
ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਅਰੂਸਾ ਆਲਮ ਨੇ ਕਿਹਾ ਕਿ ਕਾਂਗਰਸ ਪੂਰੇ ਭਾਰਤ ਵਿਚ ਅਧਾਰਹੀਣ ਹੁੰਦੀ ਜਾ ਰਹੀ ਹੈ।
ਚੰਡੀਗੜ੍ਹ: ਪਾਕਿਸਤਾਨੀ ਪੱਤਰਕਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਅਰੂਸਾ ਆਲਮ ਨੇ ਪੰਜਾਬ ਵਿਚ ਕਾਂਗਰਸ ਦੀ ਮੌਜੂਦਾ ਸਥਿਤੀ ਲਈ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਦੱਸਿਆ ਹੈ। ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਅਰੂਸਾ ਆਲਮ ਨੇ ਕਿਹਾ ਕਿ ਕਾਂਗਰਸ ਪੂਰੇ ਭਾਰਤ ਵਿਚ ਅਧਾਰਹੀਣ ਹੁੰਦੀ ਜਾ ਰਹੀ ਹੈ। ਕਾਂਗਰਸ ਦੇ ਡਿੱਗਦੇ ਪੱਧਰ ਦਾ ਕਾਰਨ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ।
ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਵਿਚ ਯੋਗ ਫੈਸਲੇ ਨਹੀਂ ਲਏ ਜਾ ਰਹੇ। ਕਾਂਗਰਸ ਖੇਤਰੀ ਆਗੂਆਂ ਨੂੰ ਉੱਪਰ ਨਹੀਂ ਆਉਣ ਦਿੰਦੀ, ਉਹਨਾਂ ਨੂੰ ਸਿਰਫ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ। ਪੰਜਾਬ ਕਾਂਗਰਸ ਬਾਰੇ ਗੱਲ ਕਰਦਿਆਂ ਅਰੂਸਾ ਅਲਮ ਨੇ ਕਿਹਾ, “ਪੰਜਾਬ ਦੇ ਕਾਂਗਰਸੀ ਲੀਡਰਾਂ ਕੋਲ ਅਪਣਾ ਸਿਆਸੀ ਸਟੰਟ ਨਹੀਂ, ਉਹਨਾਂ ਨੇ ਇਕ ਔਰਤ ਦੇ ਮੋਢਿਆਂ ’ਤੇ ਰੱਖ ਕੇ ਗੰਨ ਫਾਇਰ ਕੀਤਾ। ਕਾਂਗਰਸੀਆਂ ਦੀ ਬਰਬਾਦੀ ਪਿੱਛੇ ਉਹਨਾਂ ਦੇ ਕਰਮ ਅਤੇ ਮੇਰੀ ਬਦਦੁਆ ਹੈ”।
Aroosa Alam and Captain Amarinder Singh
ਕਾਂਗਰਸ ਨੇ ਅਪਣੇ ਅਕਸ ਦਾ ਸੱਤਿਆਨਾਸ ਕੀਤਾ- ਅਰੂਸਾ ਆਲਮ
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਸਬੰਧੀ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ, “ਕਾਂਗਰਸ ਲੀਡਰਸ਼ਿਪ ਨੂੰ ਪਤਾ ਨਹੀਂ ਕਿਸ ਨੇ ਰਾਇ ਦਿੱਤੀ ਕਿ ਤੁਸੀਂ ਕੈਪਟਨ ਨੂੰ ਹਟਾਓ। ਅਪਣੇ ਕਮਾਂਡਰ ਨੂੰ ਇਸ ਤਰ੍ਹਾਂ ਕੌਣ ਬਦਲਦਾ ਹੈ? ਕੈਪਟਨ ਇੰਨੇ ਚੰਗੇ ਇਨਸਾਨ ਹਨ। ਸਭ ਕੁੱਝ ਅਸਾਨੀ ਨਾਲ ਹੈਂਡਲ ਹੋ ਸਕਦਾ ਸੀ। ਇਹਨਾਂ ਨੇ ਇੰਨੀ ਖਿਚੜੀ ਪਕਾ ਕੇ ਪਾਰਟੀ ਦੇ ਨਾਲ-ਨਾਲ ਅਪਣੇ ਅਕਸ ਦਾ ਵੀ ਸੱਤਿਆਨਾਸ ਕਰ ਦਿੱਤਾ। ਇਕ ਬੇਦਾਗ ਸਿਆਸੀ ਅਕਸ ਵਾਲੇ ਸ਼ਰੀਫ ਆਦਮੀ ਨੂੰ ਜਲੀਲ ਕੀਤਾ ਗਿਆ। ਕੈਪਟਨ ਅਤੇ ਸੋਨੀਆ ਗਾਂਧੀ ਇਕ ਦੂਜੇ ਦਾ ਬਹੁਤ ਸਨਮਾਨ ਕਰਦੇ ਸਨ। ਪਾਰਟੀ ਨੂੰ ਹੁਣ ਭੈਣ-ਭਰਾ ਹੀ ਚਲਾ ਰਹੇ ਹਨ”।
“ਕਾਂਗਰਸ ਨੇ ਕੈਪਟਨ ਨੂੰ ਸਿਲਵਰ ਪਲੇਟ ਵਿਚ ਰੱਖ ਕੇ ਭਾਜਪਾ ਨੂੰ ਡਿਲੀਵਰ ਕੀਤਾ”
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੈਦਾ ਹੋਏ ਸਿਆਸੀ ਮਾਹੌਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਸਿਆਸਤ ਇਕ ਹੋਰ ਰੂਪ ਲੈ ਗਈ ਹੈ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਲਵਰ ਪਲੇਟ ਵਿਚ ਰੱਖ ਕੇ ਭਾਜਪਾ ਨੂੰ ਡਿਲੀਵਰ ਕਰ ਦਿੱਤਾ। ਸਾਨੂੰ ਭਾਜਪਾ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਚੋਣਾਂ ਵਿਚ ‘ਆਪ’ ਚੰਗਾ ਪ੍ਰਦਰਸ਼ਨ ਕਰੇਗੀ ਪਰ ਬਹੁਮਤ ਹਾਸਲ ਨਹੀਂ ਕਰ ਸਕੇਗੀ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਅਜੇ ਬੈਕਫੁੱਟ ’ਤੇ ਖੇਡ ਰਹੀ ਹੈ। ਕਿਸਾਨ ਵੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀਆਂ ਵੋਟਾਂ ਕੱਟਣਗੇ। ਹਾਲਾਂਕਿ ਮੈਂ ਬਿਕਰਮ ਸਿੰਘ ਮਜੀਠੀਆ ਦੀ ਸ਼ਲਾਘਾ ਕਰਦੀ ਹਾਂ ਕਿ ਉਸ ਨੇ ਸਿੱਧੂ ਨੂੰ ਚੈਲੰਜ ਕਰਕੇ ਪਾਰਟੀ ਵਿਚ ਨਵੀਂ ਰੂਹ ਫੂਕ ਦਿੱਤੀ।
ਨਵਜੋਤ ਸਿੰਘ ਸਿੱਧੂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਅਰੂਸਾ ਆਲਮ ਨੇ ਕਿਹਾ, “ਸਿੱਧੂ ਸਾਬ੍ਹ ਦੀ ਪਤਨੀ ਨੇ ਮੇਰੇ ’ਤੇ ਕਾਫ਼ੀ ਹਮਲੇ ਬੋਲੇ। ਸਿੱਧੂ ਨੂੰ ਸਿਰਫ਼ ਤਵੱਜੋਂ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਮੈਂ ਹੀ ਮੈਂ। ਸਿਆਸਤ ਵਿਚ ਤੁਹਾਨੂੰ ਬਹੁਤ ਜ਼ਿਆਦਾ ਨਿਮਰ ਹੋਣਾ ਪੈਂਦਾ ਹੈ, ਇੱਜ਼ਤ ਦੇਣੀ ਪੈਂਦੀ ਹੈ। ਉਹਨਾਂ ਦਾ ਆਪਣੀ ਜ਼ੁਬਾਨ ’ਤੇ ਕਾਬੂ ਨਹੀਂ ਰਹਿੰਦਾ। ਉਹ ਲੋਕਾਂ ਦੀ ਵੀ ਬੇਇੱਜ਼ਤੀ ਕਰ ਦਿੰਦੇ ਹਨ”।