
ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਨਿੱਜੀ ਹਸਪਤਾਲਾਂ ਦਾ ਕੰਟਰੋਲ ਅਪਣੇ ਹੱਥਾਂ ਵਿਚ
ਪਟਿਆਲਾ (ਤੇਜਿੰਦਰ ਫ਼ਤਿਹਪੁਰ) : ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਨਿੱਜੀ ਹਸਪਤਾਲਾਂ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈ ਕੇ ਉਨ੍ਹਾਂ ਹਸਪਤਾਲਾਂ ਵਿਚ ਕਰੋਨਾ ਪ੍ਰਭਾਵਤ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ 'ਤੇ ਵਰਦਿਆਂ ਕਿਹਾ ਕਿ ਦੇਸ਼ ਦੇ ਡਾਕਟਰ ਅਤੇ ਨਰਸਾਂ ਵੱਲੋਂ ਚੀਖ ਚੀਖ ਕੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਰਸਨਲ ਪ੍ਰੋਟੈਕਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਇਸ ਬਿਮਾਰੀ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਜਾਨ ਬਚਾ ਕੇ ਅਪਣਾ ਫ਼ਰਜ਼ ਨਿਭਾਅ ਸਕਣ।
File photo
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਇਕ ਹਸਪਤਾਲ ਵਿਖੇ ਡਾਕਟਰਾਂ ਅਤੇ ਨਰਸਾਂ ਕੋਲ ਅਜਿਹੀਆਂ ਕਿੱਟਾ ਨਾ ਹੋਣ ਕਾਰਨ ਉਥੇ ਦੇ 3 ਡਾਕਟਰਾਂ ਅਤੇ 15-16 ਨਰਸਾਂ ਨੂੰ ਕੋਰੋਨਾ ਵਾਇਰਸ ਹੋ ਗਿਆ। ਉਨ੍ਹਾਂ ਕਿਹਾ ਕਿ ਬੰਬੇ ਵਿੱਚ ਹੀ ਮਸ਼ਹੂਰ ਜਸਲੋਕ ਨਾਮਕ ਹਸਪਤਾਲ ਜਿਥੇ ਕਿ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਸਿਹਤ ਜਾਂਚ ਲਈ ਪਹੁੰਚਦੇ ਹਨ,
ਉਥੇ ਵੀ ਡਾਕਟਰ ਅਤੇ ਨਰਸਾਂ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ।
ਡਾ. ਗਾਂਧੀ ਨੇ ਕਿਹਾ ਕਿ ਯੁਨੈਸਕੋ ਦੇ ਹੁਕਮਾਂ 'ਤੇ ਭਾਰਤ ਸਰਕਾਰ ਨੇ ਅਪਣੇ ਦੇਸ਼ ਦੇ ਡਾਕਟਰੀ ਅਮਲੇ ਦੀ ਪ੍ਰਵਾਹ ਨਾ ਕਰਦਿਆਂ ਸਿਲਵਾਕੀਆ ਮੁਲਕ ਨੂੰ ਮਾਰਚ ਮਹੀਨੇ ਵਿੱਚ 2 ਜ਼ਹਾਜ ਭੇਜੇ, ਜਿਨ੍ਹਾਂ ਵਿੱਚ ਦਸਤਾਨੇ, ਮਾਸਕ ਅਤੇ ਹੋਰ ਸਮਾਨ ਮੌਜੂਦ ਸੀ ਜੋ ਕਿ ਕੁੱਲ ਮਿਲਾ ਕੇ 78 ਟਨ ਦਾ ਸਮਾਨ ਸੀ।