
ਮੈਲਬੌਰਨ ’ਚ ਖੇਤੀ ਕਾਨੂੰਨਾਂ ਵਿਰੁਧ ਜ਼ਬਰਦਸਤ ਪ੍ਰਦਰਸ਼ਨ
ਮੈਲਬੌਰਨ, 8 ਫ਼ਰਵਰੀ (ਪਰਮਵੀਰ ਸਿੰਘ ਆਹਲੂਵਾਲੀਆ): ਭਾਰਤ ਵਿਚ ਖੇਤੀ ਬਿਲਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਰੇੜਕਾ ਕਾਇਮ ਹੈ ਜਿਸ ਦੇ ਚਲਿਦਆਂ ਦੁਨੀਆਂ ਭਰ ਵਿਚ ਵਸਦੇ ਕਿਸਾਨ ਹਿਤੈਸ਼ੀਆਂ ਵਲੋਂ ਖੇਤੀ ਬਿਲਾਂ ਦੇ ਵਿਰੁਧ ਲਗਾਤਾਰ ਰੋਸ ਪ੍ਰਦਰਸ਼ਨਾਂ ਦਾ ਸਿਲਸਲਾ ਜਾਰੀ ਹੈ।
ਇਸ ਦੇ ਚਲਿਦਆਂ ਨੂੰ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ ਸ਼ਾਂਤਮਈ ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਦੇ ਚਲਿਦਆਂ ਮੈਲਬਰਨ ਸ਼ਹਿਰ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਫ਼ੈਡਰੇਸ਼ਨ ਸਕੁਏਅਰ ਵਿਖੇ ਵਿਖੇ ਕਿਸਾਨ ਹਿਤੈਸ਼ੀਆਂ ਵਲੋਂ ਕਿਸਾਨ ਬਿਲਾਂ ਦੇ ਵਿਰੋਧ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਦੇ ਨੌਜਵਾਨਾਂ ਨੇ ਖ਼ਾਸ ਤੌਰ ’ਤੇ ਇਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਬੇਟੀ ਜੋਤੀ ਟਿਕੈਤ ਨੇ ਵੀ ਹਾਜ਼ਰੀ ਲਗਵਾਈ ਤੇ ਕਿਹਾ ਕਿ ਸਰਕਾਰ ਨੂੰ ਇਹ ਬਿਲ ਹਰ ਹਾਲਤ ਵਿਚ ਵਾਪਸ ਲੈਣੇ ਪੈਣਗੇ। ਵੱਡੀ ਗਿਣਤੀ ਵਿਚ ਲੋਕ ਪਰਵਾਰਾਂ ਸਮੇਤ ਇਸ ਪ੍ਰਦਰਸ਼ਨ ਵਿਚ ਪੁੱਜੇ ਹੋਏ ਸਨ।
ਇਸ ਮੌਕੇ ਆਏ ਹੋਏ ਲੋਕਾਂ ਵਲੋਂ ਕਿਸਾਨ ਮਜ਼ਦੂਰ ਏਕਤਾ ਦੀਆਂ ਤਖ਼ਤੀਆਂ ਫੜ ਕੇ ਭਾਰਤ ਦੀ ਕੇਂਦਰ ਵਿਚਲੀ ਮੌਦੀ ਸਰਕਾਰ, ਅੰਬਾਨੀ, ਅਡਾਨੀ ਦੇ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।
ਇਸ ਪ੍ਰਦਰਸ਼ਨ ਵਿਚ ਕਿਸਾਨ ਮਜ਼ਦੂਰ ਕਾਰਕੁਨ ਨੌਦੀਪ ਕੌਰ ਦੇ ਹੱਕ ਵਿਚ ਵੀ ਆਵਾਜ਼ ਬੁਲੰਦ ਕੀਤੀ ਤੇ ਉਸ ਦੀ ਛੇਤੀ ਰਿਹਾਈ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਚਿੱਤਰਕਾਰ ਰਾਜੀ ਮੁਸੱਬਰ ਵਲੋਂ ਕਿਸਾਨੀ ਸੰਘਰਸ਼ ਤੇ ਸਰਕਾਰ ਦੇ ਅੜੀਅਲ ਰਵਈਏ ਨੂੰ ਬਿਆਨ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ। ਇਸ ਮੌਕੇ ਖ਼ਾਲਸਾ ਏਡ ਆਸਟ੍ਰੇਲੀਆ ਦੀ ਟੀਮ ਵਲੋਂ ਵੀ ਅਪਣੀਆ ਸੇਵਾਵਾਂ ਦਿਤੀਆਂ। ਵਿਦੇਸ਼ਾਂ ਵਿਚ ਬੈਠੇ ਕਿਸਾਨ ਹਿਤੈਸ਼ੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।