
ਬਲਬੀਰ ਰਾਜੇਵਾਲ ਦੀ ਮੋਦੀ ਸਰਕਾਰ ਨੂੰ ਫਟਕਾਰ,70 ਕਿਸਾਨ ਸ਼ਹੀਦ ਹੋ ਚੁੱਕੇ ਹੁਣ ਕੀ 700 ਦਾ ਖੂਨ ਪੀਣਾ ਚਾਹੁੰਦੇ ਹੋ?
ਨਵੀਂ ਦਿੱਲੀ: ਬੀਤੇ 45 ਦਿਨਾਂ ਤੋਂ ਦਿੱਲੀ ਬਾਰਡਰ ‘ਤੇ ਜਾਰੀ ਸੰਘਰਸ਼ ਦੌਰਾਨ ਕਿਸਾਨ ਆਗੂ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲਦਿਆਂ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਇਸ ਅੰਦੋਲਨ ਦੀ ਕੋਈ ਹੱਦ ਨਹੀਂ ਰਹੀ, ਇਹ ਅੰਦੋਲਨ ਸੰਸਾਰ ਵਿਆਪੀ ਤੇ ਜਨ ਅੰਦੋਲਨ ਬਣ ਚੁੱਕਾ ਹੈ।
Balbir Singh Rajewal
ਦੇਸ਼ ਦੇ ਹਰ ਹਿੱਸੇ ਵਿਚ ਬੈਠਾ ਮਜ਼ਦੂਰ, ਕਿਸਾਨ, ਦਿਹਾੜੀਦਾਰ ਇਸ ਅੰਦੋਲਨ ਨਾਲ ਜੁੜ ਚੁਕਿਆ ਹੈ। ਵੱਡੇ-ਵੱਡੇ ਇਕੱਠ ਹੋ ਰਹੇ ਹਨ। ਸਰਕਾਰ ਜਿੰਨੇ ਨੀਵੇਂ ਪੱਧਰ ਤੱਕ ਜਾ ਸਕਦੀ ਸੀ, ਆਏ ਦਿਨ ਉਸ ਪੱਧਰ ਤੱਕ ਜਾ ਰਹੀ ਹੈ। ਬੀਤੇ ਦਿਨ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਸਰਕਾਰ ਹਾਰ ਚੁੱਕੀ ਹੈ। ਕਿਸਾਨਾਂ ਦਾ ਮਨੋਬਲ ਡੇਗਣ ਲਈ ਸਰਕਾਰ ਨੇ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਡਾ ਝਟਕਾ ਬਰਦਾਸ਼ਤ ਨਹੀਂ ਕਰ ਸਕੇ ਤੇ ਉੱਠ ਕੇ ਅਪਣੇ-ਅਪਣੇ ਕਮਰੇ ਵਿਚ ਚਲੇ ਗਏ।
Kissan Meeting
ਉਹਨਾਂ ਕਿਹਾ ਕਿ Repeal ਸ਼ਬਦ ਨੇ ਸਰਕਾਰ ਦੀ ਨੀਂਦ ਉਡਾਈ ਹੋਈ ਹੈ। ਪੂਰੇ ਦੇਸ਼ ਵਿਚ ਉਥਲ-ਪੁਥਲ ਮਚੀ ਹੋਈ ਹੈ। ਜਦੋਂ ਸਰਕਾਰ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ ਨਹੀਂ ਕਰ ਸਕਦੇ ਤਾਂ ਕਿਸਾਨਾਂ ਦਾ ਜਵਾਬ ਸੀ ਕਿ 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਕੀ ਤੁਸੀਂ 700 ਦਾ ਖੂਨ ਪੀਣਾ ਚਾਹੁੰਦੇ ਹੋ? ਕਿੰਨੇ ਲੋਕਾਂ ਦੀ ਬਲੀ ਲੈਣਾ ਚਾਹੁੰਦੇ ਹੋ ਅਸੀਂ ਤਿਆਰ ਹਾਂ ਪਰ ਕਾਨੂੰਨ ਰੱਦ ਕਰਵਾਏ ਬਿਨਾਂ ਇਹ ਅੰਦੋਲਨ ਸਮਾਪਤ ਨਹੀਂ ਹੋਵੇਗਾ। ਇਸ ਤੋਂ ਬਾਅਦ ਕਿਸਾਨਾਂ ਨੇ ਮੌਨ ਧਾਰ ਲਿਆ।
Balbir Singh Rajewal
ਬਲਬੀਰ ਸਿੰਘ ਰਾਜਵੇਲ ਨੇ ਦੱਸਿਆ ਕਿ ਉਹਨਾਂ ਨੂੰ ਇੰਗਲੈਂਡ ਦੇ ਸੰਸਦ ਮੈਂਬਰ ਦਾ ਫੋਨ ਆਇਆ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਹੋਇਆ। ਉਹਨਾਂ ਨੇ ਅਪਣੇ ਪੀਐਮ ਨੂੰ ਸਮਝਾਇਆ ਤੇ ਇਹ ਦੌਰਾਨ ਰੱਦ ਕਰਵਾਇਆ। ਇਸ ਤੋਂ ਸਾਫ ਹੈ ਕਿ ਪੂਰੀ ਦੁਨੀਆਂ ਕਿਸਾਨ ਅੰਦੋਲਨ ‘ਤੇ ਅੱਖ ਰੱਖੀ ਬੈਠੀ ਹੈ। ਰਾਜੇਵਾਲ ਨੇ ਦੱਸਿਆ ਕਿ ਅਮਿਤ ਸ਼ਾਹ ਨਾਲ ਹੋਈ ਬੈਠਕ ਦੌਰਾਨ ਸ਼ਾਹ ਨੇ ਕਿਹਾ ਕਿ ਅਸੀਂ ਬਹੁਤ ਕਾਨੂੰਨ ਬਣਾਏ ਹਨ , ਜੇਕਰ ਇਹ ਕਾਨੂੰਨ ਰੱਦ ਕੀਤੇ ਤਾਂ ਬਾਕੀ ਲੋਕ ਵੀ ਆ ਕੇ ਬੈਠ ਜਾਣਗੇ ਤਾਂ ਰਾਜੇਵਾਲ ਨੇ ਜਵਾਬ ਦਿੱਤਾ ਕਿ ਇੰਨੇ ਪਾਪ ਕੀਤੇ ਹਨ ਤਾਂ ਗੰਗਾ ਨਹਾ ਲਓ, ਚੰਗੇ ਰਹੋਗੇ।
FARMER PROTEST
ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੁਚੇਤ ਕੀਤਾ ਕਿ ਅੰਦੋਲਨ ਸਿਖਰ ‘ਤੇ ਪਹੁੰਚ ਚੁੱਕਾ ਹੈ। ਅੰਦੋਲਨ ਨੂੰ ਗੁੰਮਰਾਹ ਕਰਨ ਲਈ ਹਰ ਰੋਜ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅਪਣੇ ਵਿਰੋਧੀਆਂ ਦੀ ਪਛਾਣ ਕਰੋ ਤੇ ਮੋਰਚੇ ਵਿਚ ਕਈ ਸ਼ੱਕੀ ਲੋਕ ਆਏ ਦਿਨ ਦੇਖੇ ਜਾਂਦੇ ਹਨ, ਇਸ ਲਈ ਸੁਚੇਤ ਰਹੋ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਪੂਰੀ ਜ਼ਿੰਮੇਵਾਰੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਚਾਹੇ ਕਿਸਾਨ ਆਗੂਆਂ ਨੂੰ ਜਾਨ ਦੇਣੀ ਪਵੇ, ਪਰ ਇਹ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ।
Tractors March
ਰਾਜੇਵਾਲ ਨੇ ਅਪੀਲ ਕੀਤੀ ਕਿ 26 ਜਨਵਰੀ ਦਾ ਪ੍ਰੋਗਰਾਮ ਸਾਰੇ ਦੇਸ਼ ਦੇ ਕਿਸਾਨਾਂ ਲਈ ਇਕ ਚੁਣੌਤੀ ਹੈ। ਜਿਸ ਕੋਲ ਵੀ ਟਰੈਕਟਰ-ਟਰਾਲੀ, ਗੱਡੀ ਜਾਂ ਕੋਈ ਵੀ ਸਾਧਨ ਹੈ, ਉਹ ਇੱਥੇ ਪਹੁੰਚੋ। ਜੇਕਰ ਕੋਈ ਨਹੀਂ ਪਹੁੰਚ ਸਕਦਾ ਤਾਂ ਅਪਣੇ-ਅਪਣੇ ਗਵਰਨਰਾਂ ਨੂੰ ਵਖਤ ਪਾ ਦਿਓ। ਅੰਦੋਲਨ ਦੀ ਅੱਗ ਪੂਰੇ ਦੇਸ਼ ਵਿਚ ਫੈਲ ਚੁੱਕੀ ਹੈ ਤੇ ਇਸ ਦਾ ਸੇਕ ਪੀਐਮ ਮੋਦੀ ਦੇ ਘਰ ਤੱਕ ਪਹੁੰਚ ਜਾਣਾ ਚਾਹੀਦਾ ਹੈ। 26 ਤਰੀਕ ਦਾ ਅੰਦੋਲਨ ਇਸ ਦੇਸ਼ ਦਾ ਨਵਾਂ ਇਤਿਹਾਸ ਸਿਰਜੇਗਾ। ਉਹਨਾਂ ਬੀਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਮਾਈ ਭਾਗੋ ਦੀ ਭੂਮਿਕਾ ਨਿਭਾਉਣ।
Balbir singh rajewal
ਬਲਬੀਰ ਸਿੰਘ ਨੇ ਪੰਜਾਬੀ ਗਾਇਕ ਤੇ ਗੀਤਕਾਤ ਸ੍ਰੀ ਬਰਾੜ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਲੋਕਾਂ ਦੀ ਕਾਰਗੁਜ਼ਾਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਕਿਸਾਨ ਆਗੂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਅਪਣੇ ਅੰਦੋਲਨ ਨੂੰ ਆਪ ਬਚਾਇਆ ਜਾਵੇ। ਉਹਨਾਂ ਕਿਹਾ ਕਿ ਕਵਰੇਜ ਕਰਨ ਲਈ ਮੋਰਚੇ ‘ਤੇ ਆ ਰਹੇ ਮੀਡੀਆ ਕਰਮੀ ਅਪਣੇ ਮਾਲਕ ਦੇ ਹੁਕਮ ਮੰਨ ਕੇ ਆਉਂਦੇ ਹਨ, ਇਸ ਲਈ ਉਹਨਾਂ ਨੂੰ ਗਲਤ ਨਾ ਬੋਲਿਆ ਜਾਵੇ। ਉਹਨਾਂ ਨੂੰ ਨਾ ਘੇਰਿਆ ਜਾਵੇ।