
ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਕਰਵਾਇਆ ਦਾਖਲ
ਸੰਗਰੂਰ: ਸੰਗਰੂਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਨਜ਼ਦੀਕੀ ਪਿੰਡ ਛਾਹੜ ਦੇ 1 ਸ਼ੈਲਰ 'ਚ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਜਦਕਿ 1 ਨੂੰ ਗੰਭੀਰ ਹਾਲਤ ਹੋਣ ਦੇ ਚੱਲਦਿਆਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਪ੍ਰਵਾਸੀ ਮਜ਼ਦੂਰ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤੇ ਸਨ।
ਅੰਗੀਠੀ ਦਾ ਧੂੰਆ ਚੜ੍ਹਨ ਕਾਰਨ ਮਜ਼ਦੂਰਾਂ ਦਾ ਦਮ ਘੁਟਿਆ ਗਿਆ। ਜਾਣਕਾਰੀ ਦਿੰਦਿਆਂ ਸ਼ੈੱਲਰ ਮਾਲਕ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਫ਼ੋਨ ਆਇਆ ਕੀ ਲੇਵਰ ਉੱਠ ਨਹੀਂ ਰਹੀ। ਇਸ 'ਤੇ ਉਨ੍ਹਾਂ ਕਿਹਾ ਕਿ ਮੁੜ ਤੋਂ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਪਰ ਜਦੋਂ ਦੁਬਾਰਾ ਕੋਸ਼ਿਸ਼ ਕਰਨ 'ਤੇ ਵੀ ਉਹ ਨਹੀਂ ਉੱਠੇ ਤਾਂ ਉਨ੍ਹਾਂ ਨੇ ਗੇਟ ਨੂੰ ਤੋੜਨ ਲਈ ਕਿਹਾ। ਜਿਵੇਂ ਹੀ ਦਰਵਾਜ਼ਾ ਤੋੜਿਆ ਗਿਆ ਤਾਂ ਕਮਰੇ 'ਚੋਂ ਇਕ ਦਮ ਧੂੰਆਂ ਬਾਹਰ ਨਿਕਲਿਆ।
ਜਿਸ ਦੌਰਾਨ ਜਦੋਂ ਉਕਤ ਵਿਅਕਤੀਆਂ ਨੇ ਅੰਦਰ ਜਾ ਕੇ ਦੇਖਿਆ ਤਾਂ 5 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ ਪਰ ਇੱਕ ਮਜ਼ਦੂਰ ਦੇ ਸਾਹ ਚੱਲ ਰਹੇ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਤੁਰੰਤ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਇਸ ਦੀ ਜਾਣਕਾਰੀ ਸਥਾਨਕ ਥਾਣੇ 'ਚ ਦਿੱਤੀ। ਮਜ਼ਦੂਰ ਬਿਹਾਰ ਤੋਂ ਆਏ ਸਨ। ਮ੍ਰਿਤਕਾਂ ਦੀ ਪਛਾਣ ਸਤਨਾਰਾਇਣ, ਸਚਿਨ, ਕਰਨ ,ਰਾਧੇ, ਅਨੰਤ ਕੁਮਾਰ ਵਜੋਂ ਹੋਈ ਹੈ ਜਦਕਿ ਰੁਧਰ ਜ਼ੇਰੇ ਇਲਾਜ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਜਲਦ ਹੀ ਮੌਕੇ 'ਤੇ ਪਹੁੰਚ ਰਹੇ ਹਨ।