
ਮੁੱਖ ਮੰਤਰੀ ਸਾਹਿਬ ਨੇ ਵੀ ਚਾਰਜ ਸੰਭਾਲਦਿਆਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਗੱਲ ਕਰਦਿਆਂ ਕੁੱਝ ਦਿਨ ਮੰਗੇ ਸਨ ਅਤੇ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਸੀ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਦੀ ਬੀ.ਐਡ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਦੀ ਕਾਲ ਰਿਕਾਰਡਿੰਗ ਦੀ ਆਡੀਉ ਸੋਸ਼ਲ ਮੀਡੀਆ ’ਚ ਵਾਇਰਲ ਹੋਈ ਹੈ। ਇਸ ’ਚ ਮੁੱਖ ਮੰਤਰੀ ਦੀ ਪਤਨੀ ਕਮਲਜੀਤ ਕੌਰ ਵਲੋਂ ਅਧਿਆਪਕਾਂ ਨੂੰ ਬੜੀ ਹੀ ਭਾਵੁਕ ਅਪੀਲ ਤੇ ਬੇਨਤੀ ਕੀਤੀ ਗਈ ਹੈ ਕਿ ਕੁੱਝ ਦਿਨ ਤਾਂ ਸਬਰ ਕਰੋ, ਸੱਭ ਦੇ ਮਸਲੇ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਚਾਰਜ ਸੰਭਾਲਦਿਆਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਗੱਲ ਕਰਦਿਆਂ ਕੁੱਝ ਦਿਨ ਮੰਗੇ ਸਨ ਅਤੇ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਸੀ।
CM Charanjit Singh Channi
ਅਧਿਆਪਕਾਂ ਨੇ ਗੱਲਬਾਤ ਦੌਰਾਨ ਮੁੱਖ ਮੰਤਰੀ ਦੀ ਪਤਨੀ ਨੂੰ ਕਿਹਾ ਕਿ ਸਾਥੋਂ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ ਪਰ ਬਾਕੀ ਵਿਸ਼ਿਆਂ ਦੀਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ ਪਰ ਬੀ.ਐਡ ਦੀਆਂ ਨਹੀਂ। ਅੱਗੋਂ ਬੜੇ ਹੀ ਭਾਵੁਕ ਲਹਿਜ਼ੇ ’ਚ ਜਵਾਬ ਦਿੰਦਿਆਂ ਚੰਨੀ ਦੀ ਪਤਨੀ ਨੇ ਕਿਹਾ ਕਿ ਸਾਡੇ ਘਰ ਤਾਂ ਪਹਿਲਾਂ ਹੀ ਵਿਆਹ ਹੈ ਇਸ ਦੇ ਬਾਵਜੂਦ ਚੰਨੀ ਸਰਕਾਰੀ ਕੰਮਾਂ ਕਾਰਨ ਘਰ ਤੱਕ ਨਹੀਂ ਆ ਰਹੇ ਤੇ ਸਾਨੂੰ ਹੀ ਪਤਾ ਹੈ ਕਿ ਸਾਡੇ ਪਰਵਾਰ ਦੀ ਕੀ ਹਾਲਤ ਹੈ। ਹਾਲੇ ਪੂਰੇ ਕਾਰਡ ਵੀ ਨਹੀਂ ਵੰਡੇ ਜਾ ਸਕੇ।
Charanjit Singh Channi
ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਕਦੇ ਦਿੱਲੀ ਜਾਂਦੇ ਹਨ ਤੇ ਕਦੇ ਚੰਡੀਗੜ੍ਹ। ਉਨ੍ਹਾਂ ਕਿਹਾ ਕਿ ਘੱਟੋ-ਘੱਟ 15 ਅਕਤੂਬਰ ਤਕ ਤਾਂ ਸਬਰ ਕਰੋ ਅਤੇ ਉਸ ਤੋਂ ਬਾਅਦ ਸੱਭ ਦੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡਾ ਵੀ ਸਾਰਾ ਪਰਵਾਰ ਮੁਲਾਜ਼ਮਾਂ ਦਾ ਹੈ ਤੇ ਮੈਂ ਖ਼ੁਦ ਵੀ ਮੁਲਾਜ਼ਮ ਹਾਂ। ਮੁੱਖ ਮੰਤਰੀ ਸਾਹਿਬ ਤਾਂ ਘਰ ਅੱਗੇ ਧਰਨੇ ਦੇਣ ਆਇਆਂ ਨੂੰ ਵੀ ਚਾਹ-ਪਾਣੀ ਪਿਆਉਣ ਲਈ ਸਾਨੂੰ ਕਹਿ ਦਿੰਦੇ ਹਨ ਪਰ ਹਾਲੇ ਕੁੱਝ ਦਿਨ ਉਨ੍ਹਾਂ ਨੂੰ ਘਰ ਦੇ ਰੁਝੇਵੇਂ ਤੇ ਹੋਰ ਕੰਮਾਂ ’ਚੋਂ ਸੰਭਲ ਜਾਣ ਦਿਉ। ਆਖਰ ਅਧਿਆਪਕ 15 ਅਕਤੂਬਰ ਤਕ ਸਮਾਂ ਦੇਣ ਲਈ ਮੰਨ ਗਏ।