
ਪਿੰਡ ਦੋਦਾ ਨਜ਼ਦੀਕ ਲੰਘਦੀ ਰਾਜਸਥਾਨ ਫ਼ੀਡਰ ਨਹਿਰ ਦੇ ਸੋਥਾ ਰੋਡ ਹੈੱਡ ਨੇੜੇ ਬੁੱਰਜੀ ਨੰਬਰ 322 ਦੀ ਪਟੜੀ ਵਿਚ ਪਿੰਡ ਦੋਦੇ ਵਲ 400 ਫੁੱਟ ਲੰਮੀ ਪੱਟੜੀ ਖੁਰਨ ਕਰ ਕੇ
ਸ੍ਰੀ ਮੁਕਤਸਰ ਸਾਹਿਬ/ਦੋਦਾ (ਰਣਜੀਤ ਸਿੰਘ/ਅਸ਼ੋਕ ਯਾਦਵ) : ਪਿੰਡ ਦੋਦਾ ਨਜ਼ਦੀਕ ਲੰਘਦੀ ਰਾਜਸਥਾਨ ਫ਼ੀਡਰ ਨਹਿਰ ਦੇ ਸੋਥਾ ਰੋਡ ਹੈੱਡ ਨੇੜੇ ਬੁੱਰਜੀ ਨੰਬਰ 322 ਦੀ ਪਟੜੀ ਵਿਚ ਪਿੰਡ ਦੋਦੇ ਵਲ 400 ਫੁੱਟ ਲੰਮੀ ਪੱਟੜੀ ਖੁਰਨ ਕਰ ਕੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਪਿੰਡ ਦੋਦਾ ਦੇ ਕੋਠੇ ਕੇਸਰ ਸਿੰਘ ਵਾਲਾ ਦੇ ਕਿਸਾਨਾਂ ਜਸਵਿੰਦਰ ਸਿੰਘ, ਵਕੀਲ ਸਿੰਘ ਬਰਾੜ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਸਿਵਰਾਜ ਸਿੰਘ, ਲਵਲੀ, ਹਰਦੀਪ ਸਿੰਘ ਆਦਿ ਨੇ ਦਸਿਆ ਕਿ ਉਨ੍ਹਾਂ ਦੇ ਖੇਤ ਵਿਚ ਕਣਕ ਦੀ ਫ਼ਸਲ ਪੱਕ ਚੁਕੀ ਹੈ।
ਇਸ ਮੌਕੇ ਸਥਿਤੀ ਇਹ ਹੈ ਕਿ ਨਹਿਰ ਕਿਸੇ ਵੀ ਸਮੇਂ ਟੁੱਟ ਸਕਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਪਿੰਡ ਦੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੇ ਦਸਿਆ ਕਿ ਅੱਧੀ ਤੋਂ ਜ਼ਿਆਦਾ ਪੱਟੜੀ ਖੁਰਨ ਕਾਰਨ ਨਾਲ ਦੇ ਖੇਤਾਂ ਦੇ ਕਿਸਾਨਾਂ ਦਾ ਆਉਣ ਜਾਣ ਦਾ ਰਸਤਾ ਬੰਦ ਹੋ ਗਿਆ ਹੈ।
ਜਦ ਇਸ ਮਾਮਲੇ ਸਬੰਧੀ ਸਬੰਧਤ ਮਹਿਕਮੇ ਦੇ ਮੁਲਾਜ਼ਮ ਤਿਲਕ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਉਹ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਚੁਕਾ ਹੈ। ਇਸ ਸਬੰਧੀ ਫ਼ੋਨ 'ਤੇ ਗੱਲ ਕਰਦਿਆਂ ਮਹਿਕਮੇ ਦੇ ਅਧਿਕਾਰੀ ਗੁਰਜੰਟ ਸਿੰਘ ਜੇ.ਈ. ਨੇ ਦਸਿਆ ਕਿ ਅੱਜ ਐਸ.ਡੀ.ਓ. ਗਗਨਦੀਪ ਸਿੰਘ ਨਾਲ ਮੌਕਾ ਦੇਖ ਲਿਆ ਹੈ। ਤਾਲਾਬੰਦੀ ਹੋਣ ਕਰ ਕੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੋਂ ਮਨਜ਼ੂਰੀ ਮਿਲਣ ਉਪਰੰਤ ਕੰਮ ਸ਼ੁਰੂ ਕਰ ਦਿਤਾ ਜਾਵੇਗਾ।