
ਪੰਜਾਬ ਸਮੇਤ ਜੀਐਸਟੀ, ਪਟਰੌਲ-ਡੀਜ਼ਲ ਤੇ ਕਈ ਹੋਰ ਮੁੱਦੇ ਵਿਚਾਰਨ ਅਤੇ ਧਨਵਾਦ ਕਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਬੀਤੇ ਕਲ ਪ੍ਰਧਾਨ ...
ਚੰਡੀਗੜ੍ਹ, ਪੰਜਾਬ ਸਮੇਤ ਜੀਐਸਟੀ, ਪਟਰੌਲ-ਡੀਜ਼ਲ ਤੇ ਕਈ ਹੋਰ ਮੁੱਦੇ ਵਿਚਾਰਨ ਅਤੇ ਧਨਵਾਦ ਕਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਬੀਤੇ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਦੀ ਫੇਰੀ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਮੋਦੀ ਨਾਲ ਕੁੱਝ ਮਿੰਟ ਗੱਲਬਾਤ ਕਰਨ ਨੂੰ ਹੀ ਸਿਆਸੀ ਮਾਹਰ ਕਾਫ਼ੀ ਅਹਿਮੀਅਤ ਦੇ ਰਹੇ ਹਨ।
ਦੂਜੇ ਪਾਸੇ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕੈਂਥ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪੰਜਾਬ ਵਿਚ ਕਿਸਾਨਾਂ ਅਤੇ ਗ਼ਰੀਬ ਲੋਕਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਪਾਰਟੀ ਨੇ ਇਸ ਉੱਚ ਪਧਰੀ ਵਫ਼ਦ ਵਿਚ ਨਾ ਕਿਸੇ, ਇਸੇ ਵਰਗ ਦੇ ਅਕਾਲੀ ਲੀਡਰ ਨੂੰ ਸ਼ਾਮਲ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਮੁੱਦੇ ਅਪਣੇ ਮੈਮੋਰੰਡਮ ਵਿਚ ਸ਼ਾਮਲ ਕੀਤੇ।
ਕੈਂਥ ਨੇ ਕਿਹਾ ਕਿ ਪੰਜਾਬ ਵਿਚ 35 ਫ਼ੀ ਸਦੀ ਆਬਾਦੀ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਹੈ ਅਤੇ ਇਹ ਅਨੁਪਾਤ ਦੇਸ਼ ਦੇ ਬਾਕੀ ਸਾਰੇ ਰਾਜਾਂ ਨਾਲੋਂ ਵੱਧ ਹੈ ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਨਾ ਤਾਂ 1600 ਕਰੋੜ ਦੀ ਉਸ ਰਕਮ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਜਿਹੜੀ ਰਕਮ ਪਿਛਲੇ ਤਿੰਨ ਸਾਲਾਂ ਤੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਵਜੀਫ਼ਿਆਂ ਦੀ ਕੇਂਦਰ ਵਲ ਬਕਾਇਆ ਪਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਜਦ ਸੱਤਾ ਤੋਂ ਬਾਹਰ ਹੁੰਦੇ ਹਨ ਪਰ ਕੇਂਦਰ ਵਿਚ ਇਨ੍ਹਾਂ ਦੀ ਭਾਈਵਾਲ ਪਾਰਟੀ ਸੱਤਾ ਵਿਚ ਹੁੰਦੀ ਹੈ, ਉਦੋਂ ਸਿਰਫ਼ ਕਾਂਗਰਸ ਤੋਂ ਉਲਟ ਜਾ ਕੇ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਅਣਗੌਲੇ ਕਰ ਦਿੰਦੀ ਹੈ। ਬੀਤੇ ਕਲ ਵਫ਼ਦ ਦੇ ਮੈਂਬਰਾਂ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਸੇ ਬਾਲਮੀਕੀ ਜਾਂ ਹੋਰ ਜਾਤੀ ਦੇ ਨੇਤਾ ਨੂੰ ਸ਼ਾਮਲ ਨਾ ਕਰ ਕੇ ਇਸ ਗੱਲ ਦਾ ਸਬੂਤ ਦਿਤਾ ਹੈ ਕਿ ਇਸ ਵਰਗ ਦੇ ਵਿਧਾਇਕਾਂ, ਨੇਤਾਵਾਂ ਦੀ ਕੋਈ ਪਰਵਾਹ ਨਹੀਂ ਹੈ।
ਕੈਂਥ ਨੇ ਕਿਹਾ ਕਿ ਅਕਾਲੀ ਦਲ ਦੇ ਕੁਲ 14 ਵਿਧਾਇਕਾਂ ਵਿਚੋਂ ਆਦਮਪੁਰ, ਬੰਗਾ ਤੇ ਫ਼ਿਲੌਰ ਤੋਂ ਤਿੰਨ ਅਨੁਸੂਚਿਤ ਜਾਤੀ ਮੈਂਬਰਾਂ ਨੂੰ ਵੀ ਨਾਲ ਨਹੀਂ ਲੈ ਕੇ ਗਏ। ਇਨ੍ਹਾਂ ਤਿੰਨਾਂ ਵਿਧਾਇਕਾਂ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਸੱਤਾਧਾਰੀ ਕਾਂਗਰਸ ਵੀ ਮੌਜੂਦਾ ਸਥਿਤੀ ਵਿਚ ਦਲਿਤ ਵਰਗ ਲਈ ਗੰਭੀਰ ਨਹੀਂ ਹੈ
ਪਰ ਡਾਢਾ ਰੋਸ ਤਾਂ ਅਕਾਲੀ ਦਲ ਦੀ ਦੋਗਲੀ ਨੀਤੀ 'ਤੇ ਹੈ। ਉਨ੍ਹਾਂ ਕਿਹਾ ਕਿ ਦਲਿਤ ਵਰਗ ਦਾ ਨੌਜਵਾਨ ਗੰਭਰੀ ਸਮੱਸਿਆ ਦੇ ਦੌਰ 'ਚੋਂ ਲੰਘ ਰਿਹਾ ਹੈ ਅਤੇ ਕਈ ਭਲਾਈ ਸਕੀਮਾਂ ਲਈ ਕੇਂਦਰ ਸਰਕਾਰ 'ਤੇ ਨਿਰਭਰ ਹੈ ਪਰ ਨਾ ਕਾਂਗਰਸ, ਨਾ ਅਕਾਲੀ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਦਲਿਤ ਵਰਗ ਦੀ ਕੋਈ ਚਿੰਤਾ ਹੈ।