
ਚਾਰ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਹੋਇਆ ਮਾਨਸੂਨ ਸੈਸ਼ਨ
ਲੋਕ ਸਭਾ ’ਚ ਸਿਰਫ਼ 48 ਫ਼ੀ ਸਦੀ ਹੋਇਆ ਕੰਮ, ਰਾਜ ਸਭਾ ’ਚ 47 ਘੰਟੇ ਹੋਏ ਬਰਬਾਦ
ਨਵੀਂ ਦਿੱਲੀ, 8 ਅਗੱਸਤ : ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਨੂੰ ਅਪਣੇ ਨਿਸ਼ਚਿਤ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ। ਇਸ ਦੌਰਾਨ ਰਾਜ ਸਭਾ ਵਿਚ ਵੱਖ ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਜਿਥੇ ਕੰਮਕਾਜ 47 ਘੰਟੇ ਠੱਪ ਰਿਹਾ ਉਥੇ ਹੀ ਸਿਰਫ਼ ਪੰਜ ਸਰਕਾਰੀ ਬਿਲਾਂ ਨੂੰ ਹੀ ਪਾਸ ਕੀਤਾ ਜਾ ਸਕਿਆ।
ਇਸੇ ਤਰ੍ਹਾਂ ਲੋਕ ਸਭਾ ’ਚ 16 ਬੈਠਕਾਂ ’ਚ 44 ਘੰਟੇ ਤੋਂ ਵਧ ਕੰਮ ਹੋਇਆ ਅਤੇ ਕਾਰਜ ਉਤਪਾਦਕਤਾ 48 ਫ਼ੀ ਸਦੀ ਰਹੀ। ਸੰਸਦ ਦੇ ਦੋਵੇਂ ਸਦਨਾਂ ’ਚ ਮਾਨਸੂਨ ਸੈਸ਼ਨ 18 ਜੁਲਾਈ ਨੂੰ ਸ਼ੁਰੂ ਹੋਣ ਦੇ ਬਾਅਦ ਮੰਹਿਗਾਈ ਸਮੇਤ ਵੱਖ ਵੱਖ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕੰਮ ਠੱਪ ਰਿਹਾ। ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 12 ਅਗੱਸਤ ਤਕ ਚਲਣਾ ਸੀ। ਜੋ ਕਿ ਨਿਰਾਧਿਰ ਸਮੇਂ ਤੋਂ 4 ਦਿਨ ਪਹਿਲਾਂ ਹੀ ਮੁਲਤਵੀ ਕਰ ਦਿਤਾ ਗਿਆ।
ਸੈਸ਼ਨ ਨੂੰ ਮੁਲਤਵੀ ਕਰਨ ਤੋਂ ਪਹਿਲਾਂ ਅਪਣੇ ਰਵਾਇਤੀ ਭਾਸ਼ਣ ਵਿਚ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ 18 ਜੁਲਾਈ ਨੂੰ ਸ਼ੁਰੂ ਹੋਏ ਸੈਸ਼ਨ ਵਿਚ ਕੁਲ 16 ਬੈਠਕਾਂ ਹੋਈਆਂ। ਉਨ੍ਹਾਂ ਦਸਿਆ ਕਿ ਇਸ ਦੌਰਾਨ 38 ਘੰਟੇ ਤੋਂ ਵਧ ਕੰਮ ਹੋਇਆ ਪਰ ਵਿਘਨ ਕਾਰਨ 47 ਘੰਟੇ ਕੰਮ ਠੱਪ ਰਿਹਾ।
ਚੇਅਰਮੈਨ ਨੇ ਕਿਹਾ ਕਿ ਸਵੀਕਾਰ ਕੀਤੇ ਗਏ 235 ਸਵਾਲਾਂ ਵਿਚੋਂ ਸਿਰਫ਼ 61 ਦੇ ਜਵਾਬ ਜ਼ੁਬਾਨੀ ਦਿਤੇ ਜਾ ਸਕੇ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਸਿਰਫ਼ ਪੰਜ ਸਰਕਾਰੀ ਬਿਲਾਂ ਨੂੰ ਹੀ ਚਰਚਾ ਕਰ ਕੇ ਪਾਸ ਕੀਤਾ ਜਾ ਸਕਿਆ। ਮਾਨਸੂਨ ਸੈਸ਼ਨ ਦੌਰਾਨ ਉਚ ਸਦਨ ਵਿਚ ਪਾਸ ਕੀਤੇ ਗਏ ਬਿਲਾਂ ਵਿਚ ਰਾਸ਼ਟਰੀ ਰੇਲ ਅਤੇ ਆਵਾਜਾਈ ਸੰਸਥਾਨ ਨੂੰ ਗਤਿਸਕਤੀ ਯੂਨੀਵਰਸਿਟੀ ’ਚ ਤਬਦੀਲ ਕਰਨ ਦੀ ਵਿਵਸਥਾ ਵਾਲਾ ਕੇਂਦਰੀ ਯੂਨੀਵਰਸਿਟੀ ਸੋਧ ਬਿੱਲ, 2022, ਰਾਸ਼ਟਰੀ ਡੋਪਿੰਗ ਵਿਰੋਧੀ ਬਿੱਲ, 2022, ਭਾਰਤੀ ਅੰਟਾਰਕਟਿਕ ਬਿੱਲ 2022 ਸ਼ਾਮਲ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੈਸ਼ਨ ਦੇ ਪਹਿਲੇ ਦਿਨ ਸਦਨ ਦੇ ਚਾਰ ਨਵੇਂ ਮੈਂਬਰਾਂ ਨੇ ਸਹੁੰ ਚੁਕੀ, ਜਿਸ ਨਾਲ ਹੁਣ ਸਦਨ ਵਿਚ ਇਕ ਵੀ ਸੀਟ ਖ਼ਾਲੀ ਨਹੀਂ ਹੈ। ਬਿਰਲਾ ਨੇ ਕਿਹਾ ਕਿ ਇਸ ਸੈਸ਼ਨ ਵਿਚ ਸਦਨ ’ਚ ਛੇ ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਕੁਲ ਸੱਤ ਬਿੱਲ ਪਾਸ ਕੀਤੇ ਗਏ ਜਿਨ੍ਹਾਂ ਵਿਚ ਰਾਸ਼ਟਰੀ ਡੋਪਿੰਗ ਰੋਕੂ ਬਿੱਲ 2022, ਜੰਗਲੀ ਜੀਵ ਸੁਰੱਖਿਆ ਸੋਧ ਬਿੱਲ 2022, ਕੇਂਦਰੀ ਯੂਨੀਵਰਸਿਟੀਆਂ ਸੋਧ ਬਿੱਲ 2022 ਅਤੇ ਊਰਜਾ ਸੰਭਾਲ ਸੋਧ ਬਿੱਲ 2022 ਸ਼ਾਮਲ ਹਨ। ਸਪੀਕਰ ਨੇ ਕਿਹਾ ਕਿ ਸਦਨ ਵਿਚ ਨਿਯਮ 377 ਤਹਿਤ 318 ਵਿਸ਼ੇ ਉਠਾਏ ਗਏ ਸਨ ਅਤੇ ਸਿਫ਼ਰ ਕਾਲ ਦੌਰਾਨ ਜ਼ਰੂਰੀ ਜਨਤਕ ਮਹੱਤਵ ਦੇ 98 ਮੁੱਦੇ ਉਠਾਏ ਗਏ ਸਨ। (ਏਜੰਸੀ)