
ਮੁੱਖ ਮੰਤਰੀ ਵੱਲੋਂ 674 ਜੀ.ਡੀ.ਐਮ.ਓ., 283 ਮੈਡੀਕਲ ਅਫਸਰ, 2000 ਸਟਾਫ ਨਰਸਾਂ ਤੇ 330 ਫੈਕਲਟੀ ਦੀ ਭਰਤੀ ਲਈ ਹਰੀ ਝੰਡੀ
ਚੰਡੀਗੜ੍ਹ: ਸੂਬੇ ਵਿੱਚ ਕੋਵਿਡ ਦੀ ਦੂਜੀ ਲਹਿਰ ਦੇ ਚੱਲਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਨੇ ਸ਼ੁੱਕਰਵਾਰ ਨੂੰ 380 ਕਰੋੜ ਰੁਪਏ ਜਾਰੀ ਕੀਤੇ ਜਿਹੜੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਵੱਲੋਂ ਕੋਵਿਡ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ ਖਰਚੇ ਜਾਣਗੇ।
Coronavirus
ਸੂਬੇ ਵਿੱਚ ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ 674 ਜੀ.ਡੀ.ਐਮ.ਓ., 283 ਮੈਡੀਕਲ ਅਫਸਰ (ਸਪੈਸ਼ਲਿਸਟ), 2000 ਸਟਾਫ ਨਰਸਾਂ ਦੇ ਨਾਲ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ 330 ਫੈਕਲਟੀ ਪੋਸਟਾਂ ਭਰਨ ਦੀ ਵੀ ਹਰੀ ਝੰਡੀ ਕੀਤੀ। ਉਨ੍ਹਾਂ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਹੋਰ ਲੋੜੀਂਦੀਆਂ ਵਾਧੂ ਪੋਸਟਾਂ ਨੂੰ ਭਰਨ ਲਈ ਕੈਬਨਿਟ ਵਿੱਚ ਲਿਆਂਦਾ ਜਾਵੇ ਤਾਂ ਜੋ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।
ਮੁੱਖ ਮੰਤਰੀ ਵੱਲੋਂ ਪ੍ਰਵਾਨਿਤ ਕੀਤੇ 380 ਕਰੋੜ ਰੁਪਏ ਪੀ.ਐਸ.ਏ. ਆਕਸੀਜਨ ਪਲਾਂਟਾਂ, ਐਮ.ਜੀ.ਪੀ.ਐਸ. ਲੋਡ ਵਧਾਉਣ ਅਤੇ ਪੈਕੇਜ ਸਬਸਟੇਸ਼ਨਾਂ, ਕ੍ਰਾਇਓਜੈਨਿਕ ਤਰਲ ਮੈਡੀਕਲ ਆਕਸੀਜਨ ਟੈਂਕਾਂ ਦੇ ਨਾਲ ਬੀ.ਐਲ.ਐਸ. ਐਬੂਲੈਂਸਾਂ ਉਤੇ ਖਰਚੇ ਜਾਣਗੇ।
Captain Amarinder Singh
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੋਵਿਡ (Third covid wave) ਖਿਲਾਫ ਸੂਬਾ ਸਰਕਾਰ ਦੀ ਜੰਗ ਵਿੱਚ ਫੰਡ ਕਿਤੇ ਵੀ ਅੜਿੱਕਾ ਨਹੀਂ ਬਣਨ ਦੇਵਾਂਗੇ ਅਤੇ ਭਵਿੱਖ ਵਿੱਚ ਵੀ ਲੋੜ ਮੁਤਾਬਕ ਫੰਡ ਜਾਰੀ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਦੂਜੀ ਲਹਿਰ ਦੇ ਮਰੀਜ਼ਾਂ ਨਾਲੋਂ 25 ਫੀਸਦੀ ਹੋਰ ਵੱਧ ਮਰੀਜ਼ਾਂ ਦੇ ਹਿਸਾਬ ਨਾਲ ਤਿਆਰੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਤੀ ਦਿਨ ਘੱਟੋ-ਘੱਟ 40000 ਟੈਸਟਾਂ ਦੇ ਨਾਲ ਕਿਸੇ ਵੀ ਉਭਾਰ ਬਾਰੇ ਸਮੇਂ ਸਿਰ ਜਾਣਕਾਰੀ ਹਾਸਲ ਕਰਨ ਲਈ ਸਮਾਰਟ ਟੈਸਟਿੰਗ ਸ਼ੁਰੂ ਕਰਨੀ ਯਕੀਨੀ ਬਣਾਈ ਜਾਵੇ।
Covid vaccine
ਤੀਜੀ ਲਹਿਰ ਦੀ ਰੋਕਥਾਮ (Prevention of third covid wave) ਅਤੇ ਟਾਕਰਾ ਕਰਨ ਲਈ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਵੱਲੋਂ ਤਿਆਰ ਕੀਤੀ ਵਿਸਥਾਰਤ ਰਣਨੀਤੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਸੂਰਤ ਵਿੱਚ ਜੀ.ਆਈ.ਐਸ. ਆਧਾਰਿਤ ਨਿਗਰਾਨੀ ਅਤੇ ਰੋਕਥਾਮ ਤਰੀਕਿਆਂ ਦੀ ਵਰਤੋਂ ਸਥਾਨਕ ਬੰਦਿਸ਼ਾਂ ਲਈ ਆਟੋ ਟਰਿਗਰ ਵਿਧੀ ਰਾਹੀਂ ਕੀਤੀ ਜਾਵੇਗੀ। ਦੂਜੀ ਸਥਿਤੀ ਵਿੱਚ ਜੇ ਲੋੜ ਪਵੇ ਤਾਂ ਖੇਤਰੀ ਜਾਂ ਸੂਬਾ ਪੱਧਰੀ ਬੰਦਿਸ਼ਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖਤਰੇ ਦੇ ਪੱਧਰ ਦੇ ਆਧਾਰ ਉਤੇ ਜ਼ਿਲ੍ਹਿਾਂ ਦਾ ਵਰਗੀਕਰਨ ਕਰਦਿਆਂ ਤਿੰਨ ਵਰਗਾਂ ਵਿੱਚ ਵੰਡਿਆ ਜਾਵੇਗਾ ਜਿਸ ਨਾਲ ਜ਼ਿਲ੍ਹਿਆਂ ਨੂੰ ਵਿਗਿਆਨਕ ਆਧਾਰ ਉਤੇ ਰੋਕ ਲਗਾਉਣ ਅਤੇ ਪਾਬੰਦੀਆਂ ਲਾਗੂ ਕਰਨ ਦੇ ਯੋਗ ਬਣਾਇਆ ਜਾਵੇਗਾ।
Chief Secretary Vini Mahajan
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅੰਕੜੇ ਇਕੱਠੇ ਕਰਨ ਅਤੇ ਇਨ੍ਹਾਂ ਦਾ ਵਿਸਲੇਸ਼ਣ ਕਰਨ ਲਈ ਹਰੇਕ ਜ਼ਿਲੇ ਵਿੱਚ ਅੰਕੜਾ ਸੈਲ ਸਰਗਰਮ ਕੀਤਾ ਜਾਵੇ।
ਮੁੱਖ ਸਕੱਤਰ ਵਿਨੀ ਮਹਾਜਨ (Chief Secretary Vini Mahajan) ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਫੰਡ ਅਤੇ ਆਕਸੀਜਨ ਪਲਾਂਟ ਲੋੜੀਂਦੇ ਤੌਰ 'ਤੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਕੋਈ ਵੀ ਘਾਟ ਨਾ ਆਉਣ ਨੂੰ ਯਕੀਨੀ ਬਣਾਇਆ ਜਾਵੇ।