
ਕੈਪਟਨ-ਸਿੱਧੂ ਵਿਚਾਲੇ ਵਿਵਾਦ ਕਾਂਗਰਸ ਲਈ ਫ਼ਾਇਦੇਮੰਦ : ਹਰੀਸ਼ ਰਾਵਤ
ਨਵੀਂ ਦਿੱਲੀ, 8 ਸਤੰਬਰ: ਸੀਨੀਅਰ ਕਾਂਗਰਸ ਨੇਤਾ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਝਗੜੇ ਦੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਵਿਚਾਲੇ ਕੋਈ ਵਿਵਾਦ ਹੈ ਵੀ ਤਾਂ ਇਹ ਭਵਿੱਖ ਵਿਚ ਪਾਰਟੀ ਲਈ ਫ਼ਾਇਦੇਮੰਦ ਹੋਵੇਗਾ।
ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਰਾਵਤ ਨੇ ਕਿਹਾ ਕਿ ਲੋਕ ਮੰਨਦੇ ਹਨ ਕਿ ਪਾਰਟੀ ਦੇ ਨੇਤਾ ਲੜ ਰਹੇ ਹਨ ਕਿਉਂਕਿ ‘ਬਹਾਦਰ’ ਆਗੂਆਂ ਨੇ ਅਪਣੀ ਰਾਇ ਦਿ੍ਰੜਤਾ ਨਾਲ ਸਾਹਮਣੇ ਰੱਖੀ ਹੈ। ਉਨ੍ਹਾਂ ਕਿਹਾ, ‘ਪੰਜਾਬ ਨਾਇਕਾਂ ਦੀ ਧਰਤੀ ਹੈ। ਇਥੋਂ ਦੇ ਲੋਕ ਅਪਣੀ ਰਾਇ ਬਹੁਤ ਦਿ੍ਰੜਤਾ ਨਾਲ ਸਾਹਮਣੇ ਰਖਦੇ ਹਨ ਅਤੇ ਅਜਿਹਾ ਲਗਦਾ ਹੈ ਕਿ ਉਹ ਲੜਨਗੇ ਪਰ ਅਜਿਹਾ ਕੱੁਝ ਨਹੀਂ ਹੈ। ਉਹ ਅਪਣੀਆਂ ਸਮੱਸਿਆਵਾਂ ਦਾ ਹੱਲ ਖ਼ੁਦ ਲੱਭ ਲੈਂਦੇ ਹਨ। ਪੰਜਾਬ ਕਾਂਗਰਸ ਅਪਣੇ ਮੁੱਦਿਆਂ ਦਾ ਹੱਲ ਖ਼ੁਦ ਕਰ ਰਹੀ ਹੈ। ਅਸੀਂ ਕੁੱਝ ਨਹੀਂ ਕਰ ਰਹੇ’। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਬੰਧਾਂ ਬਾਰੇ ਰਾਵਤ ਨੇ ਕਿਹਾ, ‘ਜੇਕਰ ਕੋਈ ਵਿਵਾਦ ਹੋਵੇਗਾ ਤਾਂ ਇਹ ਕਾਂਗਰਸ ਲਈ ਚੰਗਾ ਹੋਵੇਗਾ’। ਇਸ ਤੋਂ ਇਲਾਵਾ ਹਰੀਸ਼ ਰਾਵਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਪਣੇ ਵਾਅਦੇ ਪੂਰੇ ਕਰਨ ਵਿਚ ਅਸਲ ਰਹੀ ਹੈ।
ਉਨ੍ਹਾਂ ਕਿਹਾ, ‘ਭਾਜਪਾ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਆਮ ਲੋਕਾਂ ਨੂੰ ਲੁਭਾਉਂਦੀ ਹੈ ਪਰ ਜਦੋਂ ਉਨ੍ਹਾਂ ਨੂੰ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਦੇ ਉਲਟ ਕੰਮ ਕਰਦੀ ਹੈ। ਅੱਜ ਕਿਸਾਨਾਂ ਦੀ ਜ਼ਮੀਨ ਖ਼ਤਰੇ ਵਿਚ ਹੈ, ਕਿਸਾਨਾਂ ਦੀ ਮੰਡੀ, ਐਫ਼ਸੀਆਈ ਖ਼ਤਰੇ ਵਿਚ ਹੈ ਅਤੇ ਛੋਟੀਆਂ ਦੁਕਾਨਾਂ ਖ਼ਤਰੇ ਵਿਚ ਹਨ’।
ਇਹ ਹਾਲਤ ਕਾਂਗਰਸ ਵਿਚ ਹੀ ਨਹੀਂ, ਦੂਜੀਆਂ ਪਾਰਟੀਆਂ ਵਿਚ ਸਥਾਪਤ ਲੋਕਾਂ ਨੂੰ ਰੋਕ ਕੇ ‘ਚੰਗੇ ਚਿਹਰਿਆਂ’ ਦੀ ਭਾਲ ਜਾਰੀ ਹੈ ਜਿਸ ਵਿਚ ‘ਆਪ’ ਪਾਰਟੀ ਸੱਭ ਤੋਂ ਅੱਗੇ ਹਨ। ਭਗਵੰਤ ਮਾਨ ਅਪਣੇ ਆਪ ਨੂੰ ਆਪ ਦੇ ‘ਮੁੱਖ ਮੰਤਰੀ’ ਬਣ ਚੁੱਕੇ ਸਮਝਦੇ ਹਨ ਪਰ ਵੱਡੀ ਗਿਣਤੀ ਵਿਚ ‘ਆਪ’ ਵਰਕਰ ਦਬਾਅ ਪਾ ਰਹੇ ਹਨ ਕਿ ਮਾਨ ਦਾ ਅਕਸ ਇਕ ਗਹਿਰ ਗੰਭੀਰ ਤੇ ਸੂਝਵਾਨ ਨੇਤਾ ਵਾਲਾ ਨਹੀਂ ਬਣ ਸਕਿਆ ਤੇ ‘ਹਸਾਉਂਦੇ ਕਾਮੇਡੀਅਨ’ ਤੋਂ ਅੱਗੇ ਨਹੀਂ ਵੱਧ ਸਕੇ, ਇਸ ਲਈ ਕਿਸੇ ਗਹਿਰ ਗੰਭੀਰ, ਸੂਝਵਾਨ ਚਿਹਰੇ ਮੋਹਰੇ ਵਾਲੇ ਨੂੰ ਅੱਗੇ ਆਉਣ ਦੇਣ। ਭਗਵੰਤ ਮਾਨ ਦੇ ਸਾਥੀ ਇਹ ਗੱਲ ਨਹੀਂ ਮੰਨ ਰਹੇ। ਅਕਾਲੀ ਦਲ ਵਿਚ ਇਕ ਵਿਚਾਰ ਜ਼ੋਰਾਂ ਤੇ ਹੈ ਕਿ ਜੇ ਸੁਖਬੀਰ ਪਿੱਛੇ ਹੱਟ ਜਾਣ ਤੇ ਕਿਸੇ ਹੋਰ ਚੰਗੇ ਚਿਹਰੇ ਨੂੰ ਅੱਗੇ ਲਿਆਉਣ ਤਾਂ ਬੀਤੇ ਦਿਨਾਂ ਕੋਲੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਬੀਜੇਪੀ ਨੇਤਾ ਅਜੇ ਅਜਿਹੀ ਹਾਲਤ ਵਿਚ ਆਏ ਹੀ ਨਹੀਂ। (ਏਜੰਸੀ)