
ਪੰਜਾਬ ਦੇ ਖਿਡਾਰੀਆਂ ਲਈ ਸੀਨੀਅਰ ਕੌਮੀ ਸਿਖਲਾਈ ਕੈਂਪ ਅੱਜ ਤੋਂ ਸ਼ੁਰੂ
ਮੋਹਾਲੀ, 8 ਫ਼ਰਵਰੀ (ਸੁਖਦੀਪ ਸੋਈਂ) : 82 ਵੀਂ ਸੀਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਪੰਜਾਬ ਸਿਖਲਾਈ ਕੈਂਪ ਮੁਹਾਲੀ ਦੇ ਸੈਕਟਰ-78 ਸਟੇਡੀਅਮ ਵਿਖੇ ਸ਼ੁਰੂ ਹੋ ਰਿਹਾ ਹੈ। ਇਸ 10 ਦਿਨਾਂ ਕੈਂਪ ਦਾ ਉਦਘਾਟਨ ਐਤਵਾਰ ਨੂੰ ਪੰਜਾਬ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕੀਤਾ ਜੋ ਕਿ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਇਸ ਕੈਂਪ ਦੌਰਾਨ ਸੀਨੀਅਰ ਨੈਸ਼ਨਲਜ਼ ਲਈ ਪੁਰਸ਼ ਅਤੇ ਔਰਤਾਂ ਦੋਹਾਂ ਟੀਮਾਂ ਨੂੰ 14 ਫ਼ਰਵਰੀ ਨੂੰ ਹੋਣ ਵਾਲੇ ਕੌਮੀ ਚੈਂਪੀਅਨਸ਼ਿਪ ਲਈ ਤਿਆਰ ਕੀਤਾ ਜਾਵੇਗਾ। ਨੈਸ਼ਨਲ ਕੋਚ ਐਨ ਰਵੀਚੰਦਰਨ ਨੇ ਕਿਹਾ ਕਿ ਪੰਜਾਬ ਦੀ ਦੋਵੇਂ ਪੰਜ ਮੈਂਬਰੀ ਪੁਰਸ਼ ਅਤੇ ਮਹਿਲਾ ਟੀਮਾਂ ਲਈ ਸਿਖਲਾਈ ਸੈਸ਼ਨ ਰੋਜ਼ਾਨਾ ਦੋ ਅਭਿਆਸ ਸੈਸ਼ਨਾਂ ਵਿਚ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਰੋਜ਼ਾਨਾ ਸਵੇਰ ਦਾ ਸਮਾਂ 7 ਤੋਂ 9 ਵਜੇ ਅਤੇ ਸ਼ਾਮ 4 ਤੋਂ 7 ਵਜੇ ਤਕ ਹੋਵੇਗਾ। ਸੀਨੀਅਰ ਕੌਮੀ ਚੈਂਪੀਅਨਸ਼ਿਪ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ 14 ਤੋਂ 23 ਫ਼ਰਵਰੀ ਤਕ ਹੋਵੇਗੀ।
ਪੰਜਾਬ ਦੇ ਕੋਚ ਹਰਮਨਪ੍ਰੀਤ ਸਿੰਘ ਨੇ ਦਸਿਆ ਕਿ ਇਸ ਕੈਂਪ ਵਿਚ ਸਟੇਟ ਵੂਮੈਨ ਚੈਂਪੀਅਨ ਨੇਹਾ ਅਤੇ ਸਟੇਟ ਮੈਨ ਚੈਂਪੀਅਨ ਹਿਤੇਸ ਡੋਗਰਾ ਸਮੇਤ ਦਸ ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਮਹਿਲਾ ਟੀਮ ਵਿਚ ਪ੍ਰਬਸਿਮਰਨ, ਪ੍ਰਗਤੀ, ਅਨਨਯਾ, ਆਯੁਸ਼ੀ ਅਤੇ ਪੁਰਸ਼ ਟੀਮ ਵਿਚ ਕਾਰਤਿਕ, ਨਿਖਿਲ, ਨਮਨ, ਰਖਸ਼ਿਤ ਕੈਂਪ ਵਿਚ ਸ਼ਾਮਲ ਹੋਣਗੇ।