
ਪਾਇਲਟ ਨੇ ਪੈਰਾਸ਼ੂਟ ਨਾਲ ਜਹਾਜ਼ ’ਚੋਂ ਮਾਰੀ ਛਾਲ
ਨਵਾਂ ਸ਼ਹਿਰ, 8 ਮਈ (ਅਮਰੀਕ) : ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲੇ ਦੀ ਹੱਦ ਉੱਤੇ ਸਥਿਤ ਪਿੰਡ ਸਮੁੰਦੜਾ ਨੇੜੇ ਅੱਜ ਹਵਾਈ ਫੌਜ ਦਾ ਮਿਗ-29 ਫਾਈਟਰ ਜੈਟ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ। ਜਿਸ ਪਿੱਛੋਂ ਉਕਤ ਜੰਗੀ ਜਹਾਜ਼ ਖੇਤਾਂ ਵਿਚ ਜਾ ਡਿੱਗਾ। ਖੇਤਾਂ ਵਿਚ ਡਿੱਗਣ ਪਿੱਛੋਂ ਉਸਨੂੰ ਅੱਗ ਲੱਗ ਗਈ। ਜਹਾਜ਼ ਦੀ ਅੱਗ ਕਾਰਨ ਨੇੜਲੇ ਖੇਤਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਖ਼ਬਰ ਹੈ।
ਇਸ ਸਭ ਦੇ ਵਿਚਕਾਰ ਰਾਹਤ ਵਾਲੀ ਗੱਲ ਇਹ ਹੈ ਕਿ ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ, ਉਸ ਨੂੰ ਹਲਾਂਕਿ ਮਾਮੂਲੀ ਸੱਟਾ ਲੱਗੀਆਂ ਹਨ। ਇਹ ਘਟਨਾ ਸਵੇਰੇ 10 :50 ਵਜੇ ਦੀ ਹੈ। ਰਾਹਤ ਭਰੀ ਖ਼ਬਰ ਇਹ ਰਹੀ ਕਿ ਜਹਾਜ਼ ਨੂੰ ਚਲਾਉਣ ਵਾਲੇ ਪਾਇਲਟ ਵਿੰਗ ਕਮਾਂਡਰ ਐਮ. ਕੇ. ਪਾਂਡੇ ਨੇ ਪਹਿਲਾਂ ਹੀ ਪੈਰਾਸ਼ੂਟ ਰਾਹੀਂ ਖ਼ੁਦ ਨੂੰ ਜਹਾਜ਼ ਤੋਂ ਵੱਖ ਕਰ ਲਿਆ ਸੀ। ਜਹਾਜ਼ ਇੰਨੀ ਜ਼ੋਰ ਨਾਲ ਖੇਤਾਂ ’ਚ ਡਿਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸ ਦੇ ਚੀਥੜੇ ਉੱਡ ਗਏ ਅਤੇ ਉਹ ਅੱਗ ਦੀਆਂ ਲਪੇਟਾਂ ’ਚ ਸੜਨ ਲੱਗਾ। ਨਵਾਂਸ਼ਹਿਰ ਤੋਂ ਆਈਆਂ ਫਾਇਰ ਬਿਗ੍ਰੇਡ ਦੀਆ ਗੱਡੀਆ ਨੇ ਜਹਾਜ਼ ਨੂੰ ਲੱਗੀ ਅੱਗ ’ਤੇ ਮੁਸ਼ਕਲ ਨਾਲ ਕਾਬੂ ਪਾਇਆ।
File photo
ਕਮਿਸ਼ਨਰ ਵਿਨੇ ਬੁਬਲਾਨੀ ਤੇ ਐਸ.ਐਸ.ਪੀ. ਅਲਕਾ ਮੀਨਾ ਨੇ ਘਟਨਾ ਸਥਾਨ ’ਤੇ ਦਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਆਦਮਪੁਰ ਏਅਰਫ਼ੋਰਸ ਬੇਸ ਤੋਂ ਇਕ ਮਿਗ 29 ਏਅਰਕ੍ਰਾਫਟ ਨੇ ਉਡਾਣ ਭਰੀ ਸੀ। ਕਰੀਬ ਸਾਢੇ ਦਸ ਵਜੇ ਜਹਾਜ਼ ’ਚ ਕੱੁਝ ਤਕਨੀਕੀ ਖਰਾਬੀ ਆਉਣ ’ਤੇ ਪਾਇਲਟ ਵਿੰਗ ਕਮਾਡਰ ਐਮ. ਕੇ. ਪਾਂਡੇ ਨੇ ਅਪਣੇ ਆਪ ਨੂੰ ਜਹਾਜ਼ ਤੋਂ ਵੱਖ ਕਰਦੇ ਹੋਏ ਪੈਰਾਸ਼ੂਟ ਨਾਲ ਖੇਤਾਂ ’ਚ ਉਤਾਰ ਲਿਆ, ਜਦੋਂ ਕਿ ਜਹਾਜ਼ ਪਿੰਡ ਚੂਹੜਪੁਰ ਦੇ ਇਕ ਖਾਲੀ ਖੇਤ ‘ਚ ਜਾ ਡਿਗਿਆ।
ਮੌਕੇ ’ਤੇ ਪਹੁੰਚੇ ਲੋਕਾਂ ਅਨੁਸਾਰ ਜਹਾਜ਼ ਦੇ ਖੇਤਾਂ ’ਚ ਡਿੱਗਦੇ ਹੀ ਕਈ ਧਮਾਕੇ ਹੋਏ। ਜਿਥੇ ਜਹਾਜ਼ ਦੇ ਅੱਗੇ ਦਾ ਹਿੱਸਾ ਡਿਗਿਆ, ਉਥੋਂ ਕਰੀਬ 30-40 ਫ਼ੁੱਟ ਦਾ ਟੋਇਆ ਪੈ ਗਿਆ। ਏਅਰਫੋਰਸ ਦੇ ਅਧਿਕਾਰੀ ਪਾਇਲਟ ਵਿੰਗ ਕਮਾਂਡਰ ਐਮ. ਕੇ. ਪਾਂਡੇ ਨੂੰ ਆਪਣੇ ਨਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੂਸਰੇ ਪਾਸੇ ਏਅਰਫੋਰਸ ਵਲੋਂ ਇਸ ਹਾਦਸੇ ਦੀ ਜਾਂਚ ਦੇ ਲਈ ਕੋਰਟ ਆਫ ਇਨਕੁਆਰੀ ਦੇ ਵੀ ਹੁਕਮ ਜਾਰੀ ਕਰ ਦਿਤੇ ਗਏ ਹਨ।