
ਐਕਸੀਅਨ ਪੱਧਰ ਦੇ ਅਧਿਕਾਰੀ ਕਰਨਗੇ ਵਾਹਨਾਂ ਦੀ ਨਿਗਰਾਨੀ
ਲੁਧਿਆਣਾ: ਪੰਜਾਬ ਸਰਕਾਰ ਨੇ ਦੁੱਗਣੇ ਤੋਂ ਵੀ ਜ਼ਿਆਦਾ ਭਾਅ ’ਤੇ ਵਿਕ ਰਹੇ ਰੇਤੇ ਦੀਆਂ ਕੀਮਤਾਂ ਘਟਾਉਣ ਲਈ ਠੇਕੇਦਾਰਾਂ ’ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੱਲੋਂ ਟਰਾਂਸਪੋਰਟ ਅਤੇ ਖਣਨ ਵਿਭਾਗ ਨਾਲ ਮੀਟਿੰਗ ਕਰ ਕੇ ਰੇਤੇ ਵਾਲੇ ਵਾਹਨਾਂ ਉਤੇ ਸਖਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਰੇਤਾ ਲਿਜਾਉਣ ਵਾਲੇ ਵਾਹਨਾਂ (ਟਿੱਪਰ/ਟਰੱਕ/ਟਰੇਲਰ ਆਦਿ) ਦੀ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵਾਹਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਰੇਤੇ ਦੀ ਕੀਮਤ 9 ਰੁਪਏ ਕਿਊਬਿਕ ਫੁੱਟ ਤੈਅ ਕੀਤੀ ਗਈ ਹੈ ਪਰ ਰੇਤੇ ਦੀ ਢੋਆ-ਢੁਆਈ ਵਾਲਿਆਂ ਵੱਲੋਂ ਜ਼ਿਆਦਾ ਕੀਮਤ ਵਸੂਲਣ ਨਾਲ ਲੋਕਾਂ ਨੂੰ ਮਹਿੰਗਾ ਰੇਤਾ ਮਿਲਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜੰਜੂਆ ਨੇ ਖਣਨ ਵਿਭਾਗ ਦੇ ਐਕਸੀਅਨ ਪੱਧਰ ਦੇ ਅਧਿਕਾਰੀਆਂ ਨੂੰ ਵਾਹਨਾਂ ਦੀ ਚੈਕਿੰਗ ਲਈ ਅਧਿਕਾਰਤ ਕੀਤਾ ਹੈ। ਉਹਨਾਂ ਇਸ ਕੰਮ ਨਾਲ ਜੁੜੇ ਟਰਾਂਸਪੋਰਟਰਾਂ ਨੂੰ ਵੀ ਚਿਤਾਵਨੀ ਦਿੱਤੀ। ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੂੰ ਇਹ ਵੀ ਆਖਿਆ ਗਿਆ ਹੈ ਕਿ ਰੇਤੇ ਦੀ ਢੋਆ-ਢੁਆਈ ਟਰੈਕਟਰ-ਟਰਾਲੀ ਰਾਹੀਂ ਕਰਨ ਲਈ ਕਾਨੂੰਨੀ ਤਰੀਕਾ ਲੱਭਿਆ ਜਾਵੇ ਕਿਉਕਿ ਖੇਤੀਬਾੜੀ ਲਈ ਟਰੈਕਟਰ-ਟਰਾਲੀ ਦੀ ਵਰਤੋਂ ਸਾਲ ਵਿੱਚ ਦੋ ਵਾਰ ਫਸਲ ਦੀ ਬਿਜਾਈ ਤੇ ਵਾਢੀ ਮੌਕੇ ਸੀਮਤ ਸਮੇਂ ਲਈ ਹੁੰਦੀ ਹੈ। ਇਸ ਨਾਲ ਜਿੱਥੇ ਕਿਸਾਨਾਂ ਨੂੰ ਵੀ ਆਰਥਿਕ ਮਦਦ ਮਿਲੇਗੀ ਉਥੇ ਲੋਕਾਂ ਨੂੰ ਵੀ ਵਾਜਬ ਕੀਮਤ ’ਤੇ ਰੇਤਾ ਮਿਲੇਗਾ।