
ਇਰਾਕ ਰਹਿੰਦੇ ਪੰਜਾਬੀਆਂ ਦੇ ਪਰਵਾਰ ਵਧੇਰੇ ਚਿੰਤਤ
ਚੰਡੀਗੜ੍ਹ : ਇਰਾਨ ਤੇ ਅਮਰੀਕਾ ਵਿਚਾਲੇ ਵਧੇ ਤਣਾਅ ਕਾਰਨ ਖਾੜੀ ਦੇਸ਼ਾਂ ਅੰਦਰ ਰਹਿੰਦੇ ਪੰਜਾਬੀਆਂ ਦੇ ਪਰਵਾਰਾਂ ਅੰਦਰ ਡਰ ਦਾ ਮਾਹੌਲ ਹੈ। ਭਾਵੇਂ ਅਜੇ ਤਕ ਇਰਾਨ ਤੇ ਇਰਾਕ ਵਿਚੋਂ ਅਜੇ ਤਕ ਕੋਈ ਮਾੜੀ ਘਟਨਾ ਵਾਪਰਨ ਸਬੰਧੀ ਖ਼ਬਰ ਨਹੀਂ ਆਈ ਪਰ ਮੀਡੀਆ ਰਿਪੋਰਟਾਂ ਤੋਂ ਮਿਲ ਰਹੀਆਂ ਕਨਸੋਆਂ ਪੜ੍ਹ-ਸੁਣ ਦੇ ਲੋਕ ਡਾਢੇ ਪ੍ਰੇਸ਼ਾਨ ਹਨ।
file photo
ਸਭ ਤੋਂ ਜ਼ਿਆਦਾ ਫ਼ਿਕਰਮੰਦੀ ਇਰਾਕ 'ਚ ਰਹਿਣ ਵਾਲੇ ਪੰਜਾਬੀਆਂ ਦੇ ਪਰਵਾਰਾਂ ਅੰਦਰ ਹੈ, ਕਿਉਂਕਿ ਇਰਾਕ ਇਸ ਵੇਲੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਅਮਰੀਕਾ ਨੇ ਇਰਾਨੀ ਕਮਾਡਰ ਜਨਰਲ ਕਾਸਿਮ ਸੁਲੇਮਾਨੀ 'ਤੇ ਹਮਲਾ ਵੀ ਇਰਾਕ ਵਿਚ ਹੀ ਕੀਤਾ ਸੀ ਤੇ ਪਲਟਵਾਰ ਕਰਦਿਆਂ ਇਰਾਨ ਨੇ ਵੀ ਅਮਰੀਕਾ ਦੇ ਇਰਾਕ ਵਿਚਲੇ ਅੱਡਿਆ ਨੂੰ ਨਿਸ਼ਾਨਾ ਬਣਾਇਆ ਹੈ।
Photo
ਇਸ ਤੋਂ ਇਲਾਵਾ ਇਰਾਕ ਵਿਚ ਗਏ ਜ਼ਿਆਦਾਤਰ ਪੰਜਾਬੀ ਅਮਰੀਕੀ ਫ਼ੌਜ ਨਾਲ ਕੰਮ ਕਰ ਰਹੇ ਹਨ। ਇਸ ਕਾਰਨ ਇਰਾਨ ਵਲੋਂ ਅਮਰੀਕੀ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਖ਼ਬਰਾਂ ਆਉਣ ਬਾਅਦ ਪੰਜਾਬੀਆਂ ਦੇ ਪਰਵਾਰਾਂ ਅੰਦਰ ਫ਼ਿਕਰਮੰਦੀ ਹੋਰ ਵੀ ਵੱਧ ਗਈ ਹੈ।
Photo
ਇਸੇ ਤਰ੍ਹਾਂ ਖਾੜੀ ਦੇਸ਼ਾਂ ਵਿਚ ਲੱਖਾਂ ਲੋਕ ਗਏ ਹੋਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਵਿਗੜਦੇ ਹਨ ਤਾਂ ਇਨ੍ਹਾਂ ਲੋਕਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸੇ ਦੌਰਾਨ ਸਰਕਾਰ ਨੇ ਵੀ ਭਾਰਤੀ ਲੋਕਾਂ ਨੂੰ ਇਰਾਨ ਤੇ ਇਰਾਕ ਵਿਚ ਜਾਣ ਤੋਂ ਪਰਹੇਜ ਕਰਨ ਲਈ ਕਿਹਾ ਹੈ।
Photo
ਇਸ ਤੋਂ ਇਲਾਵਾ ਭਾਰਤ ਸਰਕਾਰ ਹਾਲਾਤ ਵਿਗੜਣ ਦੀ ਸੂਰਤ 'ਚ ਅਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਐਮਰਜੰਸੀ ਪ੍ਰਬੰਧ ਕਰਨ 'ਚ ਲੱਗੀ ਹੋਈ ਹੈ। ਦੱਸ ਦਈਏ ਕਿ ਭਾਵੇਂ ਤਾਜ਼ਾ ਖ਼ਬਰਾਂ ਮੁਤਾਬਕ ਅਮਰੀਕੀ ਤੇਵਰਾਂ 'ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਵਿਸ਼ਵ ਭਾਈਚਾਰੇ ਦਾ ਤਣਾਅ ਨੂੰ ਘਟਾਉਣ ਲਈ ਅਮਰੀਕਾ 'ਤੇ ਦਬਾਅ ਵੀ ਹੈ। ਬਦਲੇ ਹਾਲਾਤ 'ਚ ਭਾਵੇਂ ਤਣਾਅ ਘਟਦਾ ਵਿਖਾਈ ਦੇ ਰਿਹਾ ਹੈ, ਫਿਰ ਵੀ ਘਰਾਂ ਤੋਂ ਦੂਰ ਤਣਾਅ ਵਾਲੇ ਖੇਤਰ 'ਚ ਰਹਿਣ ਵਾਲੇ ਪੰਜਾਬੀਆਂ ਦੇ ਪਰਵਾਰਾਂ ਦਾ ਫਿਕਰਮੰਦ ਹੋਣਾ ਕੁਦਰਤੀ ਹੈ।