
ਹ: ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਮੁਹਾਲੀ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ।
ਚੰਡੀਗੜ੍ਹ: ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਮੁਹਾਲੀ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ। ਇਸ ਮਾਮਲੇ ਵਿਚ ਪੁਲਿਸ ਨੂੰ ਮੁਲਜ਼ਮਾਂ ਦਾ ਇਕ ਦਿਨ ਦਾ ਰਿਮਾਂਡ ਹੋਰ ਮਿਲਿਆ ਹੈ। ਇਹਨਾਂ ਵਿਚ ਗੈਂਗਸਟਰ ਭੂਪੀ ਰਾਣਾ ਤੋਂ ਇਲਾਵਾ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਦਿੱਲੀ ਪੁਲਿਸ ਦੀ ਹਿਰਾਸਤ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਮਾਮਲੇ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਸਿੰਘ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਫਰਾਰ ਹੈ। ਉਸ ਨੂੰ ਵੀ ਪੁਲਿਸ ਨੇ ਮੁਲਜ਼ਮ ਬਣਾਇਆ ਹੈ।
25 ਅਪਰੈਲ ਨੂੰ ਮੁਹਾਲੀ ਪੁਲਿਸ ਨੇ ਤਿੰਨਾਂ ਗੈਂਗਸਟਰਾਂ ਸੱਜਣ ਉਰਫ਼ ਭੋਲੂ (37) ਵਾਸੀ ਝੱਜਰ, ਅਨਿਲ ਕੁਮਾਰ (32) ਵਾਸੀ ਦਿੱਲੀ ਅਤੇ ਸੰਨੀ (20) ਦਾ 10 ਦਿਨ ਦਾ ਰਿਮਾਂਡ ਲਿਆ ਸੀ। ਇਸ ਦੌਰਾਨ ਮਾਮਲੇ 'ਚ ਗੈਂਗਸਟਰ ਭੂਪੀ ਰਾਣਾ ਅਤੇ ਅਮਿਤ ਡਾਗਰ ਦੇ ਨਾਂ ਸਾਹਮਣੇ ਆਏ ਸਨ। ਅਮਿਤ ਡਾਗਰ ਨੂੰ ਬਠਿੰਡਾ ਜੇਲ੍ਹ ਅਤੇ ਭੂਪੀ ਰਾਣਾ ਨੂੰ ਕਰਨਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਹਨਾਂ ਦੇ ਨਾਂਅ ਵੀ ਐਫਆਈਆਰ ਵਿਚ ਜੋੜੇ ਗਏ ਹਨ। ਮੁਲਜ਼ਮਾਂ ਦਾ 4 ਦਿਨ ਦਾ ਹੋਰ ਰਿਮਾਂਡ ਲਿਆ ਗਿਆ। ਡਾਗਰ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਐਤਵਾਰ ਨੂੰ ਭੂਪੀ ਰਾਣਾ ਸਮੇਤ ਦਿੱਲੀ ਪੁਲਿਸ ਦੀ ਹਿਰਾਸਤ 'ਚੋਂ ਲਿਆਂਦੇ ਗਏ ਤਿੰਨ ਗੈਂਗਸਟਰਾਂ ਦਾ ਇਕ ਦਿਨ ਦਾ ਵਾਧੂ ਰਿਮਾਂਡ ਹਾਸਲ ਕੀਤਾ ਗਿਆ।
ਹੁਣ ਤੱਕ ਪੁਲਿਸ ਨੇ ਇਸ ਘਟਨਾ ਵਿਚ ਸ਼ਾਮਲ 20 ਕਾਰਾਂ ਹਰਿਆਣਾ ਤੋਂ ਬਰਾਮਦ ਕੀਤੀਆਂ ਹਨ। ਵਾਰਦਾਤ 'ਚ ਸ਼ਾਮਲ ਹਥਿਆਰ ਅਜੇ ਬਰਾਮਦ ਕੀਤੇ ਜਾਣੇ ਬਾਕੀ ਹਨ। ਸੂਤਰਾਂ ਮੁਤਾਬਕ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਅਤੇ ਗੱਡੀ ਭੂਪੀ ਰਾਣਾ ਨੇ ਮੁਹੱਈਆ ਕਰਵਾਈ ਸੀ। ਰਾਣਾ ਨੇ ਇਸ ਘਟਨਾ ਸਬੰਧੀ ਗੈਂਗਸਟਰ ਕੌਸ਼ਲ ਚੌਧਰੀ ਅਤੇ ਅਰਮੇਨੀਆ ਵਿਚ ਬੈਠੇ ਗੈਂਗਸਟਰ ਗੌਰਵ ਪਟਿਆਲ ਨਾਲ ਵੀ ਗੱਲਬਾਤ ਕੀਤੀ ਸੀ। ਇਸ ਮਾਮਲੇ ਵਿਚ ਸ਼ਾਮਲ ਇਕ ਹੋਰ ਮੁਲਜ਼ਮ ਦੀ ਪਛਾਣ ਹੋਣੀ ਬਾਕੀ ਹੈ।
ਮੁਹਾਲੀ ਪੁਲਿਸ ਦੇ ਡੀਐਸਪੀ ਸੁਖਨਾਜ਼ ਸਿੰਘ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਜਲਦੀ ਹੀ ਪੁਲਿਸ ਅਧਿਕਾਰਤ ਤੌਰ ’ਤੇ ਜਾਣਕਾਰੀ ਸਾਂਝੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਵਿੱਕੀ ਮਿੱਢੂਖੇੜਾ ਦਾ ਅਗਸਤ 2021 ਵਿਚ ਸ਼ਾਰਪ ਸ਼ੂਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਮੁਹਾਲੀ ਸੈਕਟਰ 71 ਵਿਚ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚੋਂ ਬਾਹਰ ਨਿਕਲ ਰਿਹਾ ਸੀ।