
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਸਿਗਰਟ ਪੀ ਕੇ ਅੰਦਰ ਸੁੱਟ ਦਿੱਤੀ, ਜਿਸ ਕਾਰਨ ਡੱਬੇ ਨੂੰ ਅੱਗ ਲੱਗ ਗਈ।
ਲੁਧਿਆਣਾ: ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਦੇ ਲੁਧਿਆਣਾ ਸਟੇਸ਼ਨ 'ਤੇ ਅੱਜ ਸਵੇਰੇ ਪਲੇਟਫਾਰਮ ਨੰਬਰ 4 'ਤੇ ਖੜ੍ਹੀ ਇਕ ਯਾਤਰੀ ਰੇਲ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਨੇ ਹਿਸਾਰ ਜਾਣਾ ਸੀ, ਜਿਸ ਦਾ ਸਮਾਂ 3.20 ਹੈ। ਇਹ ਟਰੇਨ ਲੁਧਿਆਣਾ ਤੋਂ ਚੱਲਣੀ ਹੈ। ਦੱਸ ਦੇਈਏ ਕਿ ਅੱਜ ਏਡੀਜੀਪੀ ਗੁਰਪ੍ਰੀਤ ਕੌਰ ਨੇ ਲੁਧਿਆਣਾ ਸਟੇਸ਼ਨ 'ਤੇ ਚੈਕਿੰਗ ਕਰਨੀ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਸਟੇਸ਼ਨ 'ਤੇ ਪੁਲਿਸ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। ਦੇਖਦੇ ਹੀ ਦੇਖਦੇ ਸਟੇਸ਼ਨ 'ਤੇ ਹੰਗਾਮਾ ਹੋ ਗਿਆ।
Ludhiana Junction railway station
ਪਲੇਟਫਾਰਮ ਨੰਬਰ 4 'ਤੇ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ। ਜਦੋਂ ਪੁਲਿਸ ਨੇ ਭੀੜ ਦੇਖੀ ਤਾਂ ਪਤਾ ਲੱਗਿਆ ਕਿ ਟਰੇਨ ਦੇ ਡੱਬੇ ਨੂੰ ਅੱਗ ਲੱਗੀ ਹੋਈ ਸੀ। ਇਸ ਮਗਰੋਂ ਤੁਰੰਤ ਜੀਆਰਪੀ ਅਤੇ ਆਰਪੀਐਫ ਦੇ ਜਵਾਨ ਅੱਗ ਬੁਝਾਉਣ ਪਹੁੰਚੇ। ਇਸ ਦੇ ਨਾਲ ਹੀ ਸਟੇਸ਼ਨ 'ਤੇ ਮੌਜੂਦ ਵਿਕਰੇਤਾਵਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ। ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
Ludhiana Junction railway station
ਜਾਣਕਾਰੀ ਦਿੰਦਿਆਂ ਡੀਐੱਸਪੀ ਬਲਰਾਮ ਰਾਣਾ ਅਤੇ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਸਾਡੇ ਜਵਾਨ ਅੱਗੇ ਆਏ ਅਤੇ ਪਾਣੀ ਦੀਆਂ ਪਾਈਪਾਂ ਲਗਾ ਕੇ ਰੇਲ ਗੱਡੀ ਦੇ ਡੱਬਿਆਂ ਵਿਚ ਪਾਣੀ ਪਹੁੰਚਾਇਆ ਗਿਆ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਸਿਗਰਟ ਪੀ ਕੇ ਅੰਦਰ ਸੁੱਟ ਦਿੱਤੀ, ਜਿਸ ਕਾਰਨ ਡੱਬੇ ਨੂੰ ਅੱਗ ਲੱਗ ਗਈ। ਹੁਣ ਹਾਲਾਤ ਆਮ ਹਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।