
ਸਪੋਰਟਸ ਕੋਟੇ 'ਚ ਭਰਤੀ ਹੋਏ ਨੌਜਵਾਨਾਂ ਦੇ ਸੁਪਨੇ ਹੋ ਰਹੇ ਹਨ ਮਲੀਆਮੇਟ
ਕੌਮੀ ਜਾਂ ਕੌਮਾਂਤਰੀ ਪੱਧਰ ਦੇ ਖਿਡਾਰੀ ਚੌਕਾਂ 'ਚ ਦੇ ਰਹੇ ਸਨ ਡਿਊਟੀ
ਸੰਗਰੂਰ, 8 ਨਵੰਬਰ (ਬਲਵਿੰਦਰ ਸਿੰਘ ਭੁੱਲਰ): ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚਕਾਰ ਲੜੀਆਂ ਜਾਣ ਵਾਲੀਆਂ ਜੰਗਾਂ ਹੁਣ ਤੋਪਾਂ, ਟੈਂਕਾਂ ਜਾਂ ਐਟਮੀ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ ਬਲਕਿ ਆਪੋ-ਅਪਣੇ ਖਿਡਾਰੀਆਂ ਦੇ ਸਰੀਰਕ ਬਲ, ਡੌਲਿਆਂ ਅਤੇ ਤਾਕਤ ਸਹਾਰੇ ਲੜੀਆਂ ਜਾਂਦੀਆਂ ਹਨ।
ਖਿਡਾਰੀਆਂ ਦੀ ਤਾਕਤ ਦੇ ਜ਼ੋਰ ਨਾਲ ਆਲਮੀ ਜੰਗਾਂ ਜਿੱਤਣ ਵਾਲੇ ਦੇਸ਼ਾਂ ਵਿਚ ਹੁਣ ਅਮਰੀਕਾ, ਆਸਟ੍ਰੇਲੀਆ, ਚੀਨ, ਇੰਗਲੈਂਡ, ਜਰਮਨੀ, ਜਪਾਨ, ਫ਼ਰਾਂਸ ਅਤੇ ਨਿਊਜ਼ੀਲੈਂਡ ਵਰਗੇ ਸਾਰੇ ਵੱਡੇ ਛੋਟੇ ਦੇਸ਼ ਇਸ ਵਕਤ ਸਮੁੱਚੀ ਦੁਨੀਆਂ ਵਿਚੋਂ ਮੋਹਰੀ ਦੇਸ਼ ਮੰਨੇ ਜਾਂਦੇ ਹਨ ਕਿਉਂਕਿ ਖੇਡਾਂ ਰੂਪੀ ਜੰਗਾਂ ਵਿਚ ਇਹ ਵਿਰੋਧੀਆਂ ਨੂੰ ਮੈਦਾਨ ਵਿਚ ਟਿਕਣ ਦਾ ਮੌਕਾ ਹੀ ਨਹੀਂ ਦਿੰਦੇ।
ਸਾਡੇ ਦੇਸ਼ ਭਾਰਤ ਵਿਚ ਵੀ ਖਿਡਾਰੀਆਂ ਦੀ ਕੋਈ ਕਮੀ ਨਹੀਂ; ਵਿਸ਼ੇਸ਼ ਕਰ ਕੇ ਪੰਜਾਬ ਤਾਂ ਸ਼ੁਰੂ ਤੋਂ ਹੀ ਖੇਡਾਂ ਅਤੇ ਖਿਡਾਰੀਆਂ ਦੀ ਧਰਤੀ ਹੈ ਜਿਥੇ ਸਾਰਾ ਸਾਲ ਖੇਡ ਮੇਲੇ ਚਲਦੇ ਹੀ ਰਹਿੰਦੇ ਹਨ ਪਰ ਸਿਸਟਮ ਵਿਚ ਜ਼ਰੂਰ ਕਿਤੇ ਨਾ ਕਿਤੇ, ਕੋਈ ਨਾ ਕੋਈ ਕਮੀ ਹੈ ਜਿਸ ਕਰ ਕੇ ਪੰਜਾਬ ਦੇ ਖਿਡਾਰੀਆਂ ਦੇ ਚਿਹਰਿਆਂ 'ਤੇ ਹਮੇਸ਼ਾ ਬੇਰੌਣਕੀ ਪਸਰੀ ਰਹਿੰਦੀ ਹੈ। ਜੇਕਰ ਪੰਜਾਬ ਪੁਲਿਸ ਵਿਚ ਖਿਡਾਰੀ ਕੋਟੇ ਵਿਚੋਂ ਭਰਤੀ ਹੋਏ ਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਇਸ ਗੱਲੋਂ ਤਾਂ ਜ਼ਰੂਰ ਸੰਤੁਸ਼ਟ ਹਨ ਕਿ ਉਨ੍ਹਾਂ ਨੂੰ ਅਪਣੀ ਅਤੇ ਅਪਣੇ ਪਰਵਾਰ ਦੇ ਪਾਲਣ ਪੋਸ਼ਣ ਕਰਨ ਲਈ ਲੋੜੀਂਦੀ ਤਨਖ਼ਾਹ ਹਰ ਮਹੀਨੇ ਮਿਲ ਜਾਂਦੀ ਹੈ ਪਰ ਨਾਲੋਂ-ਨਾਲ ਇਸ ਗੱਲੋਂ ਪ੍ਰੇਸ਼ਾਨ ਵੀ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਡਿਪਾਰਟਮੈਂਟ ਖੇਡਾਂ ਦੀ ਪ੍ਰੈਕਟਿਸ ਲਈ ਯੋਗ ਸਮਾਂ ਅਤੇ ਸਹੂਲਤਾਂ ਨਹੀਂ ਦੇ ਰਿਹਾ।
ਪੰਜਾਬ ਪੁਲਿਸ ਵਿਚ ਇਸ ਸਮੇਂ ਦਸ ਵੀਹ ਜਾਂ ਪੰਜਾਹ ਖਿਡਾਰੀ ਨਹੀਂ ਬਲਕਿ ਨੈਸ਼ਨਲ ਜਾਂ ਇੰਟਰਨੈਸ਼ਨਲ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਕਈ ਸੈਂਕੜੇ ਖਿਡਾਰੀ ਮੌਜੂਦ ਹਨ ਜਿਨ੍ਹਾਂ ਨੇ ਡੌਲਿਆਂ ਦੇ ਜ਼ੋਰ 'ਤੇ ਖੇਡਾਂ ਦੀਆਂ ਵਖੋ ਵਖਰੀਆਂ ਵੰਨਗੀਆਂ ਵਿਚ ਹਜ਼ਾਰਾਂ ਸੋਨੇ ਦੇ, ਚਾਂਦੀ ਦੇ ਅਤੇ ਕਾਂਸੀ ਦੇ ਤਮਗ਼ੇ ਜਿੱਤ ਕੇ ਅਪਣੇ ਮਹਿਕਮੇ ਦੀ ਝੋਲੀ ਪਾਏ ਹਨ। ਪੰਜਾਬ ਪੁਲਿਸ ਦੀ ਇਸ ਨੀਤੀ ਦੀ ਤਾਰੀਫ਼ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਪੁਲਿਸ ਵਿਚ ਭਰਤੀ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਦਿੰਦੀ ਹੈ ਪਰ ਇਹ ਗੱਲ ਬਹੁਤ ਅਜੀਬ ਅਤੇ ਦੁਖੀ ਕਰਨ ਵਾਲੀ ਹੈ ਕਿ ਪੁਲਿਸ ਵਿਚ ਭਰਤੀ ਕਰਨ ਤੋਂ ਬਾਅਦ ਉਨ੍ਹਾਂ ਦੇ ਸੁਪਨਿਆਂ ਨੂੰ ਮਲੀਆਮੇਟ ਕਿਉਂ ਕਰ ਦਿਤਾ ਜਾਂਦਾ ਹੈ ਅਜਿਹੀ ਮਿਸਾਲ ਸੰਗਰੂਰ ਪੁਲਿਸ ਵਿਚ ਸਪੋਰਟਸ ਕੋਟੇ ਵਿਚ ਭਰਤੀ ਹੋਏ ਦੋ ਡਿਊਟੀ ਦੇ ਰਹੇ ਨੌਜਵਾਨਾਂ ਦੀ ਉਦਾਸੀ ਤੋਂ ਮਿਲੀ ਜਦੋਂ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਮੈਂ ਵਰਡ ਪੁਲਿਸ ਗੇਮਜ ਵਿਚ ਅਮਰੀਕਾ ਵਿਖੇ ਖੇਡ ਕੇ ਆਇਆ ਹਾਂ ਅਤੇ ਦੇਸ਼ ਵਿਦੇਸ਼ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਦਰਜਨਾਂ ਮੈਡਲ ਜਿੱਤੇ ਹਨ ਜਦਕਿ ਦੂਸਰੇ ਨੇ ਵੀ ਲਗਭਗ 6 ਮੈਡਲ ਵੱਖ-ਵੱਖ ਥਾਵਾਂ ਤੋਂ ਜਿੱਤ ਕੇ ਮਹਿਕਮੇ ਦੀ ਝੋਲੀ ਵਿਚ ਪਾਏ ਪਰ ਡਿਊਟੀ ਦੌਰਾਨ ਸਾਨੂੰ ਦੇਸ਼ ਅਤੇ ਅਪਣੇ ਮਹਿਕਮੇ ਦੇ ਨਾਮ ਨੂੰ ਦੁਨੀਆਂ ਭਰ ਵਿਚ ਚਮਕਾਉਣ ਦਾ ਮੌਕਾ ਨਹੀਂ ਮਿਲਿਆ, ਹੱਥ ਵਿਚ ਡੰਡੇ ਫੜ ਕੇ ਜਦੋਂ ਡਿਊਟੀ ਦਿੰਦੇ ਹਾਂ ਉਸ ਵਕਤ ਸਾਨੂੰ ਹੀ ਪਤਾ ਹੈ ਕਿ ਸਾਡੇ ਮਨ 'ਤੇ ਕੀ ਬੀਤਦੀ ਹੈ। ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਜਦੋਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਪੁਲਿਸ ਦੀ ਵਰਦੀ ਪਾ ਕੇ ਚੌਕ ਵਿਚ ਡਾਂਗ ਸਮੇਤ ਡਿਊਟੀ ਦੇ ਰਿਹਾ ਹੁੰਦਾ ਹੈ ਤਾਂ ਉਸ ਦੇ ਮਨ ਤੇ ਉਸ ਸਮੇਂ ਕੀ ਬੀਤਦੀ ਹੋਵੇਗੀ।
ਪੁਲਿਸ ਵਿਭਾਗ ਪੰਜਾਬ ਦਾ ਇਹ ਵਡੇਰਾ ਫ਼ਰਜ਼ ਬਣਦਾ ਹੈ ਕਿ ਅਪਣੇ ਮਹਿਕਮੇ ਦੀ ਯੋਗ ਖਿਡਾਰੀਆਂ ਨੂੰ ਰਾਸ਼ਟਰੀ, ਅੰਤਰਰਾਸ਼ਟਰੀ, ਵਰਲਡ ਪੁਲਿਸ ਗੇਮਜ਼ ਜਾਂ ਉਲੰਪਿਕ ਗੇਮਾਂ ਵਿਚ ਕੁਆਲੀਫ਼ਾਈ ਕਰਵਾਉਣ ਲਈ ਉੱਚ ਪਧਰੀ ਟਰੇਨਿੰਗ ਦਿਤੀ ਜਾਵੇ ਅਤੇ ਉੱਚ ਪਧਰੀ ਖੇਡ ਕੋਚਾਂ ਦੀ ਨਿਗਰਾਨੀ ਅਧੀਨ ਉਨ੍ਹਾਂ ਦੀ ਇਸ ਢੰਗ ਨਾਲ ਤਿਆਰੀ ਕਰਵਾਈ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਨਾਂਅ ਸੰਸਾਰ ਵਿਚ ਉੱਚਾ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਖਿਡਾਰੀਆਂ ਦੇ ਸੁਪਨਿਆਂ ਨੂੰ ਪਰ ਲੱਗ ਜਾਣਗੇ ਅਤੇ ਉਹ ਮਾਨਸਿਕ ਤਸੱਲੀ ਨਾਲ ਖੇਡਾਂ ਦੀ ਤਿਆਰੀ ਕਰ ਕੇ ਅਤੇ ਤਮਗ਼ੇ ਫ਼ੁੰਡ ਕੇ ਯਕੀਨਨ ਦੇਸ਼ ਦਾ ਵੱਕਾਰ ਵਧਾਉਣਗੇ।