
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਤੇ ਵਿਜੇ ਸਾਂਪਲਾ ਨੇ ਕੀਤੀ ਸ਼ਿਰਕਤ
ਬਟਾਲਾ/ਘੁਮਾਣ: ਅੱਜ ਘੁਮਾਣ ਵਿਚ ਧਾਨੁਕਾ ਐਮਰੀਟੇਕ ਲਿਮ. ਵਲੋਂ ਇਕ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਗ ਲੈਣ ਲਈ ਕੇਂਦਰੀ ਮੰਤਰੀ ਖੇਤੀਬਾੜੀ ਗਜਿੰਦਰ ਸਿੰਘ ਸੇਖਾਵਤ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ ਤੌਰ 'ਤੇ ਪਹੁੰਚੇ। ਸੱਭ ਤੋਂ ਪਹਿਲਾਂ ਰਾਸਟਰੀ ਗੀਤ ਗਾਇਆ ਗਿਆ। ਉਸ ਤੋਂ ਬਾਅਦ ਧਾਨੁਕਾ ਐਮਰੀਟੇਕ ਲਿਮ. ਦੇ ਚੇਅਰਮੈਨ ਆਰ.ਜੀ.ਅਗਰਵਾਲ ਵਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ।
ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗੁਆਂਢੀ ਦੇਸ਼ ਚੀਨ ਦੀ ਤਰੱਕੀ ਤੋਂ ਸਿਖਿਆ ਲੈਣੀ ਚਾਹੀਦੀ ਹੈ ਤੇ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸੇ ਬਾਹਰਲੀ ਦੁਨੀਆਂ ਤੋਂ ਨਹੀਂ ਆਏ ਪਰ ਉਨ੍ਹਾਂ ਨੇ ਅਪਣੀਆਂ ਤਕਨੀਕਾਂ ਨੂੰ ਵਿਕਸਤ ਕਰ ਕੇ ਤਰੱਕੀ ਕੀਤੀ ਹੈ ਜੋ ਅਸੀ ਨਹੀਂ ਕਰ ਸਕੇ ਤੇ ਪਿਛੜੇ ਹੋਏ ਹਾਂ। ਅਸੀ ਹਰਾ ਇਨਕਲਾਬ ਲਿਆਉਣ ਦੀ ਸ਼ੁਰੂਆਤ ਕਰਨ ਵੇਲੇ ਖਾਦਾਂ ਦੀ ਅੰਨ੍ਹੀ ਵਰਤੋਂ ਕੀਤੀ ਤੇ ਅਪਣੀਆਂ ਫ਼ਸਲਾਂ, ਸਬਜ਼ੀਆਂ ਆਦਿ ਖ਼ੁਰਾਕ ਨੂੰ ਜ਼ਹਿਰੀਲਾ ਕਰ ਲਿਆ।
ਅੱਜ ਲੋੜ ਖਾਦਾਂ ਦੀ ਵਰਤੋਂ ਘਟਾ ਕੇ ਹਰੀ ਖਾਦ ਤੇ ਦੇਸੀ ਰੂੜੀ ਦੀ ਵਰਤੋਂ ਕੀਤੀ ਜਾਵੇ। ਵਿਜੇ ਸਾਂਪਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵਾਮੀਨਾਥਨ ਕਮਿਸ਼ਨਾਂ ਦੀ ਰੀਪੋਰਟ 99 ਫ਼ੀ ਸਦੀ ਲਾਗੂ ਕਰ ਦਿਤੀ ਗਈ ਹੈ। ਮੋਦੀ ਸਰਕਾਰ ਵਲੋਂ ਨੀਮ ਯੂਰੀਆ ਖਾਦ ਦੀ ਸ਼ੁਰੂਆਤ ਨਾਲ ਯੂਨੀਅਨ ਦੀ ਖਪਤ 10 ਫ਼ੀ ਸਦੀ ਘਟੀ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਅਪਣੇ ਭਾਸ਼ਨ ਵਿਚ ਕਿਹਾ ਕਿ ਜਿਥੇ ਭਾਜਪਾ ਦੀ ਸਰਕਾਰ ਹੈ
ਉੁਥੇ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਘੱਟ ਕੇਸ ਹਨ ਜਦੋਂ ਕਿ ਪੰਜਾਬ ਵਿਚ ਇਹ ਤਾਦਾਦ ਕਾਫ਼ੀ ਵੱਧ ਹੈ। ਉਨ੍ਹਾਂ ਨੇ ਵੀ ਵਾਰ ਵਾਰ ਸਵਾਮੀਨਾਥਨ ਰੀਪੋਰਟ ਲਾਗੂ ਕਰਨ ਦੀ ਗੱਲ ਕੀਤੀ। ਇਸ ਮੌਕੇ ਕਸ਼ਮੀਰ ਸਿੰਘ, ਸਰਦੂਲ ਸਿੰਘ, ਹਰਦਿਆਲ ਸਿੰਘ, ਬੀਬੀ ਗੁਰਮੀਤ ਕੌਰ, ਅਮਰਜੀਤ ਕੌਰ, ਸੁਖਜਿੰਦਰ ਕੌਰ, ਮੰਗਲ ਸਿੰਘ ਆਦਿ ਹਾਜ਼ਰ ਸਨ।