
ਰੋਜ਼ਾਨਾ ਸਪੋਕਸਮੈਨ ਵਿਰੁਧ ਅਣਚਾਹੀ ਲੜਾਈ ਛੇੜਨ ਮਗਰੋਂ ਤੇ ਸੁਖਬੀਰ ਦੇ ਪ੍ਰਧਾਨ ਬਣਨ ਤੋਂ ਬਾਅਦ ਦਲ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ
ਚੰਡੀਗੜ੍ਹ : ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸਪੋਕਸਮੈਨ ਵਿਰੁਧ 2004 ਤੋਂ ਵਿੱਢੀ ਅਣਚਾਹੀ ਤੇ ਬੇਲੋੜੀ ਲੜਾਈ ਛੇੜਨ ਮਗਰੋਂ ਤੇ ਸ਼੍ਰੋਮਣੀ ਅਕਾਲ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੂੰ ਸੌਂਪਣ ਤੋਂ ਬਾਅਦ ਪੰਥਕ ਵੋਟ ਨੂੰ ਵੱਡਾ ਖੋਰਾ ਲੱਗਾ ਹੈ। ਅਕਾਲੀ ਦਲ ਵਿਚ ਜਿਸ ਤੇਜ਼ੀ ਨਾਲ ਘਮਸਾਨ ਵਧਿਆ ਹੈ, ਉਸ ਨਾਲ ਪੰਥਕ ਵੋਟ ਨੂੰ ਹੋਰ ਖੋਰਾ ਲੱਗਣ ਦੇ ਆਸਾਰ ਹੋਰ ਵੀ ਵੱਧ ਰਹੇ ਹਨ। ਸੁਖਬੀਰ ਲਈ ਇਸ ਵੇਲੇ ਸੱਭ ਤੋਂ ਵੱਡੀ ਚੁਣੌਤੀ ਕੇਡਰ ਅਤੇ ਵੋਟ ਬੈਂਕ ਨੂੰ ਬਚਾ ਕੇ ਰੱਖਣਾ ਹੈ। ਸੁਖਬੀਰ ਦੀ ਥਾਂ ਬਾਦਲ ਆਪ ਵੀ ਪ੍ਰਧਾਨ ਰਹਿੰਦੇ ਤਾਂ ਵੀ ਸਪੋਕਸਮੈਨ ਨਾਲ ਛੇੜੀ ਫ਼ਜ਼ੂਲ ਦੀ ਲੜਾਈ ਦਾ ਅੰਤ ਇਹੀ ਹੋਣਾ ਸੀ।
ਸ਼੍ਰੋਮਣੀ ਅਕਾਲੀ ਦਲ ਨੂੰ ਅਪਣੀ ਸਾਖ ਬਣਾਈ ਰੱਖਣ ਲਈ ਵੋਟ ਬੈਂਕ ਵਿਚ 25 ਫ਼ੀ ਸਦੀ ਦਾ ਵਾਧਾ ਕਰਨਾ ਪਵੇਗਾ, ਤਾਂ ਜਾ ਕੇ ਕਿਧਰੇ ਪਿਛਲਾ ਘਾਟਾ ਪੂਰਾ ਹੋਵੇਗਾ। 2017 ਵਿਚ ਦਲ ਦਾ ਵੋਟ ਬੈਂਕ ਘਟਾ ਕੇ 25.2 ਫ਼ੀ ਸਦੀ 'ਤੇ ਆ ਡਿਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਪੰਥ ਨਾਲ ਜੁੜੇ ਲੋਕ ਰਹੇ ਹਨ। ਮਿਲੇ ਅੰਕੜੇ ਦਸਦੇ ਹਨ ਕਿ ਵਿਧਾਨ ਸਭਾ ਦੀਆਂ 2007 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 37.9 ਫ਼ੀ ਸਦੀ ਵੋਟ ਮਿਲੇ ਸਨ ਤੇ ਇਸ ਦੇ ਬਾਵਜੂਦ ਬਾਦਲ ਦੀ ਸਰਕਾਰ ਬਣ ਗਈ ਸੀ। ਇਸ ਵੇਲੇ ਪੰਥ ਵਿਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਭਾਰੀ ਰੋਸ ਹੈ।
ਇਸ ਤੋਂ ਬਿਨਾਂ ਦਲ ਦੇ ਟਕਸਾਲੀ ਆਗੂਆਂ ਸਮੇਤ ਕਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਗ਼ਾਵਤ ਕਰ ਗਏ ਹਨ ਤੇ ਇਹ ਰੋਸ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਪੰਥਕ ਅਖ਼ਬਾਰ ਨਾਲ ਧੱਕਾ ਕਰਨ ਵਿਰੁਧ ਸਪੋਕਸਮੈਨ ਨਾਲ ਖੜੇ ਹੋਏ ਸਾਰੇ ਲੋਕ ਮੌਜੂਦਾ ਲਹਿਰ ਦੀ ਰੀੜ੍ਹ ਦੀ ਹੱਡੀ ਬਣ ਗਏ ਹਨ। ਪਿਛਲੀਆਂ ਅਸੈਂਬਲੀ ਚੋਣਾਂ ਵਿਚ ਇਹ ਵੋਟਰ ਕਾਂਗਰਸ ਅਤੇ 'ਆਪ' ਪਾਰਟੀ ਦੁਹਾਂ ਵਿਚ ਵੰਡੇ ਗਏ ਸਨ ਤੇ ਬਾਦਲ ਅਕਾਲੀ ਦਲ ਤੋਂ ਬਹੁਤ ਦੂਰ ਚਲੇ ਗਏ ਸਨ।
Rozana spokesmanਇਨ੍ਹਾਂ ਨਾਜ਼ੁਕ ਹਾਲਾਤ ਵਿਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਪਿਛਲਾ ਵੋਟ ਬੈਂਕ ਉਪਰ ਲਿਜਾਉਣ ਦੀ ਥਾਂ ਹੋਰ ਹੇਠਾਂ ਡਿਗਦਾ ਨਜ਼ਰ ਆ ਰਿਹਾ ਹੈ ਅਤੇ ਸੁਖਬੀਰ ਲਈ ਮੌਜੂਦਾ ਪੰਥਕ ਵੋਟ ਨੂੰ ਬਚਾਉਣਾ ਇਕ ਚੁਣੌਤੀ ਬਣ ਗਿਆ ਹੈ। ਪਿਛਲੀਆਂ ਚੋਣਾਂ ਵਿਚ ਸੌਦਾ ਸਾਧ ਦੇ ਪ੍ਰੇਮੀਆਂ ਨੂੰ ਖੁਲੇਆਮ ਅਕਾਲੀ ਦਲ ਨੂੰ ਵੋਟ ਦਿਤੀ ਸੀ। ਇਸ ਵਾਰ ਸਿਰਸਾ ਵੋਟਰਾਂ ਨੂੰ ਬੰਨ੍ਹ ਕੇ ਰੱਖਣ ਵਾਲਾ ਸੌਦਾ ਸਾਧ ਜੇਲ੍ਹ ਦੀਆਂ ਸਲਾਖ਼ਾਂ ਪਿਛੇ ਬੰਦ ਹੈ। ਇਹ ਵੀ ਦਸਣਾ ਲਾਜ਼ਮੀ ਹੋਵੇਗਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਸੌਦਾ ਸਾਧ ਨੇ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦਾ ਐਲਾਨ ਕਰ ਦਿਤਾ ਸੀ।
ਜਦੋਂ ਨਤੀਜੇ ਆਏ ਤਾਂ ਇਸ ਦੇ ਉਲਟ ਮਾਲਵਾ ਪੱਟੀ ਵਿਚ ਅਕਾਲੀ ਦਲ ਨੂੰ 69 ਵਿਚ ਸਿਰਫ਼ ਅੱਠ ਸੀਟਾਂ ਮਿਲੀਆਂ ਤੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਹੱਥ ਕੇਵਲ ਇਕ ਸੀਟ ਹੀ ਲੱਗੀ ਸੀ। ਦੂਜੇ ਬੰਨੇ ਕਾਂਗਰਸ ਪਾਰਟੀ ਨੂੰ ਸੱਭ ਤੋਂ ਵੱਧ 40 ਅਤੇ ਨਵੀਂ ਉੱਭਰੀ ਸਿਆਸੀ ਧਿਰ ਆਮ ਆਦਮੀ ਪਾਰਟੀ ਨੂੰ 18 ਸੀਟਾਂ ਮਿਲ ਗਈਆਂ ਸਨ। ਅਪਣੇ ਜਨਮ ਦੇ ਪਹਿਲੇ ਸਾਲ ਹੀ ਲੋਕ ਇਨਸਾਫ਼ ਪਾਰਟੀ ਦੋ ਸੀਟਾਂ ਲੈਣ 'ਚ ਸਫ਼ਲ ਹੋ ਗਈ ਸੀ।
Parkash Singh Badal
ਸ਼੍ਰੋਮਣੀ ਅਕਾਲੀ ਦਲ ਦੇ ਸੂਤਰ ਦਾਅਵਾ ਕਰਦੇ ਹਨ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਬਾਗ਼ੀ ਅਕਾਲੀ ਆਗੂਆਂ ਅਤੇ ਪੰਥਕ ਸੁਰ ਵਾਲੇ ਸਿਦਕਵਾਨ ਸਿੱਖਾਂ ਨੂੰ ਅਹਿਮੀਅਤ ਨਾ ਦੇ ਕੇ ਉਨ੍ਹਾਂ ਨੂੰ ਸਿਆਸੀ ਤਸਵੀਰ ਵਿਚੋਂ ਬਾਹਰ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ ਜਦਕਿ ਜੀਜਾ ਸਾਲਾ ਨੂੰ ਇਹ 'ਚਾਲ' ਮਹਿੰਗੀ ਪਵੇਗੀ।