗ ਨਹੀਂ ਹੈ। ਰਾਜਨੀਤੀ ਵਿਚ ਰਾਜਨੀਤੀ ਕਰੋ,ਬੋਲੋ ਪਰ ਇਸ ਤਰ੍ਹਾਂ ਦੀ ਗੱਲ ਕਿ 'ਰਿਸ਼ਤਾ ਕਰਨਾ ਮੈਨੂੰ' ਨਾ ਕਰੋ ਕੀ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਅਜਿਹੀਆਂ ਟਿੱਪਣੀਆਂ ਦਿੰਦਿਆਂ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ? ਉਹ ਮੇਰੇ 'ਤੇ ਨਿੱਜੀ ਹਮਲੇ ਕਰ ਸਕਦੇ ਹਨ ਪਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਬਾਰੇ ਉਨ੍ਹਾਂ ਵਲੋਂ ਬੋਲੇ ਇਹ ਸ਼ਬਦ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ, ਉਹ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ ਅਤੇ ਪੰਜਾਬ 'ਤੇ ਰਾਜ ਕਰਨਾ ਚਾਹੁੰਦੇ ਹਨ ਜਿਸ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਪਰ ਸਿਆਸਤ ਵਿਚ ਬੋਲਣ ਦਾ ਵੀ ਇੱਕ ਮਿਆਰ ਹੁੰਦਾ ਹੈ ਪਰ ਉਹ ਇਸ ਪੱਧਰ ਤੋਂ ਵੀ ਹੇਠਾਂ ਡਿੱਗ ਗਏ ਹਨ ਮੈਂ ਉਸ ਬੰਦੇ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ।
Nimrat Kaur
ਸਵਾਲ : ਤੁਸੀਂ ਉਦਯੋਗ ਖੇਤਰ ਲਈ ਕਈ ਵੱਡੇ ਫ਼ੈਸਲੇ ਲਏ ਹਨ। ਕੀ ਤੁਹਾਨੂੰ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਉਦਯੋਗ ਨੂੰ ਹੁੰਗਾਰਾ ਮਿਲੇਗਾ?
ਜਵਾਬ : ਖੇਤੀ ਵਿਚ ਅਸੀਂ ਜਿੰਨਾ ਜ਼ੋਰ ਲਗਾਉਣਾ ਸੀ ਉਹ ਲਗਾ ਚੁੱਕੇ ਹਾਂ। ਯੂਰੀਆ ਦੀ ਵਰਤੋਂ ਕਰ ਕੇ ਅਸੀਂ ਆਪਣੇ ਖੇਤ ਖ਼ਰਾਬ ਕਰ ਲਏ ਹਨ। ਕਈ ਦੇਸ਼ਾਂ ਵਲੋਂ ਸਾਡੀ ਫ਼ਸਲ ਨੂੰ ਨਕਾਰਿਆ ਜਾ ਰਿਹਾ ਹੈ ਸਾਡੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ ਇਸ ਲਈ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਆਰਗੈਨਿਕ ਫਾਰਮਿੰਗ ਵਲ ਜਾਈਏ ਅਤੇ ਸਾਨੂੰ ਉਦਯੋਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਸਭ ਲਈ ਅਸੀਂ ਵਪਾਰੀਆਂ ਦੇ ਕਰੀਬ 40 ਹਜ਼ਾਰ ਕੇਸ ਖ਼ਤਮ ਕਰ ਦਿੱਤੇ ਹਨ ਪੰਜਾਬ ਹੁਣ ਸਿਰਫ ਖੇਤੀ ਪ੍ਰਧਾਨ ਸੂਬਾ ਹੀ ਨਹੀਂ ਸਗੋਂ ਉਦਯੋਗ ਵਿਚ ਵੀ ਨਵੀਆਂ ਉਚਾਈਆਂ 'ਤੇ ਪਹੁੰਚੇਗਾ ਅਤੇ ਇਸ ਲਈ ਨਵੀਂ ਸੋਚ ਅਤੇ ਨਵੀਂ ਤਕਨੀਕ ਨੂੰ ਲਿਆਉਣ ਦੀ ਲੋੜ ਹੈ। ਇਸ ਲਈ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਅਤੇ ਪੰਜਾਬ ਵਿਚ ਮੌਜੂਦਾ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਹੋਰ ਉਦਯੋਗ ਲਿਆਉਣ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Charanjit Singh Channi and Nimrat Kaur
ਸਵਾਲ : ਤੁਹਾਡੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਤੁਸੀਂ 'ਲਾਲੀਪੌਪ' ਵੰਡ ਰਹੇ ਹੋ। ਜੋ ਵੀ ਐਲਾਨ ਕਰ ਰਹੇ ਹੋ ਕੀ ਉਸ ਦੀ ਕੋਈ ਯੋਜਨਾ ਵੀ ਬਣਾਈ ਹੈ ਕਿ ਉਸ ਨੂੰ ਪੂਰਾ ਕਿਵੇਂ ਕਰਨਾ ਹੈ?
ਜਵਾਬ : ਜੋ ਵੀ ਕੀਤਾ ਹੈ ਸਭ ਕੁਝ ਵਿਉਂਤਬੱਧ ਤਰੀਕੇ ਨਾਲ ਕੀਤਾ ਗਿਆ ਹੈ। ਬਿਜਲੀ ਦੀਆਂ ਕੀਮਤਾਂ ਘੱਟ ਕੀਤੀਆਂ ਹਨ ਤਾਂ ਉਹ ਬਿਜਲੀ ਦੇ ਸਮਝੌਤੇ ਰੱਦ ਕਰ ਕੇ ਘਟਾਈਆਂ ਹਨ। ਅਸੀਂ ਸੋਲਰ ਐਨਰਜੀ ਖਰੀਦਣੀ ਸ਼ੁਰੂ ਕੀਤੀ ਹੈ ਤਾਂ ਬਿਜਲੀ ਦੇ ਰੇਟ ਘੱਟ ਹੋਏ ਹਨ ਇਸ ਨਾਲ ਸਾਨੂੰ ਫਾਇਦਾ ਹੋ ਰਿਹਾ ਹੈ। ਪੈਟਰੋਲ ਦੀਆਂ ਕੀਮਤਾਂ 10 ਰੁਪਏ ਘੱਟ ਕੀਤੀਆਂ ਗਈਆਂ ਹਨ ਅਤੇ ਉਸ ਲਈ ਪੈਟਰੋਲ 'ਤੇ ਲਿਆ ਜਾਂਦਾ ਟੈਕਸ ਘੱਟ ਕੀਤਾ ਹੈ ਨਾ ਕਿ ਆਪਣੇ ਕੋਲੋਂ ਦੇਣਾ ਸ਼ੁਰੂ ਕੀਤਾ ਹੈ।
ਡੀਜ਼ਲ 5 ਰੁਪਏ ਸਸਤਾ ਕੀਤਾ ਗਿਆ ਹੈ ਪਰ ਉਸ ਵਿਚ ਅਸੀਂ ਪੱਲਿਓਂ ਕੁਝ ਵੀ ਨਹੀਂ ਪਾ ਰਹੇ ਸਗੋਂ ਗਾਹਕ ਤੋਂ ਕੀਤੀ ਜਾ ਰਹੀ ਵਸੂਲੀ ਨੂੰ ਘਟਾਇਆ ਹੈ। ਅਸੀਂ ਲੋਕਾਂ ਦਾ ਪੈਸੇ ਲੋਕਾਂ ਨੂੰ ਦੇ ਰਹੇ ਹਾਂ। ਇਸ ਤਰ੍ਹਾਂ ਹੀ 1700 ਕਰੋੜ ਰੁਪਏ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਜਾ ਰਹੇ ਸਨ। ਅਸੀਂ ਇਨ੍ਹਾਂ ਦੀਆਂ ਬੱਸਾਂ ਰੋਕ ਰਹੇ ਹਾਂ ਅਤੇ ਇਨ੍ਹਾਂ ਦੀਆਂ ਬੱਸਾਂ 'ਤੇ ਟੈਕਸ ਵਿਚ ਵਾਧਾ ਕੀਤਾ। ਇਨ੍ਹਾਂ ਨੇ ਆਮ ਬੱਸਾਂ ਦੇ ਕਿਰਾਏ ਵਧਾਏ ਹੋਏ ਸਨ ਅਤੇ ਲਗਜ਼ਰੀ ਬੱਸਾਂ ਦੇ ਘੱਟ ਕੀਤੇ ਸਨ ਜਿਸ ਦਾ ਬੋਝ ਆਮ ਲੋਕਾਂ 'ਤੇ ਪੈਂਦਾ ਸੀ। ਅਸੀਂ ਇਸ ਨੂੰ ਉਲਟ ਕਰ ਦਿੱਤਾ ਹੈ ਕਿਉਂਕਿ ਇਸ ਦਾ ਬੋਝ ਗ਼ਰੀਬ ਲੋਕਾਂ 'ਤੇ ਨਹੀਂ ਪੈਣਾ ਚਾਹੀਦਾ। ਇਸ ਤੋਂ ਇਲਾਵਾ ਬਿਨ੍ਹਾਂ ਟੈਕਸ ਦਿੱਤੇ ਗ਼ਲਤ ਢੰਗ ਨਾਲ ਚਲ ਰਹੀਆਂ ਬੱਸਾਂ ਨੂੰ ਫੜ੍ਹ ਕੇ ਅੰਦਰ ਦਿਤਾ ਜਾ ਰਿਹਾ ਹੈ। ਹੁਣ ਇਨ੍ਹਾਂ ਨੇ ਸਾਡੇ 14 ਕਰੋੜ ਰੁਪਏ ਭਰੇ ਹਨ ਜਿਹੜੇ ਇਨ੍ਹਾਂ ਨੇ ਰੋਕਿਆ ਹੋਇਆ ਸੀ। ਇਹ ਚੀਜ਼ਾਂ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆਉਣਗੀਆਂ। ਜਿਹੜੇ ਲੋਕ ਪੰਜਾਬ ਨੂੰ ਲੁੱਟ ਰਹੇ ਹਨ ਉਹ ਸਾਹਮਣੇ ਆ ਰਹੇ ਹਨ ਅਤੇ ਸਾਫ ਸੁਥਰਾ ਕੰਮ ਕਰਨ ਵਾਲਿਆਂ ਨੂੰ ਮੌਕਾ ਮਿਲ ਰਿਹਾ ਹੈ।
Nimrat Kaur
ਸਵਾਲ : ਇਹ ਕਿਹਾ ਜਾਂਦਾ ਹੈ ਕਿ ਖ਼ਜ਼ਾਨਾ ਖ਼ਾਲੀ ਹੈ। ਇਸ ਨੂੰ ਭਰਿਆ ਕਿਵੇਂ ਜਾਵੇਗਾ ?
ਜਵਾਬ : ਖ਼ਜ਼ਾਨਾ ਭਰਨ ਦਾ ਇੱਕ ਤਰੀਕਾ ਹੈ। ਹਰ ਸਾਲ ਖ਼ਜ਼ਾਨਾ ਭਰਿਆ ਜਾਂਦਾ ਹੈ ਅਤੇ ਹਰ ਸਾਲ ਹੀ ਖ਼ਾਲੀ ਹੁੰਦਾ ਹੈ। 31 ਮਾਰਚ ਨੂੰ ਜੋ ਬਜਟ ਪੇਸ਼ ਕੀਤਾ ਜਾਂਦਾ ਹੈ ਉਸ ਵਿਚ ਅਗਲੇ ਸਾਲ ਦਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਪਿਛਲੇ ਸਾਲ ਦਾ ਖ਼ਤਮ ਕੀਤਾ ਜਾਂਦਾ ਹੈ। ਇਹ ਇਕ ਪ੍ਰਕਿਰਿਆ ਹੈ ਜੋ ਹਰ ਸਾਲ ਹੁੰਦੀ ਹੈ। ਇਹ ਨਹੀਂ ਕਹਿ ਸਕਦੇ ਕਿ ਖ਼ਜ਼ਾਨਾ ਖ਼ਾਲੀ ਹੈ ਸਗੋਂ ਖ਼ਜ਼ਾਨੇ ਦੇ ਪੈਸੇ ਨੂੰ ਗ਼ਰੀਬਾਂ ਲਈ ਵਰਤਣਾ ਹੈ ਜਾਂ ਅਮੀਰਾਂ ਨੂੰ ਹੀ ਦੇਣਾ ਹੈ ਇਹ ਫ਼ੈਸਲਾ ਸਰਕਾਰਾਂ ਨੇ ਲੈਣਾ ਹੁੰਦਾ ਹੈ। ਅੱਜ ਪੰਜਾਬ ਵਿਚ ਜਿਹੜੀ ਸਰਕਾਰ ਹੈ ਉਹ ਆਮ ਲੋਕਾਂ ਦੀ ਦੇਖ ਭਾਲ ਕਰ ਰਹੀ ਹੈ। ਇਹ ਮੱਧ ਵਰਗ ਅਤੇ ਗ਼ਰੀਬ ਪ੍ਰਵਾਰਾਂ ਦੀ ਦੇਖ ਭਾਲ ਕਰ ਰਹੀ ਹੈ। ਮੌਜੂਦਾ ਸਰਕਾਰ ਆਮ ਲੋਕਾਂ ਅਤੇ ਕਿਸਾਨਾਂ ਦੀ ਸਰਕਾਰ ਹੈ ਨਾ ਕਿ ਉਨ੍ਹਾਂ ਅਮੀਰਾਂ ਦੀ ਜੋ ਆਪਣਾ ਧਿਆਨ ਖ਼ੁਦ ਰੱਖ ਸਕਦੇ ਹਨ। ਜਿਸ ਦਾ ਕੋਈ ਨਹੀਂ ਕਰ ਪਾ ਰਿਹਾ ਅਸੀਂ ਉਸ ਦਾ ਖ਼ਿਆਲ ਰੱਖ ਰਹੇ ਹਾਂ।
Charanjit Singh Channi
ਸਵਾਲ : ਤੁਸੀਂ ਜਿਹੜੀ ਵੈਲਫ਼ੇਅਰ ਸਟੇਟ ਦੀ ਗੱਲ ਕਰਦੇ ਹੋ ਉਸ ਦੀ ਪੂਰੀ ਯੋਜਨਾ ਹੈ?
ਜਵਾਬ ; ਅਸੀਂ ਇੱਕ ਵੈਲਫ਼ੇਅਰ ਸਟੇਟ ਹਾਂ ਤਾਂ ਸਾਨੂੰ ਵੈਲਫ਼ੇਅਰ ਦੇ ਕੰਮ ਵੀ ਕਰਨੇ ਪੈਣਗੇ। ਦੁੱਖ ਇਸ ਗੱਲ ਦਾ ਹੈ ਕਿ ਅੱਜ ਤਕ ਕਿਸੇ ਨੇ ਵੀ ਸਿੱਖਿਆ, ਸਿਹਤ ਅਤੇ ਹੋਰ ਵੈਲਫ਼ੇਅਰ ਸਕੀਮਾਂ ਵਿਚ ਕੰਮ ਨਹੀਂ ਕੀਤਾ। ਕੀ ਆਟਾ ਦਾਲ ਦੇਣ ਨਾਲ ਦੇਸ਼ ਦੀ ਤਰੱਕੀ ਹੋ ਜਾਵੇਗੀ? ਇਹ ਕਿੰਨੀ ਹਾਸੋਹੀਣੀ ਅਤੇ ਸ਼ਰਮਨਾਕ ਗੱਲ ਹੈ ਕਿ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਆਟਾ-ਦਾਲ ਨਹੀਂ ਆਟਾ-ਆਲੂ ਦਿੱਤੇ ਜਾਣਗੇ। ਕੀ ਤੁਸੀਂ ਗ਼ਰੀਬ ਦੀ ਸੋਚ ਨੂੰ ਇਥੇ ਹੀ ਰੱਖੋਗੇ। ਕੀ ਆਟੇ ਅਤੇ ਆਲੂ ਨਾਲ ਹੀ ਸਾਰਿਆ ਜਾਵੇਗਾ? ਮੈਂ ਇਨ੍ਹਾਂ ਲੋਕਾਂ ਤੋਂ ਹੈਰਾਨ ਹਾਂ। ਬਜਾਏ ਇਸ ਦੇ ਗ਼ਰੀਬਾਂ ਲਈ ਚੰਗੀ ਸਿੱਖਿਆ ਅਤੇ ਸਿਹਤ ਲਿਆਂਦੀ ਜਾਣੀ ਚਾਹੀਦੀ ਹੈ। ਇਨ੍ਹਾਂ ਨੇ ਪਿਛਲੇ ਸਮੇਂ ਵਿਚ 15 ਸਾਲ ਰਾਜ ਕੀਤਾ ਹੈ ਪਰ ਕੋਈ ਵੀ ਸਹੀ ਚੀਜ਼ ਨਹੀਂ ਦਿਤੀ।
Charanjit Singh Channi and Nimrat Kaur
ਸਵਾਲ : ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ ਕਿ 1 ਲੱਖ ਨੌਕਰੀਆਂ ਦਿਤੀਆਂ ਜਾਣਗੀਆਂ। ਇਸ ਨੂੰ ਪੂਰਾ ਕਰਨ ਲਈ ਕੋਈ ਮੁਸ਼ਕਲ ਆਈ? ਰੁਜ਼ਗਾਰ ਦੇ ਹੋਰ ਮੌਕੇ ਕਿਵੇਂ ਅਤੇ ਕਿਥੋਂ ਆਉਣਗੇ?
ਜਵਾਬ : ਕਲਾਸ-ਡੀ ਦੀਆਂ ਲਗਭਗ 40-50 ਹਜ਼ਾਰ ਅਸਾਮੀਆਂ ਖ਼ਾਲੀ ਹਨ। ਸਾਡੀ ਪਿਛਲੀ ਸਰਕਾਰ ਨੇ ਕਿਹਾ ਸੀ ਕਿ ਇਹ ਆਊਟ ਸੋਰਸ ਨਾਲ ਭਰੀਆਂ ਜਾਣਗੀਆਂ, ਮੈਂ ਇਸ ਬਾਰੇ ਬਹੁਤ ਲੜਾਈ ਲੜੀ ਪਰ ਮੰਤਰੀ ਤੋਂ ਜ਼ਿਆਦਾ ਮੁੱਖ ਮੰਤਰੀ ਦੀ ਸੁਣੀ ਜਾਂਦੀ ਹੈ। ਇਨ੍ਹਾਂ ਨੇ ਉਹ ਸਾਰੀਆਂ ਅਸਾਮੀਆਂ ਨੂੰ ਆਊਟ ਸੋਰਸ ਦੇ ਤਹਿਤ ਭਰਨ ਦਾ ਫ਼ੈਸਲਾ ਲਿਆ ਸੀ ਚਪੜਾਸੀ, ਟੈਕਨੀਸ਼ੀਅਨ, ਡਰਾਈਵਰ ਆਦਿ ਨੂੰ 7 ਹਜ਼ਾਰ 'ਤੇ ਰੱਖਣ ਦੀ ਗੱਲ ਕਰਦੇ ਸਨ ਅਤੇ IAS, ਕਲਰਕ ਜੋ ਵੱਡੇ ਘਰਾਂ ਤੋਂ ਹਨ, ਉਨ੍ਹਾਂ ਨੂੰ ਪੱਕੇ ਰੱਖਿਆ ਜਾ ਰਿਹਾ,ਮੈਂ ਇਹ ਲੜਾਈ ਲੜ ਰਿਹਾ ਸੀ ਕਿ ਇਹ ਅਸਮਾਨਤਾ ਗ਼ਲਤ ਹੈ। ਇਸ ਲਈ ਜਦੋਂ ਹੁਣ ਮੈਨੂੰ ਮੌਕਾ ਮਿਲਿਆ ਹੈ ਤਾਂ ਮੈਂ ਉਹ ਸਾਰੇ ਪਾਸ ਕੀਤੇ ਹੋਏ ਕਾਨੂੰਨ ਰੱਦ ਕਰ ਦਿੱਤੇ ਹਨ। ਅਸੀਂ ਹੁਣ ਨਵਾਂ ਕਾਨੂੰਨ ਬਣਾਇਆ ਹੈ ਕਿ ਕਲਾਸ-4 ਦੀਆਂ ਭਰਤੀਆਂ ਵੀ ਰੈਗੂਲਰ ਕੀਤੀਆਂ ਜਾਣਗੀਆਂ।
Charanjit Singh Channi
ਸਵਾਲ : ਜਿਵੇਂ ਪਿਛਲੇ ਸਮੇਂ ਵਿਚ ਵਿਰੋਧ ਪ੍ਰਦਰਸ਼ਨ ਹੁੰਦੇ ਸਨ ਉਹ ਅਜੇ ਵੀ ਜਾਰੀ ਹਨ। ਅਧਿਆਪਕਾਂ ਵਲੋਂ ਧਰਨੇ ਲਗਾਏ ਜਾ ਰਹੇ ਹਨ। ਇਹ ਸਥਿਤੀ ਦੁਬਾਰਾ ਕਿਉਂ ਬਣੀ?
ਜਵਾਬ : ਸਰਕਾਰਾਂ ਨੇ ਠੀਕ ਤਰ੍ਹਾਂ ਕੰਮ ਨਹੀਂ ਕੀਤਾ। ਸਾਡੇ ਕੋਲ ਸਮਾਂ ਘੱਟ ਹੈ ਅਤੇ ਕੰਮ ਜ਼ਿਆਦਾ ਹਨ ਇਸ ਲਈ ਮੁਸ਼ਕਲ ਆ ਰਹੀ ਹੈ ਪਰ ਫਿਰ ਵੀ ਅਸੀਂ ਮੁਲਾਜ਼ਮਾਂ ਦੇ ਬਹੁਤ ਸਾਰੇ ਮਸਲੇ ਹਲ੍ਹ ਕਰ ਦਿਤੇ ਹਨ। 11% ਡੀਏ ਕੋਈ ਵੀ ਨਹੀਂ ਦੇ ਰਿਹਾ ਸੀ ਪਰ ਅਸੀਂ ਦਿਤਾ ਹੈ। ਤਰੱਕੀਆਂ ਦੇ ਕਈ ਕੰਮ ਅਸੀਂ ਕੀਤੇ। ਕਈ ਯੂਨੀਅਨਾਂ ਦੇ ਮਸਲੇ ਮੈਂ ਹੱਲ ਕੀਤੇ। ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਨਰਸਾਂ ਦੇ ਅਜੇ ਪੂਰੇ ਮਸਲੇ ਹੱਲ ਨਹੀਂ ਹੋਏ, ਜਿਨ੍ਹਾਂ ਨੂੰ ਆਉਣ ਵਾਲੇ 20 ਦਿਨਾਂ ਵਿਚ ਹੱਲ ਕੀਤਾ ਜਾਵੇਗਾ। ਕੁਝ ਮਸਲੇ ਅਜਿਹੇ ਹਨ ਜਿਨ੍ਹਾਂ ਵਿਚ ਸਾਨੂੰ ਪਰੇਸ਼ਾਨੀ ਆ ਰਹੀ ਹੈ, ਜਿਵੇਂ ਕੇਂਦਰ ਦੀ ਸਕੀਮ ਤਹਿਤ ਬੰਦੇ ਰੱਖੇ ਗਏ ਹਨ, 60 ਫੀਸਦੀ ਕੇਂਦਰ ਪਾ ਰਿਹਾ ਅਤੇ 40 ਫੀਸਦ ਅਸੀਂ ਪਾ ਰਹੇ ਹਾਂ। ਜੇਕਰ ਅਸੀਂ ਉਨ੍ਹਾਂ ਦੀ ਤਨਖਾਹ ਵਧਾਉਂਦੇ ਹਾਂ ਜਾਂ ਪੱਕਾ ਕਰਦੇ ਹਾਂ ਤਾਂ ਸਾਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਇਹ ਇਕ ਸਕੀਮ ਤਹਿਤ ਹੈ, ਸਾਨੂੰ 60 ਫੀਸਦੀ ਕੋਲੋਂ ਪਾਉਣਾ ਪਵੇਗਾ।
Nimrat Kaur
ਸਵਾਲ: ਤੁਸੀਂ 70 ਦਿਨਾਂ ਵਿਚ ਜਿਹੜੇ 70 ਫੈਸਲੇ ਲਏ, ਇਸ ਦੌਰਾਨ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਿਹੜੀ ਆਈ?
ਜਵਾਬ: ਮੈਨੂੰ ਕੋਈ ਚੁਣੌਤੀ ਨਹੀਂ ਦਿਖਾਈ ਦਿੱਤੀ। ਇਸ ਦੇ ਲਈ ਲੀਡਰ ਜਾਂ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਸੱਚੇ ਦਿਲੋਂ ਮਸਲਾ ਹੱਲ ਕਰਨਾ ਚਾਹੁੰਦੇ ਹੋ ਤਾਂ ਹੱਲ ਹੁੰਦਾ ਹੈ। ਅਸੀਂ 70 ਦਿਨ ਵਿਚ 70 ਫੈਸਲੇ ਲਏ ਅਤੇ ਉਨ੍ਹਾਂ ਨੂੰ ਲਾਗੂ ਵੀ ਕੀਤਾ ਹੈ। ਤੁਸੀਂ ਦੇਖਿਆ ਹੋਣਾ ਮੈਂ ਪ੍ਰੈੱਸ ਕਾਨਫਰੰਸ ਦੌਰਾਨ ਇਕ-ਇਕ ਫੈਸਲੇ ਦੀ ਨੋਟੀਫਿਕੇਸ਼ਨ ਵੀ ਦਿਖਾਈ। ਵਿਰੋਧੀ ਪਾਰਟੀਆਂ ਨੇ ਬਹੁਤ ਰੌਲਾ ਪਾਇਆ ਕਿ ਇਹ ਐਲਾਨ ਹੀ ਕਰਦੇ ਹਨ ਫਿਰ ਮੈਂ ਦਿਖਾਇਆ ਕਿ ਹਰ ਫੈਸਲੇ ਦਾ ਹੱਲ ਹੋਇਆ ਹੈ। ਹੁਣ ਉਨ੍ਹਾਂ ਦਾ ਕੋਈ ਬਿਆਨ ਨਹੀਂ ਆਇਆ। ਪਹਿਲਾਂ ਉਨ੍ਹਾਂ ਨੇ ਮੈਨੂੰ ਐਲਾਨਜੀਤ ਕਹਿਣਾ ਸ਼ੁਰੂ ਕੀਤਾ ਅਤੇ ਹੁਣ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਤੇ ਮੈਂ ਵਿਸ਼ਵਾਸਜੀਤ ਹਾਂ। ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਮ ਆਦਮੀ ਪਾਰਟੀ ਵਾਲੇ ਖ਼ਾਸ ਤੌਰ ’ਤੇ।
ਹੁਣ ਉਹ ਮੇਰੀ ਖੱਡ ’ਤੇ ਚੱਲੇ ਗਏ। ਜਿੱਥੇ ਉਹ ਗਏ, ਉਹ ਲੀਗਲ ਹੈ । ਦਿੱਲੀ ਤੋਂ ਆ ਕੇ ਜਿਹੜਾ ਮੁੰਡਾ ਉੱਥੇ ਗਿਆ, ਪਹਿਲੀ ਗੱਲ ਨਾ ਤਾਂ ਉਸ ਦੇ ਇੱਥੇ ਨਾਨਕੇ ਨੇ ਨਾ ਹੀ ਦਾਦਕੇ, ਨਾ ਉਹ ਪੰਜਾਬ ਦਾ ਕੋਈ ਅਫਸਰ ਅਤੇ ਨਾ ਹੀ ਉਸ ਦਾ ਪੰਜਾਬ ਵਿਚ ਕੋਈ ਅਹੁਦਾ ਹੈ। ਉਹ ਕੌਣ ਹੁੰਦਾ ਹੈ, ਸਾਡੀਆਂ ਰੇਡ ਦੀਆਂ ਖੱਡਾਂ ਚੈੱਕ ਕਰਨ ਵਾਲਾ। ਸਾਡੀਆ ਖੱਡਾਂ ਲੀਗਲ ਹਨ, ਅਸੀਂ ਉਸ ਦੇ ਦਸਤਾਵੇਜ਼ ਵੀ ਦਿਖਾ ਰਹੇ ਹਾਂ। ਇਨ੍ਹਾਂ ਨੇ ਜ਼ੋਰ ਲਗਾ ਕੇ ਸਾਰਿਆਂ ਨੂੰ ਪੁੱਛਿਆ ਕਿ ਰੇਤਾ ਕਿੰਨੇ ਰੁਪਏ ਦਾ ਮਿਲਦਾ ਹੈ। ਅਸੀਂ ਸਾਢੇ ਪੰਜ ਰੁਪਏ ਰੇਤਾ ਕੀਤਾ ਹੈ, ਹੁਣ ਰਹਿ ਕੀ ਗਿਆ ਹੈ। ਇਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਦਰਿਆ ਉੱਤੇ ਰੇਤਾ ਇੰਨਾ ਸਸਤਾ ਮਿਲ ਸਕਦਾ ਹੈ।
Charanjit Singh Channi
ਸਵਾਲ: ਇਸ ਨਾਲ ਸਰਕਾਰ ਨੂੰ ਨੁਕਸਾਨ ਨਹੀਂ ਹੋ ਰਿਹਾ? ਜਿਹੜੀ ਆਮਦਨ ਆਉਂਦੀ ਸੀ ਉਹ ਘਟੀ ਨਹੀ?
ਜਵਾਬ: ਅਸੀਂ ਸਿਰਫ ਸਰਕਾਰ ਦੀ ਘੱਟ ਨਹੀਂ ਕੀਤੀ। ਅਸੀਂ ਅਪਣੀ ਵੀ ਅੱਧੀ ਕੀਤੀ, ਠੇਕੇਦਾਰ ਅਤੇ ਜ਼ਿੰਮੀਦਾਰ ਦੇ ਵੀ ਪੈਸੇ ਘਟਾਏ ਗਏ।
ਸਵਾਲ: ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਸੀ ਕਿ ਮੇਰੇ ਕਈ ਵਿਧਾਇਕ ਮਾਈਨਿੰਗ ਕਰਦੇ ਸੀ, ਉਹ ਬੰਦ ਹੋ ਗਈ?
ਜਵਾਬ: ਤੁਹਾਡੇ ਸਾਹਮਣੇ ਹੈ। ਪਹਿਲਾਂ ਸਾਰੇ ਜਾਣੇ ਇਕੱਠੇ ਹੋ ਕੇ ਖਾ ਰਹੇ ਸੀ, ਹੁਣ ਕੋਈ ਨਹੀਂ ਖਾ ਰਿਹਾ।
ਸਵਾਲ: ਇਸ ਬਾਰੇ ਕਦੀ ਆਵਾਜ਼ ਨਹੀਂ ਚੁੱਕੀ ਗਈ ਕਿ ਮਾਈਨਿੰਗ ਹੋ ਰਹੀ ਹੈ।
ਜਵਾਬ: ਦੋ ਸਾਲ ਪਹਿਲਾਂ ਕੈਬਨਿਟ ਵਿਚ ਤੈਅ ਹੋਇਆ ਸੀ ਕਿ ਰੇਤਾ ਮੁਫਤ ਕਰੋ ਪਰ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਹੀਂ। ਮੈਂ ਉਨ੍ਹਾਂ ਵਿਚੋਂ ਮੁੱਖ ਸੀ। ਉਨ੍ਹਾਂ ਨੇ ਅਗਲੀ ਮਾਰਚ ਤੱਕ ਠੇਕਾ ਦੇ ਦਿੱਤਾ, ਸਾਨੂੰ ਉਸ ਠੇਕੇ ਕਾਰਨ ਦਿੱਕਤ ਆ ਰਹੀ ਹੈ, ਨਹੀਂ ਤਾਂ ਅਸੀਂ ਮੁਫਤ ਕਰਨਾ ਸੀ। ਅੱਗੇ ਸਮਾਂ ਆਵੇਗਾ ਤਾਂ ਰੇਤਾ ਮੁਫਤ ਵੀ ਕਰਾਂਗੇ।
Nimrat Kaur
ਸਵਾਲ: ਜਿਸ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਨਾਰਾਜ਼ਗੀ ਸੀ, ਉਹ ਬਹੁਤ ਭਾਵੁਕ ਮੁੱਦੇ ਹਨ। ਇਕ ਬਰਗਾੜੀ ਦਾ ਅਤੇ ਦੂਜਾ ਨਸ਼ੇ ਦਾ। ਇਨ੍ਹਾਂ ’ਤੇ ਅੱਜ ਵੀ ਕੋਈ ਕਾਰਵਾਈ ਨਜ਼ਰ ਨਹੀਂ ਆ ਰਹੀ। ਲੋਕ ਉਮੀਦ ਲਗਾ ਕੇ ਬੈਠੇ ਹਨ।
ਜਵਾਬ: ਕਾਰਵਾਈ ਹੋ ਰਹੀ ਹੈ। ਬੇਅਦਬੀ ਮਾਮਲੇ ਦੇ ਮੁੱਦੇ ’ਤੇ ਸਿੱਟ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ। ਭਗੌੜਿਆਂ ਦੀ ਭਾਲ ਜਾਰੀ ਹੈ। ਡੇਰਾ ਮੁਖੀ ਨੇ ਕਿਹਾ ਕਿ ਮੇਰੀ ਟੀਮ ਨੂੰ ਪਤਾ ਹੈ ਤੇ ਉਨ੍ਹਾਂ ਦੀ ਟੀਮ ਨੂੰ ਤਿੰਨ ਵਾਰੀ ਲੁਧਿਆਣੇ ਬੁਲਾਇਆ, ਉਹ ਨਹੀਂ ਆਏ। ਹੁਣ ਸਿੱਟ ਡੇਰੇ ਵੀ ਜਾ ਕੇ ਆਈ। ਸਿੱਟ ਕਾਰਵਾਈ ਕਰ ਰਹੀ ਹੈ ਅਤੇ ਕਾਰਵਾਈ ਹੋਵੇਗੀ।
ਸਵਾਲ: ਐਸਟੀਐਫ ਦੀ ਰਿਪੋਰਟ ਬਾਰੇ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਾਰ-ਵਾਰ ਕਹਿੰਦੇ ਹਨ।
ਜਵਾਬ: ਇਹ ਅਦਾਲਤੀ ਮਾਮਲਾ ਹੈ, ਇਸ ਲਈ ਮੈਂ ਜ਼ਿਆਦਾ ਨਹੀਂ ਬੋਲਾਂਗਾ। ਕੈਪਟਨ-ਅਕਾਲੀ ਦਲ, ਇਨ੍ਹਾਂ ਦੇ ਗਠਜੋੜ ਨੇ ਸਾਰੇ ਕੇਸ ਖਰਬ ਕੀਤੇ ਹਨ। ਇਨ੍ਹਾਂ ਨੇ ਫਾਇਲਾਂ ਗੁੰਮ ਕਰ ਦਿੱਤੀਆਂ। ਉਨ੍ਹਾਂ ਨੂੰ ਦੁਬਾਰਾ ਬਣਾਉਣਾ ਪੈ ਰਿਹਾ ਹੈ। ਕੋਰਟ ਕੇਸ ਖਰਾਬ ਕੀਤੇ ਹੋਏ ਹਨ। ਸਾਢੇ ਚਾਰ ਸਾਲ ਐਸਟੀਐਫ ਦੀ ਰਿਪੋਰਟ ਬਾਰੇ ਇਨ੍ਹਾਂ ਨੇ ਕੁਝ ਨਹੀਂ ਕੀਤਾ। ਪਰਮਾਤਮਾ ਨੇ ਚਾਹਿਆ ਤਾਂ ਇਨ੍ਹਾਂ ਮਸਲਿਆਂ ਦੇ ਹੱਲ ਜ਼ਰੂਰ ਹੋਣਗੇ।
Charanjit Singh Channi
ਸਵਾਲ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ। ਮੇਰੀ ਬਹੁਤ ਬੇਇੱਜ਼ਤੀ ਹੋਈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ। ਜਿਨ੍ਹਾਂ ਨੇ ਸਾਡੀ ਉਮਰ ਕਾਂਗਰਸ ਲਈ ਕੰਮ ਕੀਤਾ, ਉਨ੍ਹਾਂ ਨਾਲ ਕੁਝ ਮਾੜਾ ਹੋਇਆ?
ਜਵਾਬ: ਮੈਂ ਕੈਪਟਨ ਸਾਬ੍ਹ ਨੂੰ ਇਹੀ ਕਹਾਂਗਾ ਕਿ ਜੇਕਰ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਬਹੁਤ ਕੁਝ ਦਿੱਤਾ ਹੈ ਤਾਂ ਕਾਂਗਰਸ ਨੇ ਵੀ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ। ਦੋ ਵਾਰ ਮੁੱਖ ਮੰਤਰੀ ਬਣਾਇਆ। ਐਮਪੀ ਬਣੇ, ਪ੍ਰਧਾਨ ਬਣਾਇਆ, ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਰਹੇ, ਉਨ੍ਹਾਂ ਨੂੰ ਮੰਤਰੀ ਵੀ ਬਣਾਇਆ। ਉਨ੍ਹਾਂ ਦਾ ਜੋ ਕੱਦ ਬਣਿਆ ਹੈ, ਉਹ ਕਾਂਗਰਸ ਕਰਕੇ ਹੀ ਬਣਿਆ ਹੈ। ਜੇ ਅੱਜ ਕਾਂਗਰਸ ਨੂੰ ਲੋੜ ਸੀ ਤਾਂ ਉਨ੍ਹਾਂ ਨੂੰ ਨਾਲ ਖੜਨਾ ਚਾਹੀਦਾ ਸੀ।
ਸਵਾਲ: ਉਨ੍ਹਾਂ ਨੂੰ ਇੰਨੀ ਜ਼ਿਆਦਾ ਸੱਟ ਲੱਗੀ ਕਿ ਉਹ ਉਸ ਪਾਰਟੀ ਵਿਚ ਜਾ ਰਹੇ, ਜਿਸ ਦੀ ਉਹ ਮਹੀਨਾ ਪਹਿਲਾਂ ਨਿੰਦਾ ਕਰਦੇ ਸੀ।
ਜਵਾਬ: ਕਦੇ ਵੀ ਨਿੰਦਾ ਨਹੀਂ ਸੀ ਕਰਦੇ। ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਨਾਲ ਸਨ। ਮਿਲ ਕੇ ਸਾਰੀ ਖੇਡ ਚੱਲ ਰਹੀ ਸੀ। ਇਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਮੁਤਾਬਕ ਫੈਸਲੇ ਲੈਂਦੇ ਸੀ। ਇਹ ਕੋਈ ਨਵੀਂ ਗੱਲ ਨਹੀਂ।
Charanjit Singh Channi and Nimrat Kaur
ਸਵਾਲ: ਤੁਹਾਨੂੰ ਕਦੀ ਮਹਿਸੂਸ ਹੋਇਆ ਕਿ ਤੁਹਾਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ। ਅਸੀਂ ਦੇਖ ਰਹੇ ਹਾਂ ਕਿ ਬੱਸਾਂ ਦਾ ਟੈਕਸ ਲਿਆ ਜਾ ਰਿਹਾ ਹੈ। ਤੁਸੀਂ ਤਕਨੀਕੀ ਸਿੱਖਿਆ ਮੰਤਰੀ ਵਜੋਂ ਕੰਮ ਕੀਤਾ, ਨੌਕਰੀ ਮੇਲੇ ਲਗਾਏ, ਕੀ ਉਸ ਵਿਚ ਵੀ ਦਖਲਅੰਦਾਜ਼ੀ ਸੀ।
ਜਵਾਬ: ਨਹੀਂ। ਮੈਂ ਕਿਸੇ ਦੀ ਦਖਲਅੰਦਾਜ਼ੀ ਨਹੀਂ ਜਰਦਾ। ਅਸੀਂ ਅਪਣੇ ਵਿਭਾਗ ਵਿਚ ਬਹੁਤ ਚੰਗਾ ਕੰਮ ਕੀਤਾ। ਮੈਨੂੰ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਦਾ ਕੰਮ ਦਿੱਤਾ ਗਿਆ ਸੀ, ਜੋ ਪੂਰੀ ਦੁਨੀਆਂ ਵਿਚ ਮਸ਼ਹੂਰ ਹੋਈ। ਅਸੀਂ ਬਹੁਤ ਮਿਹਨਤ ਕੀਤੀ ਸੀ। ਦਰਅਸਲ ਮੇਰੇ ਵਿਭਾਗ ਵਿਚ ਅਕਾਲੀਆਂ ਦਾ ਕੋਈ ਕੰਮ ਨਹੀਂ ਸੀ, ਇਸ ਕਰਕੇ ਮੈਨੂੰ ਆਜ਼ਾਦੀ ਸੀ।
ਸਵਾਲ: ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਕਰੀਬ ਨੇ ਤਾਂ ਕੋਈ ਅਜਿਹਾ ਫੈਸਲਾ ਹੈ ਜਿਸ ਨੇ ਤੁਹਾਨੂੰ ਸੱਟ ਮਾਰੀ ਹੋਵੇ। ਜਿਵੇ ਬੀਐਸਐਫ ਦਾ ਦਾਇਰਾ ਵਧਾਇਆ ਗਿਆ ਹੈ, ਕੀ ਤੁਹਾਨੂੰ ਲੱਗਿਆ ਕਿ ਇਸ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ।
ਜਵਾਬ: ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਤੋੜਿਆ ਗਿਆ, ਹੁਣ ਪੰਜਾਬ ਦੀ ਵਾਰੀ ਹੈ। ਜਦੋਂ ਸੂਬੇ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ, ਉਸ ਸਮੇਂ ਕੈਪਟਨ ਵਲੋਂ ਭਾਜਪਾ ਦੇ ਹੱਕ ਵਿਚ ਰਾਸ਼ਟਰਵਾਦ ਦੀ ਗੱਲ ਕਰਕੇ ਜਾਂ ਦੇਸ਼ ਦੀ ਸੁਰੱਖਿਆ ਦੀ ਗੱਲ ਕਰਨਾ ਠੀਕ ਨਹੀਂ। ਇਸ ਵੇਲੇ ਕੈਪਟਨ ਸਾਬ੍ਹ ਨੂੰ ਸੂਬੇ ਦੇ ਨਾਲ ਖੜਨਾ ਚਾਹੀਦਾ ਹੈ। ਸੂਬੇ ਦੇ ਅਧਿਕਾਰ ਖੋਹੇ ਜਾ ਰਹੇ ਹਨ, ਉਨ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ। ਅਸੀਂ 70 ਸਾਲ ਤੱਕ 5 ਕਿਲੋਮੀਟਰ ਨਾਲ ਚੱਲੇ ਹਾਂ, ਹੁਣ ਅਜਿਹਾ ਕੀ ਹੋਇਆ ਕਿ 50 ਕਿਲੋਮੀਟਰ ਦਾਇਰਾ ਕੀਤਾ ਜਾ ਰਿਹਾ ਹੈ। ਕੈਪਟਨ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ ਨੇ ਸਾਨੂੰ ਇਕ ਸਾਲ ਤੱਕ ਸਤਾਇਆ ਹੈ। ਮੈਂ ਹੈਰਾਨ ਹਾਂ ਕਿ ਜਿਸ ਕੈਪਟਨ ਨੇ 1984 ਵਿਚ ਅਸਤੀਫਾ ਦਿੱਤਾ ਸੀ, ਅੱਜ ਉਹ ਭਾਜਪਾ ਨਾਲ ਖੜ੍ਹ ਰਹੇ ਹਨ।
Charanjit Singh Channi
ਸਵਾਲ: ਕੈਪਟਨ ਅਮਰਿੰਦਰ ਕਹਿ ਰਹੇ ਕਿ ਪੰਜਾਬ ਨੂੰ ਬਹੁਤ ਖਤਰਾ ਹੈ। ਪਾਕਿਸਤਾਨ ਦੇ ਸੈੱਲ ਬਣੇ ਹੋਏ ਹਨ, ਤੁਹਾਨੂੰ ਅਜਿਹਾ ਕੋਈ ਖਤਰਾ ਲੱਗਿਆ?
ਜਵਾਬ: ਇਸ ਖਤਰੇ ਨਾਲੋਂ 65 ਦੀ ਲੜਾਈ ਜਾਂ 71 ਦੀ ਲੜਾਈ ਘੱਟ ਨਹੀਂ ਸੀ। ਅਤਿਵਾਦ ਦਾ ਸਮਾਂ ਘੱਟ ਨਹੀਂ ਸੀ। ਅੱਜ ਤਾਂ ਪੰਜਾਬ ਸ਼ਾਂਤੀ ਨਾਲ ਵਸ ਰਿਹਾ ਹੈ, ਪੰਜਾਬ ਨੂੰ ਡਰੋਨਾਂ ਦੇ ਨਾਂਅ ’ਤੇ ਡਰਾਇਆ ਜਾ ਰਿਹਾ ਹੈ। ਜਿਵੇਂ ਇਕ ਸ਼ੇਅਰ ਵੀ ਹੈ ਕਿ ਸਰਹੱਦੋਂ ਪਰ ਬਹੁਤ ਤਨਾਵ ਹੈ ਕਿਆ, ਕੁਛ ਪਤਾ ਤੋ ਕਰੋ ਚੁਨਾਵ ਹੈ ਕਿਆ। ਇਹ ਸਿਆਸਤ ਹੈ। ਇਨ੍ਹਾਂ ਨੂੰ ਰਾਸ਼ਟਰਵਾਦ ਚੋਣਾਂ ਸਮੇਂ ਹੀ ਯਾਦ ਆਉਂਦਾ ਹੈ।
ਸਵਾਲ: ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ, ਅਕਾਲੀ ਦਲ ਸੰਯੁਕਤ ਅਤੇ ਭਾਜਪਾ ਵਲੋਂ ਇਕੱਠੇ ਚੋਣ ਲੜੀ ਜਾ ਸਕਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ’ਚ ਤਣਾਅ ਵਧੇਗਾ?
ਜਵਾਬ: ਇਹ ਲੋਕ ਤਣਾਅ ਪੈਦਾ ਕਰਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਜੋ ਕਿ ਅਸੀਂ ਹੋਣ ਨਹੀਂ ਦੇਵਾਂਗੇ। ਪੰਜਾਬ ਵਿਚ ਇਕ ਸਮਰੱਥ ਪੁਲਿਸ ਅਤੇ ਸਰਕਾਰ ਹੈ, ਅਸੀਂ ਕਿਸੇ ਤਰ੍ਹਾਂ ਵੀ ਹਾਲਾਤ ਖ਼ਰਾਬ ਨਹੀਂ ਹੋਣ ਦੇਵਾਂਗੇ, ਪੰਜਾਬ ਨੂੰ ਸੁਰੱਖਿਅਤ ਰੱਖਾਂਗੇ।
Charanjit Singh Channi and Nimrat Kaur
ਸਵਾਲ: ਤੁਸੀਂ ਸਾਰੇ ਸਕੂਲਾਂ ਵਿਚ ਪੰਜਾਬੀ ਨੂੰ ਲਾਜ਼ਮੀ ਕਰਕੇ ਬਹੁਤ ਵਧੀਆ ਫੈਸਲਾ ਕੀਤਾ ਹੈ। ਦੂਜੇ ਪਾਸੇ ਕੈਪਟਨ ਸਾਬ੍ਹ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਗੰਨ ਕਲਚਰ ਵਧਾਉਣ ਵਾਲੇ ਵਿਅਕਤੀ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਗਲਤੀ ਕੀਤੀ ਹੈ।
ਜਵਾਬ: ਉਹ ਇਕ ਪੰਜਾਬੀ ਸਿੰਗਰ ਹੈ, ਉਸ ਦੇ ਕਰੋੜਾਂ ਵਿਚ ਫੋਲੋਅਰਜ਼ ਹਨ। ਉਸ ਦੀ ਉਮਰ ਬਹੁਤ ਘੱਟ ਹੈ, ਉਹ ਸਿਰਫ 27 ਸਾਲ ਦਾ ਨੌਜਵਾਨ ਹੈ। ਕੈਪਟਨ ਸਾਬ੍ਹ ਨੇ ਅਪਣੀ ਸਰਕਾਰ ਦੌਰਾਨ ਉਸ ਨੂੰ ਕਿੰਨਾ ਤੰਗ ਕੀਤਾ। ਉਸ ਨੇ ਇਕ ਸਰਕਾਰੀ ਗੰਨ ਨਾਲ ਅਪਣਾ ਇਕ ਗੀਤ ਫਿਲਮਾਇਆ ਤਾਂ ਤੁਸੀਂ ਉਸ ਦੇ ਖਿਲਾਫ਼ ਪਰਚੇ ਕਰ ਦਿੱਤੇ। ਉਸ ਨੂੰ ਗੈਂਗਸਟਰ ਦਾ ਰੂਪ ਦਿੱਤਾ। ਜੇ ਉਸ ਨੇ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਹੈ ਤਾਂ ਕੀ ਅਸੀਂ ਅਪਣੇ ਨੌਜਵਾਨਾਂ ਨੂੰ ਮੋੜ ਕੇ ਨਹੀਂ ਲਿਆਵਾਂਗੇ। ਕਿੰਨੇ ਨੌਜਵਾਨਾਂ ਨੂੰ ਅਕਾਲੀਆਂ ਨੇ ਨਸ਼ਿਆਂ ’ਤੇ ਲਾਇਆ, ਅਸੀਂ ਉਨ੍ਹਾਂ ਨੂੰ ਮੋੜ ਕੇ ਲਿਆ ਰਹੇ ਹਾਂ। ਇਹ ਸਾਡੇ ਬੱਚੇ ਅਤੇ ਭਰਾ ਹਨ। ਸਿੱਧੂ ਮੂਸੇਵਾਲਾ ਹੋਣਹਾਰ ਨੌਜਵਾਨ ਹੈ, ਲੋਕ ਉਸ ਨੂੰ ਪਸੰਦ ਕਰਦੇ ਹਨ।
ਸਵਾਲ: 20-25 ਦਿਨ ਰਹਿ ਗਏ ਹਨ, ਕਈ ਅਸੀਂ ਉਮੀਦ ਕਰ ਸਕਦੇ ਹਾਂ ਕਿ ਕੋਈ ਨਵੇਂ ਫੈਸਲੇ ਆਉਣ ਵਾਲੇ ਹਨ?
ਜਵਾਬ: ਹਰ ਰੋਜ਼ ਨਵਾਂ ਫੈਸਲਾਆਵੇਗਾ ਅਤੇ ਲੋਕਾਂ ਦੇ ਹੱਕ ਵਿਚ ਆਵੇਗਾ। ਉਹੀ ਫੈਸਲੇ ਆਉਣਗੇ, ਜਿਨ੍ਹਾਂ ਦੀ ਲੋਕਾਂ ਨੂੰ ਲੋੜ ਹੈ। ਜਿੰਨੇ ਦਿਨ ਰਹਾਂਗਾ, ਓਨੇ ਫੈਸਲੇ ਆਉਣਗੇ।
Nimrat Kaur
ਸਵਾਲ: ਤੁਹਾਡੇ ਕਿਰਦਾਰ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਹਨ। ਤੁਸੀਂ ਸੁਣਿਆ ਹੋਵੇਗਾ ਕਿ ਸੁਖਬੀਰ ਬਾਦਲ ਨੇ ਵੀ ਤੁਹਾਡੇ ਬਾਰੇ ਮਜ਼ਾਕ ਕੀਤਾ। ਹੋਰ ਵੀ ਕਈ ਲੋਕ ਮਜ਼ਾਕ ਕਰ ਰਹੇ ਹਨ।
ਜਵਾਬ: ਉਸ ਨੂੰ ਕਹੋ ਕਿ ਮੇਰੀ ਰੀਸ ਹੋਰ ਕਰ ਕੇ ਦੇਖ ਲੈਣ। ਇਕ ਵਾਰੀ ਮੈਂ ਖੇਡਣ ਲੱਗਿਆ ਤਾਂ ਸੁਖਬੀਰ ਬਾਦਲ ਮੇਰੀ ਰੀਸ ਕਰਕੇ ਦੂਜੇ ਦਿਨ ਫੁੱਟਬਾਲ ਖੇਡਣ ਲੱਗ ਪਏ। ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਫੁੱਟਬਾਲ ਕਿਹੜਾ ਹੈ ਜਾਂ ਸੁਖਬੀਰ ਬਾਦਲ ਕਿਹੜਾ ਹੈ। ਦੋਵੇਂ ਇਕੋ ਜਿਹੇ ਨੇ, ਤੁਸੀਂ ਅਪਣਾ ਸਰੀਰ ਤਾਂ ਦੇਖ ਲਓ ਕਿ ਖੇਡਣ ਵਾਲਾ ਹੈ ਜਾਂ ਨਹੀਂ। ਇਕ ਗਰੀਬ ਪਰਿਵਾਰ ਦੇ ਬੱਚੇ ਨੂੰ ਗਰੀਬੀ ਵਿਚੋਂ ਨਿਕਲਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਉਹ ਇਨ੍ਹਾਂ ਲੋਕਾਂ ਨੂੰ ਕੀ ਪਤਾ। ਉਸ ਨੂੰ ਹਰ ਕੰਮ ਕਰਨਾ ਪੈਂਦਾ ਹੈ, ਸੁਖਬੀਰ ਨੂੰ ਕੀ ਪਤਾ। ਮੈਂ ਜੋ ਅਪਣੀ ਜ਼ਿੰਦਗੀ ਵਿਚ ਹੰਢਾਇਆ, ਉਹੀ ਬੋਲਦਾ ਹਾਂ। ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਬੋਲਦਾ ਹਾਂ ਤਾਂ ਮੈਥੋਂ ਕਰਵਾ ਕੇ ਦੇਖ ਲਓ। ਕਿਸੇ ਨੂੰ ਵੀ ਮਿਹਤਨ ਨਾਲ ਉੱਪਰ ਉੱਠਣ ਲਈ ਸਭ ਕੁਝ ਕਰਨਾ ਪੈਂਦਾ ਹੈ।
Charanjit Singh Channi