
ਹੋਲੀ ਸਮਾਰੋਹ ਤੋਂ ਲੈ ਕੇ ਉਡਾਣਾਂ ਤਕ ਹੋਈਆਂ ਰੱਦ, ਸੈਲਾਨੀਆਂ ਲਈ ਕੈਪੀਟਲ ਕੰਪਲੈਕਸ ਬੰਦ
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਵਿਚ ਸ਼ੱਕੀ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਸ਼ਹਿਰ ਵਿਚ ਵੀ ਦਹਿਸ਼ਤ ਦਾ ਆਲਮ ਹੈ। ਹਾਲਾਂਕਿ ਸਰਕਾਰੀ ਅਦਾਰਿਆਂ ਵਲੋਂ ਕੋਰੋਨਾ ਵਾਇਰਸ 'ਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਲੋਕ ਖ਼ੁਦ ਵੀ ਚੌਕਸੀ ਵਰਤ ਰਹੇ ਹਨ।
ਚੰਡੀਗੜ੍ਹ ਵਿਚ ਕਈਂ ਥਾਵਾਂ ਤੇ ਹੋਲੀ ਸਮਾਰੋਹ ਰੱਦ ਕਰ ਦਿਤੇ ਗਏ ਹਨ। ਇਸ ਦੇ ਨਾਲ ਹੀ ਇਸ ਦਾ ਅਸਰ ਚੰਡੀਗੜ੍ਹ ਤੋਂ ਉਡਣ ਵਾਲੀਆਂ ਫ਼ਲਾਈਟਾਂ ਤੇ ਵੀ ਪਿਆ ਹੈ। ਇਸ ਸਮੇਂ ਲੋਕ ਸਫ਼ਰ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਥਸਾਸਨ ਨੇ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਵੀ ਚੌਕਸ ਕੀਤਾ ਹੈ ਕਿ ਉਹ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕਰਨ।
ਗੋ ਏਅਰ ਨੇ ਬੈਂਕਾਕ ਉਡਾਨ ਕੀਤੀ ਰੱਦ
ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਗੋ ਏਅਰ ਨੇ ਅਪਣੀ ਉਡਾਨ ਰੱਦ ਕਰ ਦਿਤੀ ਹੈ। ਇਹ ਫ਼ਲਾਈਟ ਇਸ ਮਹੀਨੇ ਚੰਡੀਗੜ੍ਹ ਤੋਂ ਬੈਂਕਾਕ ਲਈ ਉਡਾਨ ਭਰਨ ਵਾਲੀ ਸੀ। ਇਸ ਫ਼ਲਾਈਟ ਨੂੰ ਮਾਰਚ ਦੇ ਆਖ਼ਰ ਵਿਚ ਸ਼ੁਰੂ ਕੀਤਾ ਜਾਣਾ ਸੀ। ਇਹ ਫ਼ਲਾਈਟ ਰੱਦ ਹੋਣ ਦੇ ਕਾਰਨ ਹੁਣ ਇਥੇ ਸਿਰਫ਼ ਦੋ ਇੰਟਰਨੈਸ਼ਨਲ ਉਡਾਨ ਹੀ ਆਪਰੇਟ ਹੋਣਗੀਆਂ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀਆਂ ਮੁਤਾਬਕ ਗੋ ਏਅਰ ਨੇ ਬੈਂਕਾਕ ਦੀ ਉਡਾਨ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਰੱਦ ਕੀਤੀ ਹੈ। ਏਅਰਲਾਈਨ ਹੁਣ ਇਸ ਫ਼ਲਾਈਟ ਨੂੰ ਉਦੋਂ ਮਨਜ਼ੂਰੀ ਦੇਵੇਗੀ ਜਦੋਂ ਵਿਦੇਸ਼ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਟਲ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਏਅਰਲਾਇਨਾਂ ਨੇ ਕਈ ਦੇਸ਼ਾਂ ਦੀਆਂ ਅਪਣੀਆਂ ਫ਼ਲਾਈਟਾਂ ਰੱਦ ਕਰ ਦਿਤੀਆਂ ਹਨ।
ਏਅਰਪੋਰਟ 'ਤੇ ਪੂਰੀ ਤਿਆਰੀ
ਚੰਡੀਗੜ੍ਹ ਅੰਤਰਾਸ਼ਟਰੀ ਏਅਰਪੋਰਟ ਕੋਰੋਨਾ ਵਾਇਰਸ ਤੋਂ ਨਿਪਟਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕਿਸੇ ਵੀ ਤਰ੍ਹਾਂ ਦੇ ਸ਼ੱਕੀ ਮਰੀਜ਼ ਦਾ ਪਤਾ ਚਲਣ 'ਤੇ ਏਅਰਪੋਰਟ 'ਤੇ ਕੰਮ ਕਰਨ ਵਾਲੇ ਇਮੀਗਰੇਸ਼ਨ, ਕਸਟਮ, ਸੀਆਈਐਸਐਫ, ਪੰਜਾਬ ਹੈਲਥ ਡਿਪਾਰਟਮੈਂਟ, ਏਅਰਲਾਇੰਸ ਆਦਿ ਪੂਰੀ ਤਰ੍ਹਾਂ ਨਾਲ ਤਿਆਰ ਅਤੇ ਚੌਕਸ ਹਨ।
ਏਅਰਲਾਇੰਸ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਫ਼ਲਾਈਟ ਵਿਚ ਸੂਚਨਾਵਾਂ ਦਿਤੀ ਜਾ ਰਹੀ ਹਨ। ਨਾਲ ਹੀ ਵਿਦੇਸ਼ਾਂ ਤੋਂ ਆਉਣ ਵਾਲਿਆਂ ਤੋਂ ਸਿਹਤ ਸਬੰਧੀ ਫ਼ਾਰਮ ਵੀ ਭਰਵਾਏ ਜਾ ਰਹੇ ਹਨ। ਇਹ ਫ਼ਾਰਮ ਏਅਰਪੋਰਟ ਤੇ ਤੈਨਾਤ ਸਿਹਤ ਅਧਿਕਾਰੀਆਂ ਦੇ ਨਾਲ-ਨਾਲ ਇਮਿਗਰੇਸ਼ਨ ਅਧਿਕਾਰੀ ਆਪਣੇ ਕੋਲ ਜਮ੍ਹਾ ਕਰ ਰਹੇ ਹਨ।
ਯੂਟੀ ਪੁਲਿਸ ਨੇ ਅਪਣੇ ਕਰਮਚਾਰੀਆਂ ਨੂੰ ਕੀਤਾ ਚੌਕਸ
ਯੂਟੀ ਪੁਲਿਸ ਨੇ ਕੋਰੋਨਾ ਵਾਇਰਸ ਤੋਂ ਬਚਨ ਲਈ 31 ਮਾਰਚ ਤਕ ਲਈ ਅਲਰਟ ਜਾਰੀ ਕੀਤਾ ਹੈ। ਯੂਟੀ ਪੁਲਿਸ ਨੇ ਅਪਣੇ ਮੁਲਾਜ਼ਮਾਂ ਨੂੰ ਮਾਸਕ ਅਤੇ ਦਸਤਾਨੇ ਪਹਿਨਣ ਦੀ ਨਸੀਹਤ ਦਿਤੀ ਹੈ। ਪੁਲਿਸ ਕਰਮਚਾਰੀ ਸ਼ਹਿਰ ਦੀਆਂ ਸੜਕਾਂ ਤੇ ਮਾਸਕ ਅਤੇ ਦਸਤਾਨੇ ਪਹਿਨੇ ਹੋਏ ਡਿਊਟੀ ਕਰਦੇ ਨਜ਼ਰ ਆ ਰਹੇ ਹਨ। ਸਿਹਤ ਵਿਭਾਗ ਵਲੋਂ ਜਾਰੀ ਪੱਤਰ ਦੇ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਇਹ ਫ਼ੈਸਲਾ ਲਿਆ ਹੈ।
ਸੈਲਾਨੀਆਂ ਲਈ ਕੈਪਿਟਲ ਕੰਪਲੈਕਸ ਬੰਦ
ਕੋਰੋਨਾ ਦੇ ਡਰ ਨਾਲ ਕੈਪਿਟਲ ਕੰਪਲੈਕਸ ਦੀਆਂ ਤਿੰਨੇ ਪ੍ਰਮੁੱਖ ਇਮਾਰਤਾਂ ਵਿਚ ਸੈਲਾਨੀਆਂ ਦਾ ਦਾਖ਼ਲਾ ਬੰਦ ਕਰ ਦਿਤਾ ਗਿਆ ਹੈ। ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਖ਼ੌਫ਼, ਕਈ ਥਾਵਾਂ 'ਤੇ ਵੇਖਣ ਨੂੰ ਮਿਲ ਰਿਹੈ ਅਸਰ ਕੈਪਿਟਲ ਕੰਪਲੈਕਸ ਦਾ ਟੂਰ ਹੁਣ ਕੇਵਲ ਪਲਾਜ਼ਾ ਤਕ ਸੀਮਤ ਰਹੇਗਾ।
ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਵਿਧਾਨ ਸਭਾ ਅਤੇ ਸਕੱਤਰੇਤ ਦੀ ਇਮਾਰਤ ਵਿਚ ਕੋਈ ਟੂਰਿਸਟ ਦਾਖ਼ਲ ਨਹੀਂ ਹੋ ਸਕੇਗਾ। ਲੀ ਕਾਰਬੂਜ਼ੀਅਰ ਦੀ ਕਰਿਏਸ਼ਨ ਨੂੰ ਦੇਖਣ ਦਾ ਸੁਪਨਾ ਲੈ ਕੇ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਇੰਜ ਹੀ ਪਰਤਣਾ ਪੈ ਰਿਹਾ ਹੈ। ਕੈਪਿਟਲ ਕੰਪਲੈਕਸ ਨੂੰ ਵਿਖਾਉਣ ਲਈ ਦਿਨ ਵਿਚ ਤਿੰਨ ਟੂਰ ਹੁੰਦੇ ਹਨ।
ਹੋਲੀ ਦੇ ਕਈ ਥਾਵਾਂ 'ਤੇ ਸਮਾਰੋਹ ਰੱਦ
ਟਰਾਈਸਿਟੀ ਦਾ ਸਭ ਤੋਂ ਵੱਡਾ ਹੋਲੀ ਦਾ ਪਰੋਗਰਾਮ ਚੰਡੀਗੜ੍ਹ ਕਲੱਬ ਵਿਚ ਹੁੰਦਾ ਹੈ। ਇਸ ਵਾਰ ਇਥੇ ਇਹ ਪ੍ਰੋਗਰਾਮ ਨਹੀਂ ਹੋਵੇਗਾ ਜਦਕਿ ਚੰਡੀਗੜ੍ਹ ਕਲੱਬ ਤੋਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਬੁਕਿੰਗ ਵੀ ਹੋਈ ਸੀ ਪਰ ਕੋਰੋਨਾ ਵਾਇਰਸ ਕਾਰਨ ਕਲੱਬ ਨੇ ਪਹਿਲੀ ਵਾਰ ਹੋਲੀ ਤੇ ਇਹ ਪ੍ਰੋਗਰਾਮ ਰੱਦ ਕਰ ਦਿਤਾ ਹੈ।
ਪਿਛਲੇ ਕਈ ਸਾਲਾਂ ਤੋਂ ਹਰ ਹੋਲੀ ਤੇ ਲੋਕ ਇੱਥੇ ਪੰਜਾਬੀ ਗਾਣਿਆਂ ਤੇ ਡਾਂਸ ਕਰ ਕੇ ਖੂਬ ਰੰਗ ਜਮਾਉਂਦੇ ਸਨ। ਕਲੱਬ ਵਿਚ ਟਰਾਈਸਿਟੀ ਦੇ ਲੋਕ ਅਪਣੇ ਪਰਵਾਰ ਦੇ ਨਾਲ ਹਿੱਸਾ ਲੈਂਦੇ ਸਨ। ਹਰ ਹੋਲੀ ਤੇ 20 ਹਜ਼ਾਰ ਤੋਂ ਵਧ ਲੋਕ ਚੰਡੀਗੜ੍ਹ ਕਲੱਬ ਵਿਚ ਮਨੋਰੰਜਨ ਕਰਨ ਲਈ ਆਉਂਦੇ ਸਨ। ਕਲੱਬ ਦੇ ਹੀ ਕੁਲ ਅੱਠ ਹਜ਼ਾਰ ਮੈਂਬਰ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ।
ਪ੍ਰਸ਼ਾਸਕ ਦੀ ਅਪੀਲ, ਭੀੜ-ਭੜੱਕੇ ਤੋਂ ਬਚੋ
ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸ਼ਹਿਰ ਵਾਸੀਆਂ ਨੂੰ ਕੋਰੋਨਾ ਵਾਇਰਸ ਫੈਲਣ ਕਾਰਨ ਇਸ ਵਾਰ ਹੋਲੀ 'ਤੇ ਭੀੜ-ਭੜੱਕੇ ਵਾਲੀ ਥਾਵਾਂ ਤੇ ਜਾਣ ਤੋਂ ਪਰਹੇਜ ਰੱਖਣ ਦੀ ਅਪੀਲ ਕੀਤੀ ਹੈ। ਜਿਸ ਕਾਰਨ ਚੰਡੀਗੜ੍ਹ ਕਲੱਬ ਵਿਚ ਹੋਲੀ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸ਼ਹਿਰ ਦੀ ਕਈ ਰੈਜਿਡੈਂਟਸ ਵੈਲਫ਼ੇਅਰ ਐਸੋਸੀਏਸ਼ਨ ਨੇ ਵੀ ਅਪਣੇ-ਅਪਣੇ ਏਰੀਆ ਵਿਚ ਹੋਲੀ ਦੇ ਪ੍ਰੋਗਰਾਮ ਰੱਦ ਕਰ ਦਿਤੇ ਹਨ।
ਮਾਸਕ ਦਾ ਰੇਟ ਮਹਿੰਗਾ ਲੱਗੇ ਤਾਂ ਕਰੋ ਸ਼ਿਕਾਇਤ
ਸ਼ਹਿਰ ਵਿਚ ਮਾਸਕ ਦੀ ਕਮੀ ਅਤੇ ਕਾਲਾਬਾਜ਼ਾਰੀ ਦਾ ਪ੍ਰਗਟਾਵਾ ਹੋਣ ਦੇ ਬਾਅਦ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਇਸ 'ਤੇ ਰੋਕ ਲਗਾਉਣ ਲਈ ਲੋਕਾਂ ਨੂੰ ਵਿਭਾਗ ਕੋਲੇ ਸ਼ਿਕਾਇਤ ਕਰਨ ਲਈ ਕਿਹਾ ਹੈ। ਕਈ ਕੈਮਿਸਟ ਅਤੇ ਹੋਲਸੇਲਰ ਇਸ ਦੀ ਜਮਾਖੋਰੀ ਕਰ ਰਹੇ ਹਨ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ।
ਏਰੀਆ ਐਸ.ਡੀ.ਐਮ. ਦੀ ਅਗਵਾਈ ਵਿਚ ਬਣਾਈ ਗਈ ਤਿੰਨਾਂ ਟੀਮਾਂ ਸ਼ਹਿਰ ਦੇ ਵੱਖ ਵੱਖ ਕੈਮਿਸਟ ਦੀਆਂ ਦੁਕਾਨਾਂ ਤੇ ਛਾਪਾ ਮਾਰਨਗੀ। ਜੇ ਕੋਈ ਕੈਮਿਸਟ ਵਾਲਾ ਮਾਸਕ ਦੀ ਜਮਾਖੋਰੀ ਅਤੇ ਮਹਿੰਗੀ ਕੀਮਤ 'ਤੇ ਵੇਚਦਾ ਹੋਇਆ ਮਿਲਿਆ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਲਈ ਹੈਲਪਲਾਈਨ ਨੰਬਰ 9779558282 ਜਾਰੀ ਕੀਤਾ ਗਿਆ ਹੈ। ਇਸ 'ਤੇ ਮਾਸਕ ਜਾਂ ਸੈਨੀਟਾਇਜਰ ਦੀ ਕਾਲਾਜ ਬਾਜ਼ਾਰੀ ਦੀ ਸ਼ਿਕਾਇਤ ਵੀ ਕਰ ਸਕਦੇ ਹਨ।