
ਨੌਜਵਾਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਬੇਪਰਵਾਹੀਆਂ ਤੋਂ ਤੰਗ ਹੋ ਕੇ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਲੋਕਾਂ ਨੇ ਅਪਣੇ ਮੋਢਿਆਂ ’ਤੇ ਚੁੱਕ ਲਿਆ ਹੈ।
ਭਗਤਾ ਭਾਈਕਾ (ਰਾਜਿੰਦਰਪਾਲ ਸ਼ਰਮਾ): ਪੰਜਾਬ ਵਿਚ ਨਸ਼ਿਆਂ ਦੀ ਵੱਡੀ ਮਾਰ ਤੋਂ ਪੀੜਤ ਮਾਲਵੇ ਵਿਚ ਨਸ਼ਿਆਂ ਵਿਰੁਧ ਚਲੀ ਲੋਕ ਲਹਿਰ ਨੇ ਲੋਕਾਂ ਨੂੰ ਵੱਡੀ ਪੱਧਰ ’ਤੇ ਸੁਚੇਤ ਕੀਤਾ ਹੈ ਅਤੇ ਇਕ ਮੰਚ ’ਤੇ ਇਕੱਠਾ ਕਰ ਦਿਤਾ ਹੈ। ਕਿਸੇ ਸਮੇਂ ਲੋਕ ਹਮਾਇਤੀ ਜਥੇਬੰਦੀਆਂ ਵਲੋਂ ਦਿਤੇ ਨਾਹਰੇ, ‘‘ਸਰਕਾਰਾਂ ਤੋਂ ਨਾ ਝਾਕ ਕਰੋ, ਅਪਣੀ ਰਾਖੀ ਆਪ ਕਰੋ’’ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਹੁੰਦਾ ਵੇਖਿਆ ਜਾ ਸਕਦਾ ਹੈ।
ਲੋਕ ਘਰਾਂ ’ਚੋਂ ਨਿਕਲ ਕੇ ਪਿੰਡ-ਪਿੰਡ ਕਮੇਟੀਆਂ ਬਣਾ ਕੇ ਦਿਨ-ਰਾਤ ਠੀਕਰੀ ਪਹਿਰੇ ਲਗਾਉਣ ਲਈ ਮਜਬੂਰ ਹੋ ਗਏ ਹਨ। ਸਰਕਾਰਾਂ ਵਲੋਂ ਕੀਤੀਆਂ ਲਾਪਰਵਾਹੀਆਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਲੋਕਾਂ ਦੇ ਦਰਦ ਅਤੇ ਗੁੱਸੇ ਦੀ ਝਲਕ ਉਦੋਂ ਵੇਖਣ ਨੂੰ ਮਿਲੀ ਜਦ ਪਿੰਡ ਭਗਤਾ ਭਾਈਕਾ ਦੇ ਭੂਤਾਂ ਵਾਲਾਂ ਖੂਹ ਵਿਖੇ ਪਹੁੰਚੀ ਅਦਾਰਾ ਸਪੋਕਸਮੈਨ ਟੀਮ ਦੇ ਟੀ ਵੀ ਪ੍ਰੋਗਰਾਮ ‘ਸਪੋਕਸਮੈਨ ਦੀ ਸੱਥ’ ਵਿਚ ਮੈਡਮ ਨਿਮਰਤ ਕੌਰ ਦੇ ਸਵਾਲਾਂ ਦੌਰਾਨ ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ ’ਤੇ ਇਕ ਨੌਜਵਾਨ ਨੇ ਕਿਹਾ ਕਿ ਸਰਕਾਰਾਂ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਤੇ ਨਸ਼ੇ ਦੀ ਦਲਦਲ ਵਿਚ ਸੁੱਟ ਦਿਤਾ ਹੈ।
Spokesman di sath at Bhagta Bhai Ka
ਇਕ ਬਜ਼ੁਰਗ ਨੇ ਬੁੱਢੀ ਉਮਰੇ ਨੌਜਵਾਨ ਪੁੱਤਰਾਂ ਦੀਆਂ ਅਰਥੀਆਂ ਚੁੱਕਣਾ ਇਕ ਇਨਸਾਨ ਲਈ ਵੱਡਾ ਭਾਰ ਦਸਿਆ। ਇਕ ਨੌਜਵਾਨ ਨੇ ਕਿਹਾ ਕਿ ਨਸ਼ਿਆਂ ਦੇ ਕਹਿਰ ਤੋਂ ਡਰਦੇ ਲੋਕ ਅਪਣੇ ਧੀਆਂ-ਪੁੱਤਰਾਂ ਨੂੰ ਵਿਦੇਸ਼ ਭੇਜ ਰਹੇ ਹਨ। ਜ਼ਮੀਨਾਂ ਘਰ ਤੇ ਹੋਰ ਚੀਜ਼ਾਂ ਵੇਚ ਕੇ ਲੱਖਾਂ ਰੁਪਏ ਇਕੱਠੇ ਕਰ ਮਜਬੂਰੀ ਵੱਸ ਧੀਆਂ-ਪੁੱਤ ਵਿਦੇਸ਼ ਭੇਜ ਕੇ ਵੀ ਵੱਡਾ ਦੁੱਖ ਇਹ ਹੈ ਕਿ ਪਿਛਲੇ ਥੋੜੇ ਸਮੇਂ ਦੌਰਾਨ ਖ਼ਬਰਾਂ ਦੀ ਭਰਮਾਰ ਹੈ ਕਿ ਨੌਜਵਾਨਾਂ ਦੀ ਵਿਦੇਸ਼ ਵਿਚ ਜਾ ਕੇ ਦਿਲ ਦੌਰਿਆਂ ਨਾਲ ਮੌਤ ਹੋ ਗਈ। ਮਾਪੇ ਧੀਆਂ-ਪੁੱਤਾਂ ਦੀਆਂ ਲਾਸ਼ਾਂ ਮੰਗਵਾਉਣ ਲਈ ਧੱਕੇ ਖਾ ਰਹੇ ਹਨ।
Spokesman di sath at Bhagta Bhai Ka
ਨੌਜਵਾਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਬੇਪਰਵਾਹੀਆਂ ਤੋਂ ਤੰਗ ਹੋ ਕੇ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਲੋਕਾਂ ਨੇ ਅਪਣੇ ਮੋਢਿਆਂ ’ਤੇ ਚੁੱਕ ਲਿਆ ਹੈ। ਪਿੰਡ ਵਿਚ ਦਾਖ਼ਲ ਹੋਣ ਵਾਲੀਆਂ ਥਾਵਾਂ ’ਤੇ ਨਾਕੇ ਲਗਾਏ ਜਾ ਰਹੇ ਹਨ, ਸ਼ੱਕੀ ਲੋਕਾਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ ਜੇਕਰ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਉਸ ਨੂੰ ਕਨੂੰਨੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿਤਾ ਜਾਂਦਾ ਹੈ। ਇਲਾਕੇ ਦੇ ਸਾਰੇ ਪਿੰਡਾਂ ਨੇ ਇਕ ਨੈੱਟਵਰਕ ਬਣਾ ਲਿਆ ਹੈ। ਪਿੰਡਾ ਵਿਚ ਠੀਕਰੀ ਪਹਿਰਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਇਕੱਠ ਵਿਚ ਹਾਜ਼ਰ ਔਰਤਾਂ ਵੀ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਨਸ਼ੇ ਵਿਰੁਧ ਲੜਨ ਦਾ ਦਾਅਵਾ ਕਰਦੀਆਂ ਵਿਖਾਈ ਦਿਤੀਆਂ। ਔਰਤਾਂ ਵਲੋਂ ਰਾਜਨੀਤਕ ਪਾਰਟੀਆਂ ਬਾਰੇ ਕਿਹਾ ਕਿ ਸਭ ਵਾਰੀ ਵਾਰੀ ਲੁੱਟਣ ਲਈ ਆ ਜਾਂਦੇ ਹਨ ਪਰ ਹੁਣ ਪਾਣੀ ਸਿਰ ਉਤੋਂ ਦੀ ਲੰਘ ਚੁੱਕਾ ਹੈ , ਲੋਕ ਪਾਰਟੀਬਾਜੀ ਤੋ ਉਪਰ ਉੱਠਕੇ ਤੁਰੇ ਹਨ ਅਤੇ ਇਸ ਵਾਰ ਲੜਾਈ ਆਰ ਪਾਰ ਦੀ ਹੋਵੇਗੀ ।
Spokesman di sath at Bhagta Bhai Ka
ਪਿੰਡ ਦੇ ਇਤਿਹਾਸਿਕ ਸਥਾਨ ਭੂਤਾਂ ਵਾਲਾ ਖੂਹ ਤੇ ਪਿੰਡ ਵਾਸੀਆਂ ਨੇ ਸਪੋਕਸਮੈਨ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਜੇਕਰ ਲੋਕਾਂ ਦਾ ਏਕਾ ਇਸੇ ਤਰ੍ਹਾਂ ਰਿਹਾ ਤਾਂ ਛੇਤੀ ਹੀ ਸਾਡਾ ਪਿੰਡ ਪੂਰਨ ਤੌਰ ’ਤੇ ਨਸ਼ਾ ਮੁਕਤ ਪਿੰਡ ਹੋਵੇਗਾ ਔਰਤਾਂ ਨੇ ਮੈਡਮ ਨਿਮਰਤ ਕੌਰ ਦੇ ਸਿਰ 'ਤੇ ਹੱਥ ਰਖ ਅਪਣੀ ਧੀ ਆਖਦਿਆਂ ਅਸੀਸਾਂ ਦਿਤੀਆਂ ਅਤੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਲੜੀ ਜਾ ਰਹੀ ਹਰੇਕ ਲੜਾਈ ਵਿਚ ਅਦਾਰਾ ਸਪੋਕਸਮੈਨ ਦੇ ਯਤਨਾਂ ਦੀ ਸ਼ਲਾਘਾ ਕੀਤੀ।