
ਆਬਕਾਰੀ ਅਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਅੰਮ੍ਰਿਤਸਰ-ਟੂ ਨੇ ਗੁਰਦਾਸਪੁਰ ਇਲਾਕੇ ਵਿਚ ਭਾਰੀ ਗਿਣਤੀ ਵਿਚ ਤਸਕਰੀ...
ਅੰਮ੍ਰਿਤਸਰ : ਆਬਕਾਰੀ ਅਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਅੰਮ੍ਰਿਤਸਰ-ਟੂ ਨੇ ਗੁਰਦਾਸਪੁਰ ਇਲਾਕੇ ਵਿਚ ਭਾਰੀ ਗਿਣਤੀ ਵਿਚ ਤਸਕਰੀ ਵਜੋਂ ਆਈ ਹੋਈ ਸ਼ਰਾਬ ਬਰਾਮਦ ਕਰਦੇ ਹੋਏ 1150 ਪੇਟੀਆਂ ਨਾਲ ਭਰੇ ਇਕ ਟਰੱਕ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਜਲੰਧਰ ਰੇਂਜ ਦੇ ਡੀ.ਈ.ਟੀ.ਸੀ. ਮੋਬਾਇਲ ਵਿੰਗ ਬੀ.ਕੇ ਵਿਰਦੀ ਅਤੇ ਅੰਮ੍ਰਿਤਸਰ-ਟੂ ਦੇ ਸਹਾਇਕ ਕਮਿਸ਼ਨਰ ਪ੍ਰਮੋਦ ਸਿੰਘ ਪਰਮਾਰ ਦੀ ਯੋਜਨਾ ਮੁਤਾਬਕ ਹੋਈ।
ਜਾਣਕਾਰੀ ਦੇ ਮੁਤਾਬਕ, ਡੀ.ਈ.ਟੀ.ਸੀ. ਮੋਬਾਇਲ ਵਿੰਗ ਬੀ.ਕੇ ਵਿਰਦੀ ਅਤੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ-ਟੂ ਮੋਬਾਇਲ ਵਿੰਗ ਪੀ.ਐਸ. ਪਰਮਾਰ ਨੂੰ ਗੁਪਤ ਸੂਤਰਾਂ ਦੇ ਮਾਧਿਅਮ ਤੋਂ ਸੂਚਨਾ ਮਿਲੀ ਕਿ ਚੰਡੀਗੜ੍ਹ ਤੋਂ ਇਕ ਟਰੱਕ ਭਾਰੀ ਮਾਤਰਾ ਵਿਚ ਸ਼ਰਾਬ ਦੀਆਂ ਪੇਟੀਆਂ ਲੈ ਕੇ ਗੁਰਦਾਸਪੁਰ ਵੱਲ ਜਾ ਰਿਹਾ ਹੈ ਅਤੇ ਸ਼ਰਾਬ ਨੂੰ ਲਿਆਉਣ ਵਾਲੇ ਗਿਰੋਹ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਦੇ ਇਲਾਕੇ ਵਿਚ ਸ਼ਰਾਬ ਲਿਆਉਣ ਵਿਚ ਕਾਮਯਾਬ ਹੋਏ ਹਨ।
ਇਸ ਉਤੇ ਕਾਰਵਾਈ ਕਰਦੇ ਹੋਏ ਉਕਤ ਅਧਿਕਾਰੀਆਂ ਨੇ ਸ਼ਰਾਬ ਦੀ ਬਰਾਮਦਗੀ ਨੂੰ ਲੈ ਕੇ 3 ਟੀਮਾਂ ਬਣਾਈਆਂ ਅਤੇ ਤਿੰਨ ਟੀਮਾਂ ਦੀ ਅਗਵਾਹੀ ਵਿਚ ਮੋਬਾਇਲ ਵਿੰਗ ਦੇ ਅਧਿਕਾਰੀ ਅਤੇ ਸੁਰੱਖਿਆ ਬਲ ਦੇ ਜਵਾਨ ਸ਼ਾਮਿਲ ਹੋਏ ਅਤੇ ਗੁਰਦਾਸਪੁਰ ਦੇ ਸ਼ੱਕੀ ਇਲਾਕੇ ਵਿਚ ਸਾਰੇ ਰਸਤਿਆਂ ਉਤੇ ਘੇਰਾਬੰਦੀ ਕਰ ਦਿਤੀ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਤੋਂ ਜਾਣ ਵਾਲੇ ਰਸਤੇ ਵਿਚ ਗੁਰਦਾਸਪੁਰ ਮੁਕੇਰੀਆਂ ਰੋਡ ‘ਤੇ ਪੁਰਾਣਾ ਸਾਲਹਾ ਕੇਤਰ ਵਿਚ ਇਕ ਟਰੱਕ ਨੂੰ ਸ਼ੱਕੀ ਤੌਰ ‘ਤੇ ਜਿਵੇਂ ਹੀ ਵੇਖਿਆ ਗਿਆ
ਤਾਂ ਮੋਬਾਇਲ ਵਿੰਗ ਟੀਮ ਜਿਸ ਦੀ ਅਗਵਾਹੀ ਈ.ਟੀ.ਓ. ਓਮ ਪ੍ਰਕਾਸ਼ ਅੰਮ੍ਰਿਤਸਰ-ਟੂ ਮੋਬਾਇਲ ਵਿੰਗ ਮਾਧੋਪੁਰ ਕਰ ਰਹੇ ਸੀ, ਨੇ ਉਸ ਟਰੱਕ ਨੂੰ ਘੇਰ ਲਿਆ। ਤਲਾਸ਼ੀ ਲੈਣ ‘ਤੇ ਉਕਤ ਵਾਹਨ ਵਿਚੋਂ 1150 ਪੇਟੀਆਂ ਸ਼ਰਾਬ ਔਲਡ ਫਾਕਸ ਬਰੈਂਡ ਸ਼ਰਾਬ ਬਰਾਮਦ ਕੀਤੀ ਗਈ। ਇਹ ਸ਼ਰਾਬ ਚੰਡੀਗੜ੍ਹ ਦੀ ਡਿਸਟਲਰੀ ਵਿਚ ਤਿਆਰ ਕੀਤੀ ਗਈ ਸੀ। ਮੋਬਾਇਲ ਵਿੰਗ ਟੀਮ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਸ਼ਰਾਬ ਬਰਾਮਦ ਕਰ ਲਈ ਹੈ। ਵਾਹਨ ਨੂੰ ਚਲਾਉਣ ਵਾਲੇ ਟਰੱਕ ਦੇ ਚਾਲਕ ਸੰਜੀਵ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਆਬਕਾਰੀ ਅਤੇ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ-ਟੂ ਰੇਂਜ ਪ੍ਰਮੋਦ ਸਿੰਘ ਪਰਮਾਰ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਸ਼ਰਾਬ ਓਏਸਿਸ ਡਿਸਟਲਰੀਜ ਲਿਮੀਟਡ ਚੰਡੀਗੜ੍ਹ ਵਲੋਂ ਬਣਾਈ ਗਈ ਹੈ ਜਿਸ ਨੂੰ ਗ਼ੈਰ-ਕਾਨੂੰਨੀ ਤੌਰ ‘ਤੇ ਪੰਜਾਬ ਵਿਚ ਵੇਚਿਆ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ-ਟੂ ਮੋਬਾਇਲ ਵਿੰਗ ਦੀ ਟੀਮ ਨੇ ਇਸ ਆਪਰੇਸ਼ਨ ਵਿਚ ਵੱਡੀ ਬਹਾਦਰੀ ਨਾਲ ਕੰਮ ਕੀਤਾ ਅਤੇ ਰਾਤ 11.40 ‘ਤੇ ਟਰੱਕ ਨੂੰ ਕਾਬੂ ਕਰ ਕੇ ਇਹ ਖੇਪ ਬਰਾਮਦ ਕੀਤੀ। ਡਿਪਟੀ ਕਮਿਸ਼ਨਰ ਆਫ਼ ਮੋਬਾਇਲ ਵਿੰਗ ਰੇਂਜ ਬੀ.ਕੇ. ਵਿਰਦੀ ਨੇ ਕਿਹਾ ਕਿ ਟੈਕਸ ਚੋਰੀ ਦੇ ਵਿਰੁਧ ਅਭਿਆਨ ਜਾਰੀ ਰਹੇਗਾ।