
15 ਦਿਨ ਪਹਿਲਾਂ ਹੋਈ ਸੀ ਨੌਜਵਾਨ ਦੀ ਪਰਿਵਾਰ ਨਾਲ ਗੱਲ
Patiala Youth Trapped In Russia : ਰੂਸ - ਰੂਸੀ ਫੌਜ 'ਚ ਜ਼ਬਰਦਸਤੀ ਭਰਤੀ ਕੀਤੇ ਗਏ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਜ਼ਿਲੇ ਦੇ ਪਿੰਡ ਡਕਾਲਾ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਦੇ ਮਾਤਾ-ਪਿਤਾ ਮੀਡੀਆ ਦੇ ਸਾਹਮਣੇ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਪ੍ਰੀਤ 2023 ਵਿਚ ਵੈਕੂ, ਸਪੇਨ ਗਿਆ ਸੀ ਅਤੇ ਛੇ ਮਹੀਨੇ ਬਿਤਾਉਣ ਤੋਂ ਬਾਅਦ ਵਾਪਸ ਆਇਆ ਸੀ।
ਜਨਵਰੀ 2024 ਵਿਚ, ਜਦੋਂ ਉਹ ਇੱਕ ਵਾਰ ਫਿਰ ਚੰਗੇ ਭਵਿੱਖ ਲਈ ਰੂਸ ਗਿਆ, ਤਾਂ ਉਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਹੁੰਦਿਆ ਇਹ ਸਾਰੀ ਕਹਾਣੀ ਦੱਸੀ। ਗੁਰਪ੍ਰੀਤ ਦੀ ਮਾਤਾ ਬਲਜਿੰਦਰ ਕੌਰ ਅਤੇ ਪਿਤਾ ਨਾਇਬ ਸਿੰਘ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਲੜਕਾ ਚੰਗੇ ਭਵਿੱਖ ਲਈ ਸਪੇਨ ਗਿਆ ਸੀ ਅਤੇ ਜਦੋਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਨਾਲ ਅਜਿਹਾ ਕੁਝ ਵਾਪਰਿਆ ਹੈ, ਉਦੋਂ ਤੋਂ ਉਹ ਚਿੰਤਤ ਹਨ। ਉਨ੍ਹਾਂ ਲਈ ਰੋਟੀ ਖਾਣੀ ਵੀ ਔਖੀ ਹੋ ਰਹੀ ਹੈ। ਗੁਰਪ੍ਰੀਤ ਦੀ ਮਾਂ ਬਲਜਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਦੀ ਉਮਰ 20 ਸਾਲ ਹੈ।
ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ 15 ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਇਕ ਵਾਰ ਸਾਨੂੰ ਦੱਸਿਆ ਕਿ ਉਸ ਨੂੰ ਫੌਜ ਵਿਚ ਨੌਕਰੀ ਮਿਲ ਗਈ ਹੈ ਅਤੇ ਉਹ ਬਹੁਤ ਖੁਸ਼ ਵੀ ਹੈ, ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਇਸ ਨੌਕਰੀ ਦੇ ਪਿੱਛੇ ਕੁਝ ਹੋਰ ਕਾਰਨ ਹਨ। ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਆਪਣੇ ਲੜਕੇ ਨਾਲ ਵਟਸਐਪ 'ਤੇ ਗੱਲਬਾਤ ਹੋਈ ਸੀ।
ਉਹ ਸਵੇਰ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਪਰ ਗੱਲਬਾਤ ਦੁਬਾਰਾ ਨਹੀਂ ਹੋ ਰਹੀ ਹੈ। ਫਿਲਹਾਲ ਗੁਰਪ੍ਰੀਤ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਸਾਡੇ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ।
(For more Punjabi news apart from Patiala Youth Trapped In Russia News In Punjabi , stay tuned to Rozana Spokesman)