ਪਾਰਟੀਆਂ ਦੇ ਚੋਣ ਮੈਨੀਫ਼ੈਸਟੋ 'ਚ ਕੀਤੇ ਵਾਅਦਿਆਂ ਮੁਤਾਬਕ ਹੀ ਬਣਾਏ ਗਏ ਹਨ ਖੇਤੀ ਕਾਨੂੰਨ :ਸੋਮਪ੍ਰਕਾਸ਼
Published : Oct 9, 2020, 11:08 pm IST
Updated : Oct 9, 2020, 11:08 pm IST
SHARE ARTICLE
image
image

ਸੋਮ ਪ੍ਰਕਾਸ਼ ਦੀ 'ਰੋਜ਼ਾਨਾ ਸਪੋਕਸਮੈਨ' ਨਾਲ ਵਿਸ਼ੇਸ਼ ਗੱਲਬਾਤ

ਚੰਡੀਗੜ੍ਹ, 9 ਅਕਤੂਬਰ (ਸਪੋਕਸਮੈਨ ਟੀ.ਵੀ.): ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ਦੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕ ਸੜਕਾਂ 'ਤੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਅਜੇ ਵੀ ਇਨ੍ਹਾਂ ਬਿਲਾਂ ਨੂੰ ਕਿਸਾਨ ਪੱਖੀ ਦਸਣ 'ਚ ਮਸ਼ਰੂਫ਼ ਹੈ। ਸਪੋਕਸਮੈਨ ਟੀਵੀ ਵਲੋਂ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਤੌਖਲਿਆਂ ਨੂੰ ਨੇੜਿਉਂ ਵਾਚਣ ਅਤੇ ਇਨ੍ਹਾਂ ਨੂੰ ਸਰਕਾਰ ਤਕ ਪਹੁੰਚਾਉਣ ਦੇ ਮਕਸਦ ਨਾਲ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਸ਼ਖ਼ਸੀਅਤਾਂ ਨਾਲ ਵਿਚਾਰ-ਵਟਾਂਦਰੇ ਦਾ ਸਿਲਸਿਲਾ ਅਰੰਭਿਆ ਹੋਇਆ ਹੈ। ਇਸੇ ਤਹਿਤ ਕੇਂਦਰੀ ਰਾਜ ਮੰਤਰੀ ਵਣਜ ਅਤੇ ਇੰਡਸਟਰੀ ਸੋਮ ਪ੍ਰਕਾਸ਼ ਨਾਲ ਸਪੋਕਸਮੈਨ ਟੀਵੀ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹਨ ਇੰਟਰਵਿਊ ਦੇ ਵਿਸ਼ੇਸ਼ ਅੰਸ਼ :

ਇਸ ਖ਼ਬਰ ਸਬੰਧੀ ਵੀਡੀਉ ਵੇਖਣ
ਲਈ ਇਸ ਲਿੰਕ 'ਤੇ ਜਾਉ

Youtube: spokesmantv.com
Facebook: rozana spokesman

imageimage


ਸਵਾਲ : ਅੱਜ ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ 'ਤੇ ਅੜੀਆਂ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਜ਼ਰੀਏ ਜੋ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ, ਉਹ ਉਨ੍ਹਾਂ ਨੂੰ ਤਬਾਹ ਕਰ ਦੇਣਗੀਆਂ। ਦੂਜੇ ਪਾਸੇ ਕੇਂਦਰ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਪੱਖੀ ਸਾਬਤ ਕਰਨ 'ਤੇ ਅੜੀ ਹੋਈ ਹੈ। ਤੁਸੀਂ ਇਸ ਸੱਭ ਬਾਰੇ ਕੀ ਕਹਿਣਾ ਚਾਹੋਗੇ?


ਜਵਾਬ : ਜਿਹੜੇ ਤਿੰਨ ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ, ਜੋ ਬਾਅਦ 'ਚ ਕਾਨੂੰਨ ਬਣ ਚੁੱਕੇ ਹਨ, ਇਸ ਬਾਰੇ ਭਾਜਪਾ ਨੇ ਅਪਣੇ ਚੋਣ-ਮੈਨੀਫ਼ੈਸਟੋ 'ਚ ਵੀ ਖੇਤੀਬਾੜੀ ਸੁਧਾਰ ਲਈ ਬਿੱਲ ਲਿਆਉਣ ਦਾ ਵਾਅਦਾ ਕੀਤਾ ਸੀ। ਭਾਜਪਾ ਉਸੇ ਵਾਅਦੇ ਮੁਤਾਬਕ ਹੀ ਇਹ ਬਿੱਲ ਲੈ ਕੇ ਆਈ ਹੈ। ਇਸੇ ਤਰ੍ਹਾਂ ਕਾਂਗਰਸ ਵਲੋਂ ਵੀ ਅਪਣੇ ਚੋਣ-ਮੈਨੀਫ਼ੈਸਟੋ 'ਚ ਖੇਤੀਬਾੜੀ ਸੁਧਾਰ ਬਿੱਲ ਲਿਆਉਣ ਦੀ ਗੱਲ ਕਹੀ ਸੀ।


ਸਵਾਲ :  ਲੋਕਾਂ ਨੇ ਤੁਹਾਡੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾਲ ਜਿਤਾਇਆ ਤੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਸੀ ਕਿ ਭਾਜਪਾ ਉਨ੍ਹਾਂ ਲਈ ਬਿਹਤਰ ਕਰੇਗੀ...?
ਜਵਾਬ : ਮੈਂ ਦੱਸਦਾ, ਇਹ ਦੇ 'ਚ ਕਾਂਗਰਸ, ਭਾਜਪਾ ਜਾਂ ਕਿਸੇ ਹੋਰ ਪਾਰਟੀ ਦੀ ਗੱਲ ਨਹੀਂ ਹੈ। ਗੱਲ ਸਿਰਫ਼ ਕਿਸਾਨ ਦੇ ਭਲੇ ਦੀ ਹੈ। ਸਾਡਾ ਵਾਅਦਾ ਸੀ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਨੀ ਹੈ, ਇਸ ਦੇ ਮੁਤਾਬਕ ਹੀ ਅਸੀਂ ਕੰਮ ਕਰਨਾ ਹੈ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਢੁਕਵਾਂ ਮੁੱਲ ਦਿਵਾਉਣਾ ਹੈ। ਕੇਂਦਰ ਸਰਕਾਰ ਕਣਕ ਸਮੇਤ ਦੂਜੀਆਂ ਫ਼ਸਲਾਂ ਦਾ ਭਾਅ ਵਧਾ ਕੇ ਅਪਣੀ ਨੀਤੀ ਸਪੱਸ਼ਟ ਕਰ ਚੁਕੀ ਹੈ। ਮੈਂ ਮੈਨੀਫ਼ੈਸਟੋ ਦੀ ਗੱਲ ਕਰ ਰਿਹਾ ਹਾਂ। ਸਾਡਾ ਮੈਨੀਫ਼ੈਸਟੋ ਵੀ ਉਹੀ ਗੱਲ ਕਹਿੰਦੈ, ਕਾਂਗਰਸ ਦਾ ਵੀ ਉਹੀ ਕਹਿ ਰਿਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਪਾਰਲੀਮੈਂਟ 'ਚ ਖੇਤੀ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਸੀ। ਇਸੇ ਤਰ੍ਹਾਂ ਕਾਂਗਰਸੀ ਆਗੂ ਕਪਿਲ ਸਿੱਬਲ ਵੀ ਪਾਰਲੀਮੈਂਟ 'ਚ ਕਹਿ ਚੁੱਕੇ ਹਨ ਕਿ ਕਿਸਾਨ ਦਾ ਭਲਾ ਤਾਂ ਹੀ ਹੋਵੇਗਾ ਜੇਕਰ ਇਹ ਬਿੱਲ ਆਉਣਗੇ ਅਤੇ ਉਸ ਦੀ ਆਮਦਨੀ ਵਧੇਗੀ ਅਤੇ ਖੇਤੀ ਸੈਕਟਰ 'ਚ ਪ੍ਰਾਈਵੇਟ ਧਿਰਾਂ ਪੈਸਾ ਖ਼ਰਚਣਗੀਆਂ।


ਸਵਾਲ: ਕਿਸਾਨ ਜਿਸ ਦੇ ਭਲੇ ਦੇ ਨਾਮ 'ਤੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ, ਉਹ ਕੀ ਚਾਹੁੰਦਾ ਹੈ? ਖੇਤੀ ਕਾਨੂੰਨ ਪਾਸ ਕਰਨ ਲਗਿਆ ਕਿਸਾਨ ਦੀ ਰਾਏ ਕਿਉਂ ਨਹੀਂ ਲਈ ਗਈ?
ਜਵਾਬ : ਵੇਖੋ, ਅੱਜ ਪੂਰੇ ਦੇਸ਼ ਅੰਦਰ ਕਿਸਾਨ ਖ਼ੁਦਕੁਸ਼ੀ ਦੇ ਰਾਹ ਚਲਿਆ ਹੋਇਐ ਜੋ ਦੁੱਖ ਦੀ ਗੱਲ ਹੈ। ਇਸ ਦਾ ਇਕੋ ਇਕ ਹੱਲ ਹੈ ਕਿ ਕਿਸਾਨ ਦੀ ਆਮਦਨੀ ਵਧਾਈ ਜਾਵੇ, ਜਿਸ ਲਈ ਕਦਮ  ਚੁੱਕਣੇ ਜ਼ਰੂਰੀ ਹਨ। ਵੱਡੀ ਤਰਾਸਦੀ ਇਹ ਹੈ ਕਿ ਜਿਨ੍ਹਾਂ ਨੇ ਇਸ ਸਬੰਧੀ ਅਪਣੇ ਚੋਣ ਮੈਨੀਫ਼ੈਸਟੋ 'ਚ ਵਾਅਦੇ ਕੀਤੇ, ਉਹ ਵੀ ਅੱਜ ਇਸ ਨੂੰ ਮਾੜਾ ਕਹਿ ਰਹੇ ਹਨ। ਅਕਾਲੀ ਦਲ ਇਸ ਦੇ ਸਮਰਥਨ 'ਚ ਪ੍ਰਚਾਰ ਕਰਦਾ ਰਿਹਾ ਹੈ। ਅਕਾਲੀਆਂ ਆਗੂਆਂ ਨੇ ਟੀਵੀ ਚੈਨਲਾਂ ਸਮੇਤ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਕਾਨੂੰਨ ਦੀ ਉਸਤਤ ਕੀਤੀ। ਇਥੋਂ ਤਕ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂ ਨੇ ਵੀ ਟੀ.ਵੀ. ਚੈਨਲ 'ਤੇ ਆ ਕੇ ਇਸ ਕਾਨੂੰਨ ਦੇ ਹੱਕ 'ਚ ਆਵਾਜ਼ ਉਠਾਈ।


ਸਵਾਲ : ਅਕਾਲੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਇਹ ਵੀ ਕਹਿੰਦੇ ਹਨ ਕਿ ਜਦੋਂ ਉਹ ਮੰਤਰੀ ਸਨ ਤਾਂ ਕਿਸਾਨਾਂ ਦੇ ਇਸ ਕਾਨੂੰਨ ਤੋਂ ਖ਼ੁਸ਼ ਨਾ ਹੋਣ ਸਬੰਧੀ ਹਰ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਦਾ ਕਿਸੇ ਨੇ ਨਹੀਂ ਸੁਣੀ?
ਜਵਾਬ : ਵੇਖੋ, ਇਹ ਇਦਾਂ ਨਹੀਂ ਹੈ, ਉਹ ਪੜ੍ਹੇ ਲਿਖੇ ਲੋਕ ਹਨ, ਸੁਖਬੀਰ ਸਿੰਘ ਬਾਦਲ ਅਮਰੀਕਾ ਤੋਂ ਪੜ੍ਹ ਕੇ ਆਏ ਹਨ। ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਸਾਰੇ ਭਾਰਤ ਦੇ ਕਿਸਾਨ ਆਗੂ ਹਨ। ਉਨ੍ਹਾਂ ਦੀ ਤੁਲਨਾ ਚੌਧਰੀ ਦੇਵੀ ਲਾਲ ਤੇ ਚਰਨ ਸਿੰਘ ਨਾਲ ਉਨ੍ਹਾਂ ਦੀ ਤੁਲਨਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਖੇਤੀਬਾੜੀ ਦੇ ਮਾਹਰ ਵਜੋਂ ਜਾਣਿਆ ਜਾਂਦਾ ਹੈ। ਹੁਣ ਜਦੋਂ ਉਹ ਖ਼ੁਦ ਬੋਲ ਕੇ ਕਹਿੰਦੇ ਹਨ ਕਿ ਇਹ ਬਹੁਤ ਵਧੀਆ ਬਿੱਲ ਹੈ, ਮੈਂ ਇਸ ਨੂੰ ਪੜ੍ਹ ਲਿਆ ਹੈ, ਇਸ ਨਾਲ ਲੋਕਾਂ ਦਾ ਬੜਾ ਭਲਾ ਹੋਵੇਗਾ। ਕੀ ਇਸ 'ਚ ਕੋਈ ਗੁਜਾਇਸ਼ ਰਹਿ ਜਾਂਦੀ ਹੈ ਕਿ ਸਾਨੂੰ ਕੁੱਝ ਦਸਿਆ ਨਹੀਂ ਗਿਆ। ਕੋਈ ਹੋਰ ਕਹੇ ਤਾਂ ਠੀਕ ਹੈ, ਪਰ ਜਿਹੜਾ ਵਾਰ ਵਾਰ ਕਹਿੰਦਾ ਰਿਹਾ ਕਿ ਇਹ ਠੀਕ ਹੈ, ਅਜਿਹੇ ਪੜ੍ਹੇ ਲਿਖੇ ਲੋਕ ਵੀ ਜੇਕਰ ਅੱਜ ਕਹਿੰਦੇ ਹਨ ਕਿ ਸਾਨੂੰ ਪੁਛਿਆ ਨਹੀਂ ਗਿਆ ਤਾਂ ਇਹ ਤਾਂ ਕੋਈ ਮੰਨੇਗਾ ਹੀ ਨਹੀਂ।


ਸਵਾਲ : ਐਮ.ਐਸ.ਪੀ. ਸਿਆਸਤਦਾਨਾਂ ਦੀ ਨੀਅਤ 'ਤੇ ਨਿਰਭਰ ਸੀ ਅਤੇ ਇਸ ਸਬੰਧੀ ਕੋਈ ਕਾਨੂੰਨ ਨਹੀਂ ਹੈ। ਅੱਗੇ ਜੇਕਰ ਸਿਆਸਤਦਾਨ ਦੀ ਨੀਅਤ ਬਦਲ ਜਾਂਦੀ ਹੈ ਤਾਂ ਕਿਸਾਨ ਕਿਸ ਕੋਲ ਜਾਵੇਗਾ?
ਜਵਾਬ : ਵੇਖੋ, ਜਦੋਂ ਤੋਂ ਹਰੀ ਕ੍ਰਾਂਤੀ ਦੀ ਲਹਿਰ ਚੱਲੀ ਹੈ, ਉਦੋਂ ਤੋਂ ਘੱਟੋ ਘੱਟ ਸਮਰਥਨ ਮੁੱਲ ਵੀ ਨਾਲੋਂ ਨਾਲ ਚਲਦਾ ਰਿਹਾ ਹੈ ਤੇ ਚੱਲ ਰਿਹਾ ਹੈ। ਅੱਜ ਇੰਨੇ ਸਾਲਾਂ ਬਾਅਦ ਵੀ ਇਹ ਚੱਲ ਰਿਹਾ ਹੈ। ਬਲਕਿ ਹੁਣ ਤਾਂ ਇਸ ਨੂੰ ਸਵਾਮੀਨਾਥਨ ਦੀ ਰਿਪੋਰਟ ਨਾਲ ਵੀ ਜੋੜ ਦਿਤਾ ਗਿਆ ਹੈ। ਕੋਈ ਵੀ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਖ਼ਤਮ ਕਰਨ ਦਾ ਕਦਮ ਨਹੀਂ ਚੁਕ ਸਕਦੀ। ਇਸ ਤੋਂ ਬਾਅਦ ਲੋਕਾਂ 'ਚ ਪੈਦਾ ਹੋਣ ਵਾਲਾ ਰੋਹ ਝਲਣਾ ਕੋਈ ਸੌਖਾ ਹੋਵੇਗਾ। ਘੱਟੋ ਘੱਟ ਸਮਰਥਨ ਮੁੱਲ ਜਾਰੀ ਹੈ ਅਤੇ ਜਾਰੀ ਰਹੇਗਾ, ਇਹ ਸਰਕਾਰਾਂ ਦੀ ਮਜਬੂਰੀ ਵੀ ਹੈ।


ਸਵਾਲ : ਕੀ ਐਫ਼.ਸੀ.ਆਈ. ਨੂੰ ਹੌਲੀ ਹੌਲੀ ਖ਼ਤਮ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ?
ਜਵਾਬ : ਕੋਈ ਨਹੀਂ ਕੀਤੀ ਜਾ ਰਹੀ। ਐਮ.ਐਸ.ਪੀ. ਜਾਰੀ ਰਹੇਗੀ, ਜੇਕਰ ਸਰਕਾਰੀ ਖ਼ਰੀਦ ਸਰਕਾਰ ਨਹੀਂ ਕਰੇਗੀ ਤਾਂ ਇਹ ਸਰਕਾਰ ਦੀ ਨਲਾਇਕੀ ਹੋਵੇਗੀ ਅਤੇ ਲੋਕਾਂ ਨੂੰ ਸਰਕਾਰ ਨੂੰ ਲਾਭੇ ਕਰਨ ਦਾ ਹੱਕ ਹੋਵੇਗਾ।


ਸਵਾਲ : ਪੰਜਾਬ ਦੇ ਮਨ 'ਚ ਇਕ ਸਵਾਲ ਹੈ, ਇਕ ਡਰ ਹੈ ਕਿ ਭਾਜਪਾ ਪੰਜਾਬ ਵਿਰੋਧੀ ਹੈ, ਭਾਜਪਾ ਨੇ ਜੰਮੂ ਕਸ਼ਮੀਰ 'ਚ ਪੰਜਾਬੀ ਨੂੰ ਲਾਂਭੇ ਕਰ ਦਿਤੈ, ਪੰਜਾਬ 'ਚ ਉਦਯੋਗ ਦੀ ਹਾਲਤ ਵੀ ਤੁਸੀਂ ਵੇਖੀ ਹੀ ਹੈ। ਪੰਜਾਬੀਆਂ ਨੂੰ ਖ਼ਦਸ਼ਾ ਹੈ ਕਿ ਭਾਜਪਾ ਵੀ ਇੰਦਰਾ ਗਾਂਧੀ ਦੀਆਂ ਪੰਜਾਬ ਨਾਲ ਵਿਤਕਰੇ ਵਾਲੀਆਂ ਨੀਤੀਆਂ ਨੂੰ ਦੂਜੇ ਤਰੀਕੇ ਨਾਲ ਲਾਗੂ ਕਰਨ ਜਾ ਰਹੀ ਹੈ?
ਜਵਾਬ : ਪਹਿਲਾਂ ਆਪਾਂ ਕਿਸਾਨਾਂ ਵਾਲੀ ਵਲ ਨੂੰ ਸਪੱਸ਼ਟ ਕਰ ਲਈਏ...।


ਸਵਾਲ : ਗੁੱਸਾ ਤਾਂ ਇਨ੍ਹਾਂ ਮਸਲਿਆਂ ਬਾਰੇ ਵੀ ਨਿਕਲ ਕੇ ਸਾਹਮਣੇ ਆ ਰਿਹੈ...?
ਜਵਾਬ : ਅੱਜ ਐਮ.ਐਸ.ਪੀ. ਅਤੇ ਮੰਡੀ ਖ਼ਤਮ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ। ਜਦਕਿ ਕੇਂਦਰ ਸਰਕਾਰ ਨੇ ਕਿਸਾਨ ਨੂੰ ਇਕ ਨਵਾਂ ਬਦਲ ਦਿਤਾ ਹੈ। ਕਿਸਾਨ ਨਾਲ ਕੋਈ ਧੱਕਾ ਨਹੀਂ ਕਰੇਗਾ, ਕਿਸਾਨ ਦੀ ਮਰਜ਼ੀ ਹੋਵੇਗੀ ਉਹ ਮੰਡੀ 'ਚ ਲੈ ਜਾਵੇਗਾ, ਮਰਜ਼ੀ ਹੋਵੇਗੀ ਉਹ ਬਾਹਰ ਵੇਚ ਲਵੇਗਾ। ਦੂਜਾ ਜਿਹੜਾ ਅੰਬਾਡੀਆਂ ਤੇ ਅਡਾਨੀਆਂ ਦੇ ਆਉਣ ਅਤੇ ਉਨ੍ਹਾਂ ਦੇ ਜ਼ਮੀਨਾਂ ਹੜੱਪਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਜੇਕਰ ਉਨ੍ਹਾਂ ਕੋਲ ਜਾਣ ਦਾ ਕਿਸੇ ਨੂੰ ਡਰ ਹੈ ਤਾਂ ਉਨ੍ਹਾਂ ਕੋਲ ਜਾਣਾ ਹੀ ਕਿਉਂ ਹੈ, ਇਹ ਤਾਂ ਸਰਕਾਰ ਨੇ ਤੁਹਾਨੂੰ ਬਦਲ ਦਿਤਾ ਹੈ।


ਸਵਾਲ : ਕਿਸਾਨ ਦੀ ਤਾਂ ਇਕ ਛੋਟੀ ਜਿਹੀ ਮੰਗ ਸੀ ਕਿ ਐਮ.ਐਸ.ਪੀ. ਸਬੰਧੀ ਕਾਨੂੰਨ ਬਣਾ ਦਿਤਾ ਜਾਵੇ ਕਿ ਐਮ.ਐਸ.ਪੀ. ਤੋਂ ਥੱਲੇ ਕੋਈ ਖ਼ਰੀਦ ਨਹੀਂ ਕਰ ਸਕੇਗਾ।
ਜਵਾਬ : ਇਹ ਗੱਲ ਕਾਨੂੰਨ 'ਚ ਹੈ ਹੀ ਨਹੀਂ, ਬਦਲਾਅ ਤਾਂ ਕੀਤਾ ਜਾ ਸਕਦੈ, ਜੇਕਰ ਇਹ ਪਹਿਲਾਂ ਕਿਸੇ ਕਾਨੂੰਨ 'ਚ ਹੁੰਦੀ।
ਸਵਾਲ : ਵੇਖੋ, ਕਿਸਾਨ ਸਾਡਾ ਅੰਨਦਾਤਾ ਹੈ, ਜੇਕਰ ਉਹ ਸਾਡੀ ਥਾਲੀ 'ਚ ਨਹੀਂ ਪਾਵੇਗਾ ਤਾਂ ਅਸੀਂ ਕਿੱਥੋਂ ਖਾਵਾਂਗੇ, ਇਸ ਲਈ ਕਿਸਾਨ ਦੀ ਗੱਲ ਸੁਣਨਾ ਵੀ ਜ਼ਰੂਰੀ ਹੈ?
ਜਵਾਬ : ਵੇਖੋ, ਕਿਸਾਨ ਨਾਲ ਸਰਕਾਰ ਦਾ ਵਾਅਦਾ ਹੈ, ਸਰਕਾਰ ਨੇ ਪਾਰਲੀਮੈਂਟ 'ਚ ਕਹਿ ਦਿਤੈ, ਪ੍ਰਧਾਨ ਮੰਤਰੀ ਨੇ ਵੀ ਕਹਿ ਦਿਤੈ ਕਿ ਐਮ.ਐਸ.ਪੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।


ਸਵਾਲ : ਤੁਹਾਡੇ ਨਾਲ ਹੋਣ ਦੌਰਾਨ ਅਕਾਲੀ ਦਲ ਨੇ ਪੰਜਾਬ ਅਤੇ ਪੰਜਾਬੀ ਦੀ ਗੱਲ ਨਹੀਂ ਚੁਕੀ। ਅੱਜ ਅਕਾਲੀ ਦਲ ਵਾਲੇ ਕਹਿੰਦੇ ਹਨ ਕਿ ਸਾਨੂੰ ਗਠਜੋੜ ਦੌਰਾਨ ਬਣਦਾ ਸਤਿਕਾਰ ਨਹੀਂ ਦਿਤਾ ਗਿਆ। ਕੀ ਇਹ ਗੱਲਾਂ ਅੰਦਰ ਬੈਠ ਕੇ ਨਹੀਂ ਸੀ ਹੁੰਦੀਆਂ?
ਜਵਾਬ : ਕਾਹਦਾ ਸਤਿਕਾਰ?
ਸਵਾਲ : ਅਕਾਲੀ ਦਲ ਜੋ ਕਿ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਹੈ, ਕੀ ਉਨ੍ਹਾਂ ਨੂੰ ਕਿਸਾਨਾਂ ਜਾਂ ਭਾਸ਼ਾ ਦੇ ਮੁੱਦੇ 'ਤੇ ਪੁਛਿਆ ਨਹੀਂ ਗਿਆ?
ਜਵਾਬ : ਵੇਖੋ, ਕੈਬਨਿਟ ਮੰਤਰੀ ਕੋਲ ਹਰ ਬਿੱਲ ਦਾ ਏਜੰਡਾ ਭੇਜਿਆ ਜਾਂਦਾ ਹੈ। ਇਹ ਇਨ੍ਹਾਂ ਨੂੰ ਭੇਜਿਆ ਜਾਂਦਾ ਰਿਹਾ ਹੈ ਅਤੇ ਐਕਟ ਬਣਨ ਸਮੇਂ ਇਹ ਬਕਾਇਦਾ ਸਹਿਮਤੀ ਵੀ ਦਿੰਦੇ ਰਹੇ ਹਨ। ਆਰਡੀਨੈਂਸ ਜਾਰੀ ਹੋਣ ਜਾਂ ਬਿੱਲ ਪਾਸ ਹੋਣ ਵੇਲੇ ਉਹ ਸਹਿਮਤੀ ਦਿੰਦੇ ਰਹੇ ਹਨ। ਇਸ ਸਬੰਧੀ ਉਹ ਵਾਰ ਵਾਰ ਟੀਵੀ 'ਤੇ ਵੀ ਕਹਿ ਚੁੱਕੇ ਹਨ। ਉਦੋਂ ਕਹਿੰਦੇ ਸੀ, ਇਹ ਬਹੁਤ ਵਧੀਆ ਬਿੱਲ ਹੈ, ਕਿਸਾਨਾਂ ਲਈ ਫ਼ਾਇੰਦੇਮੰਦ ਹੈ। ਸੁਖਬੀਰ ਬਾਦਲ ਜੋ ਅਮਰੀਕਾ ਦਾ ਪੜ੍ਹਿਆ ਹੋਇਆ ਹੈ, ਉਸ ਨੂੰ ਕਹਿ ਸਕਦੈ ਕਿ ਉਸ ਨੂੰ ਪਤਾ ਨਹੀਂ ਲੱਗਿਆ ਤੇ ਬਾਅਦ 'ਚ ਪਤਾ ਚਲਿਆ ਹੈ ਇਹ ਗ਼ਲਤ ਹੈ।


ਸਵਾਲ : ਤੁਹਾਡਾ ਪ੍ਰਕਾਸ਼ ਸਿੰਘ ਬਾਦਲ ਨਾਲ ਲੰਮੇ ਨਿੱਜੀ ਸਬੰਧ ਰਹੇ ਹਨ। ਕੀ ਤੁਹਾਡੀ ਅੱਜਕੱਲ੍ਹ ਉਨ੍ਹਾਂ ਨਾਲ ਕੋਈ ਸੰਪਰਕ ਹੁੰਦਾ ਹੈ ਕਿ ਉਹ ਅੱਜ ਇਸ ਕਾਨੂੰਨ ਦੇ ਨਾਲ ਖੜ੍ਹੇ ਹਨ ਜਾਂ ਵਿਰੁਧ ਹਨ?
ਜਵਾਬ : ਮੈਨੂੰ ਲੱਗਦੈ, ਉਨ੍ਹਾਂ ਨੇ ਕਾਨੂੰਨ ਦੀ ਕਦੇ ਵੀ ਵਿਰੋਧਤਾ ਨਹੀਂ ਕੀਤੀ। ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਕਿਸਾਨ ਇਸ ਤੋਂ ਖ਼ੁਸ਼ ਨਹੀਂ ਹੈ।
ਸਵਾਲ : ਪੰਜਾਬ ਦੇਸ਼ ਦੀ ਧੜਕਣ ਹੈ, ਜੇਕਰ ਹਾਲਾਤ ਵਿਗੜਦੇ ਹਨ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੋਵੇਗਾ?
ਜਵਾਬ : ਵੇਖੋ, ਜੋ ਵੀ ਹੋ ਰਿਹੈ, ਇਸ 'ਚ ਸਰਕਾਰ ਦੀ ਜ਼ਿੰਮੇਵਾਰੀ ਹੈ, ਯੂਨੀਅਨਾਂ ਦਾ ਵੀ ਫ਼ਰਜ਼ ਬਣਦੈ ਕਿ ਅਸੀਂ ਮਾਹੌਲ ਨੂੰ ਠੀਕ ਰੱਖੀਏ। ਇਸ ਸਮੱਸਿਆ ਦਾ ਹੱਲ ਕਢੀਏ, ਹੱਲ ਤਾਂ ਮੇਜ਼ 'ਤੇ ਹੀ ਬੈਠ ਕੇ ਹੋਣੈ, ਜਿੰਨੀ ਛੇਤੀ ਗੱਲਬਾਤ ਸ਼ੁਰੂ ਹੋਵੇਗੀ, ਉਨਾ ਹੀ ਚੰਗਾ ਹੈ।
ਸਵਾਲ : ਪਰ ਕਿਸਾਨ ਦਿੱਲੀ ਜਾਣ ਨੂੰ ਤਿਆਰ ਨਹੀਂ ਹਨ...?


ਜਵਾਬ : ਨਹੀਂ, ਅਜਿਹਾ ਨਹੀਂ ਹੈ, ਕਿਸਾਨਾਂ ਨੇ ਸਿਰਫ਼ ਇਹੀ ਕਿਹਾ ਹੈ ਕਿ ਉਹ ਖੇਤੀਬਾੜੀ ਦੇ ਸਕੱਤਰ ਨਾਲ ਗੱਲ ਨਹੀਂ ਕਰਨਗੇ। ਉਹ ਵੱਡੇ ਪੱਧਰ 'ਤੇ ਗੱਲ ਕਰਨੀ ਚਾਹੁੰਦੇ ਹਨ। ਕਿਸਾਨਾਂ ਨੇ ਗੱਲਬਾਤ ਤੋਂ ਮਨ੍ਹਾਂ ਨਹੀਂ ਕੀਤਾ। ਅਸੀਂ ਵੀ ਦਿੱਲੀ ਵਾਲਿਆਂ ਨੂੰ ਕਹਿੰਦੇ ਹਾਂ ਗੱਲ ਕਰਨ। ਮੇਰਾ ਖਿਆਲ ਹੈ, ਗੱਲਬਾਤ ਛੇਤੀ ਹੀ ਹੋ ਜਾਵੇਗੀ।
ਸਵਾਲ : ਕੀ ਭਾਜਪਾ ਖ਼ੁਦ ਨੂੰ ਪੰਜਾਬ 'ਚ ਤਾਕਤਵਰ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਨਾਲ ਲੈ ਕੇ ਆਵੇਗੀ?
ਜਵਾਬ : ਵੇਖੋ ਤਾਕਤਵਰ ਤਾਂ ਭਾਜਪਾ ਨੇ ਹੋਣਾ ਹੈ, ਇਹ ਦੁਨੀਆਂ ਦੀ ਸੱਭ ਤੋਂ ਵੱਡੀ ਪਾਰਟੀ ਹੈ। 10 ਕਰੋੜ ਇਸ ਦੇ ਮੈਂਬਰ ਹਨ, ਇਹ ਬੜੀ ਤਕੜੀ ਪਾਰਟੀ ਹੈ, ਜੇਕਰ ਨਵਜੋਤ ਸਿੰਘ ਸਿੱਧੂ ਆ ਜਾਂਦੇ ਹਨ ਤਾਂ ਹੋਰ ਗੱਲ ਹੈ, ਲੇਕਿਨ ਪਾਰਟੀ ਅਪਣੇ ਆਪ 'ਚ ਸਮਰਥ ਹੈ।  
ਸਵਾਲ : ਅਕਾਲੀ ਦਲ ਨਾਲ ਤੁਹਾਡੇ ਰਿਸ਼ਤੇ ਖ਼ਰਾਬ ਹੋ ਚੁੱਕੇ ਹਨ। ਜੇਕਰ ਆਉਂਦੇ ਦਿਨਾਂ ਦੌਰਾਨ ਖੇਤੀ ਬਿੱਲ ਨੂੰ ਲੈ ਕੇ ਵੀ ਸਭ ਕੁੱਝ ਠੀਕ ਠਾਕ ਹੋ ਜਾਂਦੈ, ਕੀ ਤੁਹਾਨੂੰ ਲੱਗਦੈ ਅਜੇ ਵੀ ਅਕਾਲੀ ਦਲ ਨਾਲ ਭਾਈਵਾਲੀ ਵਾਪਸ ਆ ਸਕਦੀ ਹੈ?


ਜਵਾਬ : ਵੇਖੋ, ਅੱਜ ਦੀ ਤਰੀਕ 'ਚ ਤਾਂ ਅਸੀਂ ਵਖਰੇ ਵਖਰੇ ਹਾਂ। 2022 'ਚ ਚੋਣਾਂ ਹੋਣੀਆਂ ਹਨ, ਉਸ ਵੇਲੇ ਪ੍ਰਸਥਿਤੀਆਂ ਕੀ ਬਣਦੀਆਂ ਹਨ, ਸੱਭ ਇਸ 'ਤੇ ਹੀ ਨਿਰਭਰ ਕਰੇਗਾ।
ਸਵਾਲ : ਸਿਆਸਤ 'ਚ ਹਰ ਚੀਜ਼ ਮੁਮਕਿਨ ਹੈ...?


ਜਵਾਬ : ਨਹੀਂ, ਨਹੀਂ, ਸਿਆਸਤ 'ਚ ਹਰ ਚੀਜ਼ ਮੁਮਕਿਨ ਹੈ। ਕੌਣ ਕਿਹਣੇ ਨਾਲ ਹੁੰਦੈ, ਅਕਾਲੀ ਦਲ ਕਿੰਨੇ ਟੁਕੜੇ ਹੋਣੇ ਹਨ, ਢੀਂਡਸਾ ਸਾਹਿਬ ਕਿਧਰ ਟੁਰੇ ਫਿਰਦੇ ਹਨ, ਸੁਖਬੀਰ ਬਾਦਲ ਵੱਖਰੇ ਹਨ, ਕੌਣ ਤਕੜਾ, ਕੌਣ ਕਮਜ਼ੋਰ ਹੈ, ਵਿਚ ਚੋਣਾਂ ਵੀ ਆ ਗਈਆਂ ਹਨ, ਉਹਦਾ ਵੀ ਚੱਕਰ ਚੱਲਦੈ, ਸੋ ਇਹ ਸਮੇਂ 'ਤੇ ਨਿਰਭਰ ਹੈ, ਅਜੇ ਕੁੱਝ ਨਹੀਂ ਕਹਿ ਸਕਦੇ, ਅਸੀਂ ਜੋਤਸ਼ੀ ਤਾਂ ਹੈ ਨਹੀਂ ਕਿ ਪਹਿਲਾਂ ਹੀ ਪਤਾ ਲਗਾ ਲਈਏ। ਹਲਾਤ ਕੀ ਬਣਦੇ ਨੇ, ਕਿਹਦੇ ਨਾਲ ਸਾਡੀ ਸਾਂਝ ਬਣਦੀ ਹੈ, ਉਹਦੇ ਨਾਲ ਗੱਲਬਾਤ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement