
ਪੁਲਿਸ ਦੇ ਹੱਥ ਲੱਗੇ ਹੋਰ ਅਹਿਮ ਸੁਰਾਗ : ਸੂਤਰ
ਹੁਸ਼ਿਆਰਪੁਰ : ਅੰਮ੍ਰਿਤਪਾਲ ਸਿੰਘ ਦੇ 28 ਮਾਰਚ ਨੂੰ ਹੁਸ਼ਿਆਰਪੁਰ ਦੇ ਪਿੰਡ ਮਰਨਾਈਆ ਤੋਂ ਫਰਾਰ ਹੋਣ ਦੀ ਘਟਨਾ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ।ਹੁਸ਼ਿਆਰਪੁਰ ਪੁਲਿਸ ਨੇ ਜਸਵਿੰਦਰ ਸਿੰਘ ਪਾਂਗਲੀ ਨਾਮ ਦੇ ਇੱਕ ਐੱਨ.ਆਰ.ਆਈ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
FIR
ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ, ਪੁਲਿਸ ਸੂਤਰਾਂ ਮੁਤਾਬਿਕ ਇਸ ਵਿਅਕਤੀ ਦਾ ਸਬੰਧ ਅੰਮ੍ਰਿਤਪਾਲ ਸਿੰਘ ਦੇ ਹੁਸ਼ਿਆਰਪੁਰ ਤੋਂ ਫਰਾਰ ਹੋਣ ਦੀ ਘਟਨਾ ਤੋਂ ਬਾਅਦ ਦੇ ਸਮੇਂ ਨਾਲ ਜੋੜਿਆ ਜਾ ਰਿਹਾ ਹੈ।
ਪਿੰਡ ਮਰਨਾਈਆ ਤੋਂ ਫਰਾਰ ਹੋਣ ਮਗਰੋਂ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਇਹ ਪਹਿਲੀ ਗ੍ਰਿਫਤਾਰੀ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਪੁਲਿਸ ਦੇ ਹੱਥ ਅੰਮ੍ਰਿਤਪਾਲ ਸਿੰਘ ਸਬੰਧੀ ਅਹਿਮ ਸੁਰਾਗ ਲੱਗੇ ਹਨ। ਆਉਣ ਵਾਲੇ ਦਿਨਾਂ ਦੌਰਾਨ ਪੁਲਿਸ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕਰ ਸਕਦੀ ਹੈ।
FIR
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰਾ ਮਾਮਲਾ ਜਗਤਪੁਰ ਜੱਟਾਂ ਪਿੰਡ ਵਿੱਚ ਹੋਏ ਇੱਕ ਭੋਗ ਦੇ ਸਮਾਗਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਜਿਹੜੇ ਵੀ ਵਿਅਕਤੀ ਉਸ ਸਮਾਗਮ ਵਿੱਚ ਸ਼ਾਮਲ ਹੋਏ ਸਨ ਪੁਲਿਸ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।
FIR
ਇੱਥੇ ਇਹ ਗੱਲ ਵਰਨਣਯੋਗ ਹੈ ਕਿ 28 ਮਾਰਚ ਸ਼ਾਮ 8 ਵਜੇ ਦੇ ਕਰੀਬ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪੱਪਲਪ੍ਰੀਤ ਸਿੰਘ ਪਿੰਡ ਮਰਨਾਈਆ ਤੋਂ ਫਰਾਰ ਹੋ ਗਏ ਸਨ ਅਤੇ ਪੁਲਿਸ ਉਸੇ ਦਿਨ ਤੋਂ ਲਗਾਤਾਰ ਜਿੱਥੇ ਇਲਾਕੇ ਦੀ ਛਾਣਬੀਣ ਕਰ ਰਹੀ ਹੈ। ਉੱਥੇ ਹੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਘੋਖ-ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਉਸ 19 ਨੰਬਰ ਐਫ.ਆਈ.ਆਰ ਵਿੱਚ ਪਾਈ ਗਈ ਹੈ ਜਿਹੜੀ ਅਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੇ ਸਬੰਧ ਵਿੱਚ ਥਾਣਾ ਮਹਿਤੇਆਣਾ ਵਿੱਚ ਦਰਜ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਪਾਂਗਲੀ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ ਅਤੇ 17 ਅਪ੍ਰੈਲ ਨੂੰ ਉਸ ਨੇ ਵਾਪਸ ਚਲੇ ਜਾਣਾ ਸੀ।