
ਚੰਡੀਗੜ੍ਹ : ਬੀਤੇ ਦਿਨੀਂ ਮੋਗਾ ਵਿਖੇ ਹੋਈ ਕਾਂਗਰਸ ਦੀ ਰੈਲੀ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭਾਸ਼ਣ ਲਈ ਸਮਾਂ ਨਾ ਮਿਲਣ 'ਤੇ ਉਹ ਅੰਦਰੋ ਅੰਦਰੀ...
ਚੰਡੀਗੜ੍ਹ : ਬੀਤੇ ਦਿਨੀਂ ਮੋਗਾ ਵਿਖੇ ਹੋਈ ਕਾਂਗਰਸ ਦੀ ਰੈਲੀ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭਾਸ਼ਣ ਲਈ ਸਮਾਂ ਨਾ ਮਿਲਣ 'ਤੇ ਉਹ ਅੰਦਰੋ ਅੰਦਰੀ ਕਾਫ਼ੀ ਔਖੇ ਦਿਖਾਈ ਦੇ ਰਹੇ ਹਨ। ਭਾਵੇਂ ਉਨ੍ਹਾਂ ਤੁਰਤ ਕੁੱਝ ਨਹੀਂ ਕਿਹਾ ਪਰ ਹੁਣ ਉਨ੍ਹਾਂ ਦਾ ਗੁੱਸਾ ਛਲਕਣਾ ਸ਼ੁਰੂ ਹੋ ਗਿਆ ਹੈ। ਇਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ, '' ਜੇਕਰ ਮੈਂ ਰਾਹੁਲ ਦੀ ਰੈਲੀ ਵਿਚ ਬੋਲਣਯੋਗ ਨਹੀਂ ਹਾਂ ਤਾਂ ਮੈਂ ਚੰਗਾ ਪ੍ਰਚਾਰਕ ਜਾਂ ਬੁਲਾਰਾ ਵੀ ਨਹੀਂ ਹੋ ਸਕਦਾ।''
ਉਨ੍ਹਾਂ ਕਿਹਾ ਕਿ ਇਸ ਰੈਲੀ ਨੇ ਸਪੱਸ਼ਟ ਕਰ ਦਿਤਾ ਕਿ ਪਾਰਟੀ ਲਈ ਭਵਿੱਖ 'ਚ ਕੌਣ ਪ੍ਰਚਾਰ ਕਰੇਗਾ। ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਬੋਲਣ ਲਈ ਕਿਉਂ ਨਹੀਂ ਬੁਲਾਇਆ ਗਿਆ, ਇਹ ਤਾਂ ਪਤਾ ਨਹੀਂ ਪਰ ਇਸ ਰੈਲੀ ਨੇ ਮੈਨੂੰ ਮੇਰੀ ਜਗ੍ਹਾ ਦਿਖਾ ਦਿਤੀ। ਸਿੱਧੂ ਨੇ ਦਸਿਆ ਕਿ ਪਹਿਲੀ ਵਾਰ ਉਨ੍ਹਾਂ ਨੂੰ 2004 ਵਿਚ ਬਾਦਲ ਦੀ ਰੈਲੀ ਵਿਚ ਨਹੀਂ ਬੋਲਣ ਦਿਤਾ ਗਿਆ ਸੀ ਤੇ ਇਹ ਦੂਜੀ ਵਾਰ ਵਾਪਰਿਆ ਹੈ ਤੇ ਪਤਾ ਨਹੀਂ ਅਜਿਹਾ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਆਏ ਸਨ ਕਿ ਮੋਦੀ ਵਲੋਂ ਬੋਲੇ ਜਾ ਰਹੇ ਭਰਮ ਤੇ ਝੂਠ ਦੇ ਬਖੀਏ ਉਘੇੜ ਸਕਾਂ ਪਰ ਅਜਿਹਾ ਨਹੀਂ ਹੋ ਸਕਿਆ।
Rahul rally
ਸਿੱਧੂ ਦੀ ਨਰਾਜ਼ਗੀ ਤੋਂ ਬਾਅਦ ਪਾਰਟੀ ਦੇ ਆਗੂਆਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਹਨ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਿੱਧੂ ਨੂੰ ਭਾਸ਼ਣ ਦੇਣ ਦਾ ਸਮਾਂ ਦੇਣਾ ਚਾਹੀਦਾ ਸੀ। ਇਸ ਬਾਰੇ ਰੈਲੀ ਦੇ ਮੁੱਖ ਪ੍ਰਬੰਧਕ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੇਵਲ ਚਾਰ ਨਾਮ ਦੇਣ ਲਈ ਕਿਹਾ ਗਿਆ ਸੀ ਤੇ ਦੂਜਾ ਰਾਹੁਲ ਗਾਂਧੀ ਦੀ ਕਾਂਗੜਾ 'ਚ ਰੈਲੀ ਸੀ ਜਿਥੇ ਜਾਣ ਲਈ ਉਹ ਲੇਟ ਹੋ ਰਹੇ ਸਨ, ਇਸ ਲਈ ਰੈਲੀ ਛੇਤੀ ਖ਼ਤਮ ਕਰਨੀ ਸੀ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਮੋਗਾ ਦੇ ਕਿਲੀ ਚਾਹਲਾਂ ਵਿਖੇ ਰੈਲੀ ਕਰ ਕੇ ਪੰਜਾਬ 'ਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਕੀਤੀ ਸੀ ਜਿਸ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਪਹੰੁੰਚੇ ਹੋਏ ਸਨ। ਇਥੇ ਹੀ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਹੱਥੋਂ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫ਼ੀਕੇਟ ਵੀ ਦਿਵਾਏ ਸਨ। ਰੈਲੀ ਦੌਰਾਨ ਮੁੱਖ ਮੰਤਰੀ, ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਨੇ ਤਾਂ ਭਾਸ਼ਣ ਦਿਤਾ ਪਰ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੂੰ ਮੌਕਾ ਨਾ ਦਿਤਾ ਗਿਆ। ਇਹੀ ਨਹੀਂ, ਮੰਚ 'ਤੇ ਵੀ ਸਿੱਧੂ ਨੂੰ ਰਾਹੁਲ ਤੋਂ ਦੂਰ ਦੂਰ ਹੀ ਰਖਿਆ ਗਿਆ।