
ਪੰਜਾਬ ਵਿੱਚ ਕਈ ਜ਼ਿਲ੍ਹਿਆਂ ’ਚ ਬਿਜਲੀ ਕੀਤੀ ਬੰਦ
ਚੰਡੀਗੜ੍ਹ : ਪੰਜਾਬ ਦੇ ਪਠਾਨਕੋਟ ਅਤੇ ਫਿਰੋਜ਼ਪੁਰ ’ਚ ਸ਼ੁਕਰਵਾਰ ਸ਼ਾਮ ਨੂੰ ਹੋਏ ਧਮਾਕਿਆਂ ਵਰਗੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਤਣਾਅ ਦੇ ਮੱਦੇਨਜ਼ਰ ਉੱਥੇ ਅਤੇ ਕਈ ਹੋਰ ਜ਼ਿਲ੍ਹਿਆਂ ’ਚ ਬਿਜਲੀ ਬੰਦ ਕਰ ਦਿਤੀ। ਫਿਰੋਜ਼ਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ’ਚ ਹਵਾਈ ਹਮਲੇ ਦੇ ਸਾਇਰਨ ਵੱਜਣ ਮਗਰੋਂ ਲੋਕ ’ਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਦਸਿਆ ਕਿ ਫਿਰੋਜ਼ਪੁਰ, ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ ਅਤੇ ਸੰਗਰੂਰ ’ਚ ਬਿਜਲੀ ਬੰਦ ਕਰ ਦਿਤੀ ਗਈ।
ਪਠਾਨਕੋਟ, ਫਿਰੋਜ਼ਪੁਰ ’ਚ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ, ਜਦਕਿ ਗੁਰਦਾਸਪੁਰ ਅਤੇ ਤਰਨ ਤਾਰਨ ਦੇ ਪੱਟੀ ਖੇਤਰ ਤੋਂ ਵੀ ਖ਼ਬਰਾਂ ਆਈਆਂ, ਹਾਲਾਂਕਿ ਆਵਾਜ਼ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਠਾਨਕੋਟ ਵਾਸੀਆਂ ਲਈ ‘ਬਲੈਕਆਊਟ’ ਅਤੇ ਧਮਾਕਿਆਂ ਦੀ ਆਵਾਜ਼ ਦੀ ਇਹ ਲਗਾਤਾਰ ਦੂਜੀ ਰਾਤ ਸੀ।
ਜ਼ਿਲ੍ਹੇ ’ਚ ਕੀਤੇ ਐਲਾਨ ’ਚ ਕਿਹਾ ਗਿਆ, ‘‘ਲਾਈਟਾਂ ਬੰਦ ਰੱਖੋ। ਮੋਬਾਈਲ ਫੋਨ, ਕੈਮਰੇ ਅਤੇ ਇਨਵਰਟਰ ਸੈੱਟਾਂ ਦੀਆਂ ਲਾਈਟਾਂ ਬੰਦ ਰੱਖੋ। ਖਿੜਕੀਆਂ ਨੂੰ ਪਰਦੇ ਨਾਲ ਢੱਕ ਦਿਓ। ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰੋ। ਅਸੀਂ ਤੁਹਾਡੀ ਸੁਰੱਖਿਆ ਲਈ ਹਾਂ।’’
ਹੁਸ਼ਿਆਰਪੁਰ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 8:15 ਵਜੇ ਬਿਜਲੀ ਬੰਦ ਕਰ ਦਿਤੀ ਗਈ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ।
ਭਾਰਤ ਨੇ ਵੀਰਵਾਰ ਰਾਤ ਨੂੰ ਜੰਮੂ ਅਤੇ ਪਠਾਨਕੋਟ ਸਮੇਤ ਫੌਜੀ ਟਿਕਾਣਿਆਂ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀਆਂ ਪਾਕਿਸਤਾਨ ਦੀਆਂ ਤਾਜ਼ਾ ਕੋਸ਼ਿਸ਼ਾਂ ਨੂੰ ਤੁਰਤ ਨਾਕਾਮ ਕਰ ਦਿਤਾ ਅਤੇ ਦੇਸ਼ ਦੇ ਉੱਤਰੀ ਅਤੇ ਪਛਮੀ ਖੇਤਰਾਂ ਵਿਚ 15 ਥਾਵਾਂ ’ਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ।ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ’ਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਫੌਜਾਂ ਵਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਭਾਰਤ ਨੇ ਵੀਰਵਾਰ ਸਵੇਰੇ ਕਈ ਸ਼ਹਿਰਾਂ ’ਚ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ।