
ਲੁਧਿਆਣਾ : ਕੌਮੀ ਸੜਕ ਪ੍ਰਾਜੈਕਟ ਨੂੰ ਤੈਅ ਸਮੇਂ 'ਚ ਮੁਕੰਮਲ ਨਾ ਕਰਨ ਦੇ ਰੋਸ ਵਜੋਂ ਕਾਂਗਰਸੀ ਆਗੂਆਂ ਵੱਲੋਂ ਸ਼ੁਰੂ ਕੀਤਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ...
ਲੁਧਿਆਣਾ : ਕੌਮੀ ਸੜਕ ਪ੍ਰਾਜੈਕਟ ਨੂੰ ਤੈਅ ਸਮੇਂ 'ਚ ਮੁਕੰਮਲ ਨਾ ਕਰਨ ਦੇ ਰੋਸ ਵਜੋਂ ਕਾਂਗਰਸੀ ਆਗੂਆਂ ਵੱਲੋਂ ਸ਼ੁਰੂ ਕੀਤਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਸਮਰਥਕਾਂ ਨਾਲ ਟੋਲ ਪਲਾਜ਼ਾ 'ਤੇ ਡਟੇ ਹੋਏ ਹਨ। ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸ਼ੇਰਪੁਰ ਤੋਂ ਲਾਡੋਵਾਲ ਟੋਲ ਪਲਾਜ਼ਾ ਤਕ ਹਾਲਤ ਖਸਤਾ ਹੋਣ ਕਾਰਨ ਕਾਂਗਰਸੀਆਂ ਨੇ ਇਹ ਧਰਨਾ ਸ਼ੁਰੂ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਐਨਐਚਏਆਈ ਦੇ ਡਾਇਰੈਕਟਰ ਨੇ ਵੀ ਦਸੰਬਰ 'ਚ ਆਦੇਸ਼ ਦਿੱਤਾ ਸੀ ਕਿ ਟੋਲ ਪਲਾਜ਼ਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਵਿਧਾਨ ਸਭਾ ਕਮੇਟੀ ਨੇ ਵੀ ਟੋਲ ਪਲਾਜ਼ਾ ਬੰਦ ਕਰਵਾਉਣ ਦਾ ਫ਼ੈਸਲਾ ਲਿਆ ਹੈ।
Congress protest at Ladhowal toll plaza
ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਸੋਮਾ ਕੰਪਨੀ ਨੂੰ ਵੀ ਪੱਤਰ ਲਿਖੇ ਜਾ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਕੰਪਨੀ ਨੇ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਸੋਮਾ ਕੰਪਨੀ ਸ਼ੇਰਪੁਰ-ਲਾਡੋਵਾਲ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਕਰਦੀ ਉਹ ਟੋਲ ਟੈਕਸ ਨਹੀਂ ਕੱਟਣ ਦੇਣਗੇ ਅਤੇ ਧਰਨਾ ਲਗਾ ਕੇ ਉੱਥੇ ਹੀ ਬੈਠੇ ਰਹਿਣਗੇ। ਕਾਂਗਰਸੀ ਆਗੂਆਂ ਤੇ ਸਮਰਥਕਾਂ ਨੇ ਬੀਤੇ ਦਿਨ ਹੀ ਟੋਲ ਪਲਾਜ਼ਾ ਬੰਦ ਕਰ ਦਿੱਤਾ ਸੀ। ਵਾਹਨ ਚਾਲਕਾਂ ਨੂੰ ਮੁਫ਼ਤ ਜਾਣ ਦਿੱਤਾ ਜਾ ਰਿਹਾ ਹੈ। ਕੱਲ ਸਾਰੀ ਰਾਤ ਕਾਂਗਰਸੀ ਧਰਨੇ 'ਤੇ ਬੈਠੇ ਰਹੇ।
Congress protest at Ladhowal toll plaza-2
ਉਧਰ ਟੋਲ ਅਧਿਕਾਰੀਆਂ ਨੇ ਕਿਹਾ ਕਿ ਉਹ ਸੰਸਦ ਮੈਂਬਰ ਬਿੱਟੂ ਤੇ ਹੋਰ ਕਾਂਗਰਸੀਆਂ ਵਿਰੁੱਧ ਪੁਲਿਸ 'ਚ ਸ਼ਿਕਾਇਤ ਦੇਣਗੇ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਸਵੇਰੇ ਕਰੀਬ 10.30 ਵਜੇ ਵਿਧਾਇਕ ਸੁਰਦਿੰਰ ਡਾਵਰ ਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਕਾਂਗਰਸ ਵਰਕਰਾਂ ਨਾਲ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚੇ ਅਤੇ ਬੈਰੀਕੇਡ ਖੁਲ੍ਹਵਾ ਦਿੱਤੇ। ਕਾਂਗਰਸੀਆਂ ਨੇ ਟੋਲ ਕਰਮੀਆਂ ਨੂੰ ਪਰਚੀ ਕੱਟਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਕਰੀਬ 11 ਵਜੇ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੌਕੇ 'ਤੇ ਪਹੁੰਚੇ। ਕਾਂਗਰਸੀਆਂ ਨੇ ਟੋਲ ਪਲਾਜ਼ਾ ਦੇ ਦਫ਼ਤਰ 'ਤੇ ਵੀ ਤਾਲਾ ਲੱਗਾ ਦਿੱਤਾ।