
Jagraon Accident : ਦੋਸਤ ਨੂੰ ਮਿਲ ਕੇ ਘਰ ਵਾਪਸ ਆ ਰਿਹਾ ਸੀ ਮਜ਼ਦੂਰ 7 ਬੱਚਿਆਂ ਦਾ ਪਿਤਾ
Jagraon Accident : ਜਗਰਾਉਂ 'ਚ ਬੀਤੀ ਦੇਰ ਰਾਤ ਚੁੰਗੀ ਨੰਬਰ 5 ਤੋਂ ਕੋਠੇ ਖੰਜੂਰਾ ਨੂੰ ਜਾਂਦੇ ਰਸਤੇ 'ਤੇ ਆਪਣੇ ਦੋਸਤ ਨੂੰ ਮਿਲ ਕੇ ਘਰ ਪਰਤ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਾਸੀ ਕੋਠੇ ਖੰਜੂਰਾ ਵਜੋਂ ਹੋਈ ਹੈ। ਜੋ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਸਮੇਤ 7 ਬੱਚਿਆਂ ਦਾ ਪਿਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜੋ:Badrinath Dham : ਸ੍ਰੀ ਬਦਰੀਨਾਥ ਧਾਮ ’ਚ 4 ਤੀਰਥ ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ
ਜਾਣਕਾਰੀ ਮੁਤਾਬਕ ਮ੍ਰਿਤਕ ਬੂਟਾ ਸਿੰਘ ਬੀਤੀ ਰਾਤ ਨੂੰ ਰੋਟੀ ਆਦਿ ਖਾ ਕੇ ਆਪਣੇ ਘਰ ਤੋਂ ਕੁਝ ਦੂਰੀ 'ਤੇ ਆਪਣੇ ਦੋਸਤ ਨੂੰ ਮਿਲਣ ਗਿਆ ਸੀ। ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਰਾਏਕੋਟ ਰੋਡ ਤੋਂ ਬਾਹਰੋਂ ਆ ਰਹੀ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਚਾਲਕ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਇਨੋਵਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਬੂਟਾ ਸਿੰਘ ਨੂੰ ਹਸਪਤਾਲ ਪਹੁੰਚਾਇਆ ਪਰ ਬੂਟਾ ਸਿੰਘ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।
ਇਹ ਵੀ ਪੜੋ:High Court : ਸੌਦਾ ਸਾਧ ਦੀ ਪਟੀਸ਼ਨ ’ਤੇ ਪੰਜਾਬ ਤੇ ਸੀ.ਬੀ.ਆਈ. ਨੂੰ ਨਵੇਂ ਨੋਟਿਸ ਜਾਰੀ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ। ਇਸ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੇ ਬੱਚੇ ਵੀ ਕਾਫ਼ੀ ਛੋਟੇ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਅਨੁਸਾਰ ਇਨੋਵਾ ਚਾਲਕ ਲੁਧਿਆਣਾ ਵੱਲ ਭੱਜ ਗਿਆ ਹੈ। ਟੱਕਰ ਤੋਂ ਬਾਅਦ ਇਨੋਵਾ ਗੱਡੀ ਦਾ ਬੰਪਰ ਆਦਿ ਟੁੱਟ ਕੇ ਉਥੇ ਹੀ ਡਿੱਗ ਗਿਆ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਏਐਸਆਈ ਮੋਹਨ ਲਾਲ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
(For more news apart from Jagraon overspeed car crushed young man News in Punjabi, stay tuned to Rozana Spokesman)