
91 ਪ੍ਰਵਾਸੀ ਤਿੰਨ ਬਸਾਂ ਵਿਚ ਉਤਰਾਖੰਡ ਲਈ ਰਵਾਨਾ
ਐਸ.ਏ.ਐਸ. ਨਗਰ, 8 ਮਈ (ਸੁਖਦੀਪ ਸਿੰਘ ਸੋਈ) : ਉੱਤਰ ਪ੍ਰਦੇਸ਼ ਦੇ 1301 ਪ੍ਰਵਾਸੀ ਮਜ਼ਦੂਰਾਂ ਦੀ ਦੂਜੀ ਸਪੈਸ਼ਲ ਟ੍ਰੇਨ ਸ਼ੁੱਕਰਵਾਰ ਨੂੰ ਮੋਹਾਲੀ ਰੇਲਵੇ ਸਟੇਸ਼ਨ ਤੋਂ ਹਰਦੋਈ ਲਈ ਰਵਾਨਾ ਹੋਈ। ਸਮੇਂ ਅਨੁਸਾਰ ਚੱਲ ਰਹੀ ਇਹ ਨਾਨ ਸਟਾਪ ਰੇਲਗੱਡੀ, ਸਵੇਰੇ 10 ਵਜੇ ਮੁਹਾਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।
CORONA
ਰੇਲ ਯਾਤਰੀਆਂ ਦੇ ਸਵਾਰ ਹੁੰਦੇ ਸਮੇਂ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਸਾਰੇ ਸਵਾਰ ਲੋਕਾਂ ਨੂੰ ਪੈਕ ਕੀਤਾ ਭੋਜਨ ਦਿੱਤਾ ਗਿਆ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਉਨ੍ਹਾਂ ਨੂੰ ਬਿਸਕੁਟ ਅਤੇ ਪਾਣੀ ਦਿੱਤਾ ਗਿਆ।
ਇਸ ਤੋਂ ਪਹਿਲਾਂ ਦਿਨ ਵਿਚ, ਰਵਾਨਾ ਹੋਣ ਵਾਲੇ ਪ੍ਰਵਾਸੀ ਕਾਮੇ ਦੀ ਰੇਲ ਗੱਡੀ ਵਿਚ ਚੜ੍ਹਨ ਤੋਂ ਪਹਿਲਾਂ ਨਿਰਧਾਰਤ ਕੁਲੈਕਸ਼ਨ ਕੇਂਦਰਾਂ 'ਤੇ ਚੰਗੀ ਤਰ੍ਹਾਂ ਸਕ੍ਰਿਨਿੰਗ ਕੀਤੀ ਗਈ। ਉਨ੍ਹਾਂ ਨੂੰ ਅੱਠ ਕੁਲੈਕਸ਼ਨ ਸੈਂਟਰਾਂ ਤੋਂ ਰੇਲਵੇ ਸਟੇਸ਼ਨ ਤਕ ਬਸਾਂ ਰਾਹੀਂ ਲਿਜਾਇਆ ਗਿਆ।
ਬੱਸਾਂ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਪਰਵਾਸੀਆਂ ਨੇ ਸਰਕਾਰ ਵਲੋਂ ਉਨ੍ਹਾਂ ਦੀ ਮੁਫਤ ਘਰ ਵਾਪਸੀ ਦੀ ਸਹੂਲਤ ਦੇਣ ਲਈ ਸ਼ੁਕਰਾਨਾ ਕੀਤਾ। ਜ਼ਿਕਰਯੋਗ ਹੈ ਕਿ ਐਸ.ਏ.ਐਸ.ਨਗਰ ਪ੍ਰਸ਼ਾਸਨ ਨੇ 91 ਹੋਰ ਵਿਅਕਤੀਆਂ ਨੂੰ ਤਿੰਨ ਬੱਸਾਂ ਰਾਹੀਂ ਉਤਰਾਖੰਡ ਜਾਣ ਦੀ ਸਹੂਲਤ ਵੀ ਦਿਤੀ।