
ਅੱਜ ਇਥੇ ਪ੍ਰਵਾਸੀ ਮਜ਼ਦੂਰਾਂ ਨਾਲ ਲੱਦੀ ਗੱਡੀ ਖੰਭੇ ਨਾਲ ਟਕਰਾ ਗਈ, ਜਿਸ ਕਾਰਨ 3 ਪਰਵਾਸੀ ਮਜ਼ਦੂਰਾਂ ਦੀ ਮੌਤ ਅਤੇ 8 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਮੱਲ੍ਹੀਆਂ ਕਲਾਂ, 8 ਅਗੱਸਤ (ਪਪ) : ਅੱਜ ਇਥੇ ਪ੍ਰਵਾਸੀ ਮਜ਼ਦੂਰਾਂ ਨਾਲ ਲੱਦੀ ਗੱਡੀ ਖੰਭੇ ਨਾਲ ਟਕਰਾ ਗਈ, ਜਿਸ ਕਾਰਨ 3 ਪਰਵਾਸੀ ਮਜ਼ਦੂਰਾਂ ਦੀ ਮੌਤ ਅਤੇ 8 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਚੌਕੀ ਉੱਗੀ ਦੇ ਇੰਚਾਰਜ ਐਸ.ਆਈ. ਲਵਲੀਨ ਕੁਮਾਰ ਨੇ ਦਸਿਆ ਕਿ ਪਿੰਡ ਫ਼ਤਿਹਪੁਰ ਦੇ ਇਤਿਹਾਸਕ ਗੁਰਦਵਾਰਾ ਤੀਰਥ ਸਾਹਿਬ ਵਿਖੇ ਕੰਮ ਚੱਲ ਰਿਹਾ ਹੈ। ਦਲਜੀਤ ਸਿੰਘ ਪੁੱਤਰ ਮਲਕੀਤ ਸਿੰਘ ਅਪਣੀ ਮਹਿੰਦਰਾ ਗੱਡੀ ਵਿਚ ਲੇਬਰ (ਪ੍ਰਵਾਸੀ ਮਜ਼ਦਰਾਂ) ਨੂੰ ਲੱਦ ਕੇ ਲੈ ਜਾ ਰਿਹਾ ਸੀ।
ਗੁਰਦਵਾਰਾ ਸਾਹਿਬ ਤੋਂ ਕੁਝ ਦੂਰੀ 'ਤੇ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਕੰਧ ਵਿਚ ਜਾ ਵੱਜੀ। ਇਸ ਉਪਰੰਤ ਕੰਧ ਪਰਵਾਸੀ ਮਜ਼ਦੂਰਾਂ ਉਪਰ ਆ ਡਿੱਗੀ। ਇਸ ਹਾਦਸੇ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਪਰਵਾਸੀ ਮਜ਼ਦੂਰਾਂ ਦੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਚਾਲਕ ਸਮੇਤ 8 ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਸ਼ਿਵ ਸ਼ੰਕਰ ਪੁੱਤਰ ਮੰਗਵੇਸ਼ਰ, ਅਰੁਣ ਭੰਡਾਰੀ, ਦੁੱਖੀ ਸਾਨੀ ਪੁੱਤਰ ਚਲਚਿੱਤਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿਤੀਆਂ ਹਨ।