
ਜੰਗਲਾਤ ਵਿਭਾਗ ਦੇ ਮੁਲਾਜ਼ਮ ’ਤੇ ਜਾਨਲੇਵਾ ਹਮਲਾ
ਪਟਿਆਲਾ, 8 ਜਨਵਰੀ (ਤੇਜਿੰਦਰ ਫ਼ਤਿਹਪੁਰ): ਮੁੱਖ ਮੰਤਰੀ ਦੀ ਨਿਜੀ ਰਿਹਾਇਸ਼ ਮੋਤੀ ਮਹਿਲ ਤੋਂ ਕੁੱਝ ਦੂਰੀ ਉਤੇ ਸਥਿਤ ਸੂਲਰ ਵਿਖੇ ਜੰਗਲਾਤ ਵਿਭਾਗ ਦੇ ਇਕ ਮੁਲਾਜ਼ਮ ਉਤੇ ਕੁੱਝ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰਦਿਆਂ ਗੋਲੀ ਚਲਾ ਦਿਤੀ ਗਈ। ਘਟਨਾ ਸ਼ੁਕਰਵਾਰ ਦੁਪਹਿਰ ਸਮੇਂ ਵਾਪਰੀ ਜਦੋਂ ਜੰਗਲਾਤ ਵਿਭਾਗ ਦਾ ਮੁਲਾਜ਼ਮ ਵਿਭਾਗੀ ਜ਼ਮੀਨ ਵਿਚ ਸਾਫ਼ ਸਫ਼ਾਈ ਕਰ ਰਿਹਾ ਸੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਪਸਿਆਣਾ ਦੀ ਪੁਲਿਸ ਮੌਕੇ ਉਤੇ ਪੁੱਜੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਹਮਲਾਵਰਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸੂਲਰ ਵਿਖੇ ਮੁੱਖ ਚੌਕ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਜਿਸ ਦੇ ਨਾਲ ਹੀ ਇਕ ਗਊਸ਼ਾਲਾ ਵੀ ਮੌਜੂਦ ਹੈ। ਸ਼ੁਕਰਵਾਰ ਦੁਪਹਿਰ ਸਮੇਂ ਜੰਗਲਾਤ ਵਿਭਾਗ ਦੇ ਮੁਲਾਜ਼ਮ ਅਪਣੀ ਜ਼ਮੀਨ ਦੀ ਸਾਫ਼-ਸਫ਼ਾਈ ਕਰਨ ਲਈ ਪੁੱਜੇ।
ਮੁਲਾਜ਼ਮਾਂ ਵਲੋਂ ਹਾਲੇ ਕੰਮ ਸ਼ੁਰੂ ਹੀ ਕੀਤਾ ਗਿਆ ਸੀ ਕਿ ਕੁੱਝ ਵਿਅਕਤੀਆਂ ਵਲੋਂ ਮੌਕੇ ਉਤੇ ਪੁੱਜ ਕੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੁਲਾਜ਼ਮਾਂ ਨੇ ਅਪਣੀ ਜ਼ਮੀਨ ਵਿਚ ਕੰਮ ਕਰਨ ਦਾ ਹਵਾਲਾ ਦਿਤਾ ਤਾਂ ਅੱਗੋਂ ਇਕ ਵਿਅਕਤੀ ਨੇ ਪਿਸਤੌਲ ਨਾਲ ਫ਼ਾਇਰ ਕਰ ਦਿਤਾ। ਜੋ ਕਿ ਇੱਥੇ ਕੰਮ ਕਰ ਰਹੇ ਵਿਭਾਗੀ ਮੁਲਾਜ਼ਮ ਜਸਵਿੰਦਰ ਸਿੰਘ ਦੇ ਕੋਲ ਦੀ ਲੰਘ ਗਿਆ। ਉਹ ਇਸ ਹਮਲੇ ਵਿਚ ਵਾਲ-ਵਾਲ ਬਚ ਗਿਆ ਤੇ ਤੁਰਤ ਉੱਚ ਅਧਿਕਾਰੀਆਂ ਨੂੰ ਸੂਚਨਾ ਦਿਤੀ ਗਈ। ਇਸ ਸਬੰਧੀ ਡੀਐਫ਼ਓ ਹਰਭਜਨ ਸਿੰਘ ਨੇ ਕਿਹਾ ਕਿ ਜਾਨਲੇਵਾ ਹਮਲਾ ਹੋਣ ਸਬੰਧੀ ਫ਼ੋਨ ਉਤੇ ਸੂਚਨਾ ਮਿਲੀ ਹੈ। ਮੁਲਾਜ਼ਮਾਂ ਅਨੁਸਾਰ ਮੌਕੇ ਉਤੇ ਗੋਲੀ ਵੀ ਚੱਲੀ ਹੈ ਤੇ ਇਸ ਸਬੰਧੀ ਲਿਖਤੀ ਸ਼ਿਕਾਇਤ ਐਸਐਸਪੀ ਨੂੰ ਦੇ ਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਥਾਣਾ ਪਸਿਆਣਾ ਇੰਚਾਰਜ ਜਸਪ੍ਰੀਤ ਸਿੰਘ ਕਾਹਲੋਂ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਹੈ ਤੇ ਟੀਮ ਮੌਕੇ ਉਤੇ ਪੁੱਜ ਚੁੱਕੀ ਹੈ, ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਉਤੇ ਡਿਊਟੀ ਦੌਰਾਨ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।