
ਲੁਧਿਆਣਾ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੇ ਬੈਂਸ ਵਿਰੁੱਧ ਲਾਇਆ ਧਰਨਾ
ਬਟਾਲਾ(ਵਿਸ਼ਾਲ ਕਪੂਰ)- ਡੀਸੀ ਬਟਾਲਾ ਅਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਹੋਈ ਬਹਿਸਬਾਜ਼ੀ ਦਾ ਮਾਮਲਾ ਹੁਣ ਹੋਰ ਤੂਲ ਫੜਦਾ ਜਾ ਰਿਹਾ ਹੈ। ਬੈਂਸ ਸਮਰਥਕਾਂ ਵੱਲੋਂ ਕੈਪਟਨ ਸਰਕਾਰ ਅਤੇ ਡੀਸੀ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਬਾਅਦ ਹੁਣ ਕਥਿਤ ਤੌਰ ’ਤੇ ਡੀਸੀ ਬਟਾਲਾ ਨੇ ਵੀ ਬੈਂਸ ਨੂੰ ਉਸ ਦੇ ਸ਼ਹਿਰ ਲੁਧਿਆਣਾ ਵਿਚ ਅਪਣੀ ਤਾਕਤ ਦਿਖਾ ਦਿੱਤੀ ਹੈ ਕਿਉਂਕਿ ਬਟਾਲਾ ਦੇ ਪਟਵਾਰੀਆਂ ਵੱਲੋਂ ਬੈਂਸ ਵਿਰੁੱਧ ਕਾਰਵਾਈ ਦੀ ਮੰਗ ਤੋਂ ਬਾਅਦ ਹੁਣ ਲੁਧਿਆਣਾ ਦੇ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਵੀ ਬੈਂਸ ਵਿਰੁੱਧ ਧਰਨਾ ਲਗਾਇਆ ਅਤੇ ਬੈਂਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਲੁਧਿਆਣਾ ਦੇ ਡੀਸੀ ਦਫ਼ਤਰ ਵਿਚ ਲਗਾਏ ਗਏ ਇਸ ਧਰਨੇ ਮੌਕੇ ਡੀਸੀ ਦਫ਼ਤਰ ਦੇ ਮੁਲਾਜ਼ਮ ਆਗੂਆਂ ਨੇ ਡੀਸੀ ਬਟਾਲਾ ਨਾਲ ਗ਼ਲਤ ਵਿਵਹਾਰ ਕੀਤੇ ਜਾਣ ’ਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਬੈਂਸ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਟੇਟ ਬਾਡੀ ਦੀ ਮੀਟਿੰਗ ਵਿਚ ਅਗਲੇ ਸੰਘਰਸ਼ ਲਈ ਫ਼ੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਬੀਤੇ ਦਿਨੀਂ ਬਟਾਲਾ ਦੀ ਪਟਾਕਾ ਫੈਕਟਰੀ ਧਮਾਕਾ ਮਾਮਲੇ ਵਿਚ ਸਿਮਰਜੀਤ ਬੈਂਸ ਇਕ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਡੀਸੀ ਬਟਾਲਾ ਕੋਲ ਪੁੱਜੇ ਸਨ। ਜਿੱਥੇ ਦੋਵਾਂ ਦੀ ਆਪਸ ਵਿਚ ਕਾਫ਼ੀ ਬਹਿਸਬਾਜ਼ੀ ਹੋ ਗਈ ਸੀ ਹਾਲਾਂਕਿ ਇਸ ਮਾਮਲੇ ਵਿਚ ਬੈਂਸ ਵਿਰੁੱਧ ਐਫਆਈਆਰ ਵੀ ਦਰਜ ਹੋ ਗਈ ਹੈ ਪਰ ਡੀਸੀ ਦੇ ਹੱਕ ਵਿਚ ਖੜ੍ਹੇ ਮੁਲਾਜ਼ਮਾਂ ਵੱਲੋਂ ਹੁਣ ਬੈਂਸ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ।