
ਗੁਰਦਵਾਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਗੁਰਤਾਗੱਦੀ ਦਿਵਸ ਸ਼ਰਧਾ ਨਾਲ ਮਨਾਇਆ
ਮੈਰੀਲੈਂਡ, 8 ਨਵੰਬਰ (ਗਿੱਲ) : ਗੁਰਦਵਾਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਗੁਰਤਾਗੱਦੀ ਦਿਵਸ ਮਨਾਇਆ। ਜਿਥੇ ਕਥਾ ਨਾਲ ਭਾਈ ਸੁਰਜੀਤ ਸਿੰਘ ਨੇ ਸੰਗਤ ਨੂੰ ਨਿਹਾਲ ਕੀਤਾ। ਉੱਥੇ ਭਾਈ ਸ਼ਵਿੰਦਰ ਸਿੰਘ ਦੇ ਜਥੇ ਨੇ ਰਾਗਾਂ ਦੇ ਅਧਾਰ ਤੇ ਕੀਰਤਨ ਅਤੇ ਵਿਚਾਰਾਂ ਨਾਲ ਸੰਗਤਾਂ ਨੂੰ ਗੁਰਤਾਗੱਦੀ ਦੀ ਅਹਿਮੀਅਤ ਅਤੇ ਇਸ ਤੇ ਚੱਲਣ ਦਾ ਮਾਰਗ ਦਰਸ਼ਨ ਕਰਵਾਇਆ।
ਖ਼ਾਲਸਾ ਗੁਰਮਤਿ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਕੀਰਤਨ ਕਰ ਕੇ ਅਪਣੀ ਮੁਹਾਰਤ ਦੀ ਹਾਜ਼ਰੀ ਲਗਵਾਈ। ਸੰਗਤਾਂ ਦਾ ਤਾਂਤਾ ਸਵੇਰ ਤੋਂ ਲੱਗਿਆ ਹੋਇਆ ਸੀ। ਪ੍ਰਬੰਧਕਾਂ ਵਲੋਂ ਗੁੰਬਦਾਂ ਦੇ ਖ਼ਰਚਿਆਂ ਦਾ ਵੇਰਵਾ ਦਸਿਆ ਗਿਆ ਅਤੇ ਪਰਮਜੀਤ ਸਿੰਘ, ਕਮਲਦੀਪ ਸਿੰਘ ਤੇ ਅਜੀਤ ਸਿੰਘ ਦਾ ਸਨਮਾਨ ਕੀਤਾ। ਜਿਨ੍ਹਾਂ ਨੇ ਅਪਣੇ ਆਪ ਨੂੰ ਜ਼ੋਖਮ ਵਿਚ ਪਾ ਕੇ ਇਸ ਗੁਰੂਘਰ ਦੇ ਗੁੰਬਦਾਂ ਦੀ ਸੇਵਾ ਨਿਭਾਈ। ਗੁਰੂਘਰ ਦੇ ਉੱਪ ਸਕੱਤਰ ਅਜੈਪਾਲ ਸਿੰਘ ਨੇ ਸਾਰੀ ਜਾਣਕਾਰੀ ਦੀ ਸਾਂਝ ਸੰਗਤਾਂ ਨਾਲ ਪਾਈ। ਜਿੱਥੇ ਪਰਮਜੀਤ ਸਿੰਘ ਦੇ ਪਰਿਵਾਰ ਵਲੋਂ ਲੰਗਰਾਂ ਤੇ ਮਠਿਆਈ ਦੀ ਸੇਵਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਪੂਰਾ ਦਿਨ ਖ਼ੂਬ ਸੇਵਾ ਵੀ ਕੀਤੀ ਗਈ। ਡਾ. ਅਜੈਪਾਲ ਨੇ ਕਿਹਾ ਕਿ ਗੁਰੂ ਤੇ ਭਰੋਸਾ ਕਰਨ ਵਾਲੇ ਹੀ ਸੇਵਾ ਕਰ ਸਕਦੇ ਹਨ ਸੋ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਸਕੱਤਰ ਡਾ. ਸੁਰਿੰਦਰ ਸਿੰਘ ਗਿੱਲ ਤੇ ਪ੍ਰਧਾਨ ਮਨਿੰਦਰ ਸਿੰਘ ਖਾਲਸਾ ਨੇ ਪਰਮਜੀਤ ਸਿੰਘ, ਅਜੀਤ ਸਿੰਘ ਤੇ ਕਮਲਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਹੈੱਡ ਗ੍ਰੰਥੀ ਵਲੋਂ ਸਿਰੋਪਾਉ ਨਾਲ ਸਨਮਾਨਤ ਕੀਤਾ ਗਿਆ।